ਪੁਲਿਸ ਮੁਲਾਜ਼ਮ ਨੂੰ ਸੋਸ਼ਲ ਮੀਡੀਆ ਤੋਂ ਕਮਾਈ ਕਰਨੀ ਪਈ ਮਹਿੰਗੀ, ਪ੍ਰਸ਼ਾਸ਼ਨ ਦੇ ਸ਼ਖਤ ਐਕਸ਼ਨ ਤੋਂ ਬਾਅਦ ਇੰਚਾਰਜ ਇੰਸਪੈਕਟਰ ਸਸਪੈਂਡ
ਦੇਸ਼ ਅਤੇ ਵਿਦੇਸ਼ਾਂ ਵਿੱਚ ਆਪਣੀਆਂ ਪੇਸ਼ਕਾਰੀਆਂ ਨਾਲ ਹਿਮਾਚਲ ਪੁਲਿਸ ਦਾ ਨਾਂ ਰੌਸ਼ਨ ਕਰਨ ਵਾਲੇ 'ਹਾਰਮਨੀ ਆਫ ਦ ਪਾਈਨਜ਼' ਬੈਂਡ ਦੇ ਇੰਚਾਰਜ ਵਿਜੇ ਕੁਮਾਰ ਨੂੰ ਮੁਅੱਤਲ (ਸਸਪੈਂਡ) ਕਰ ਦਿੱਤਾ ਗਿਆ ਹੈ। ਮੁਅੱਤਲੀ ਤੋਂ ਬਾਅਦ ਉਨ੍ਹਾਂ ਵਿਰੁੱਧ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ 'ਤੇ ਫੇਸਬੁੱਕ ਰਾਹੀਂ ਕਮਾਈ ਕਰਨ ਦੇ ਇਲਜ਼ਾਮ ਲੱਗੇ ਹਨ।
ਇਸ ਵਜ੍ਹਾ ਕਰਕੇ ਡਿੱਗੀ ਗਾਜ਼
ਪੁਲਿਸ ਹੈੱਡਕੁਆਰਟਰ ਵੱਲੋਂ ਜਾਰੀ ਹੁਕਮਾਂ ਅਨੁਸਾਰ, ਵਿਜੇ ਕੁਮਾਰ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਖਾਤੇ ਹਨ, ਜਿਨ੍ਹਾਂ ਤੋਂ ਉਹ ਕਮਾਈ ਕਰ ਰਹੇ ਸਨ। ਇਸੇ ਆਧਾਰ 'ਤੇ ਉਨ੍ਹਾਂ ਖਿਲਾਫ 'ਸੈਂਟਰਲ ਸਿਵਲ ਸਰਵਿਸਿਜ਼ (ਕਲਾਸੀਫਿਕੇਸ਼ਨ, ਕੰਟਰੋਲ ਐਂਡ ਅਪੀਲ) ਰੂਲਜ਼, 1965' ਦੇ ਤਹਿਤ ਕਾਰਵਾਈ ਕੀਤੀ ਗਈ ਹੈ।
ਰਿਪੋਰਟ ਪੇਸ਼ ਕਰਨ ਦੇ ਹੁਕਮ
ਪੁਲਿਸ ਹੈੱਡਕੁਆਰਟਰ ਵੱਲੋਂ ਜਾਰੀ ਹੁਕਮਾਂ ਵਿੱਚ ਪੁਲਿਸ ਲਾਈਨ ਭਰਾੜੀ ਦੇ ਡੀਐਸਪੀ ਕਮਲ ਕਿਸ਼ੋਰ ਨੂੰ ਇਸ ਮਾਮਲੇ ਦੀ ਜਾਂਚ ਸੌਂਪੀ ਗਈ ਹੈ। ਜਾਂਚ ਅਧਿਕਾਰੀ ਨੂੰ ਤਿੰਨ ਮਹੀਨਿਆਂ ਦੇ ਅੰਦਰ ਆਪਣੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਇਸ ਟੀਵੀ ਸ਼ੋਅ 'ਤੇ ਨਜ਼ਰ ਆਏ ਸੀ ਟੀਮ ਨਾਲ
ਇਸ ਬੈਂਡ ਨੇ 2022 ਵਿੱਚ ਉਸ ਸਮੇਂ ਰਾਸ਼ਟਰੀ ਪੱਧਰ 'ਤੇ ਪ੍ਰਸਿੱਧੀ ਹਾਸਲ ਕੀਤੀ, ਜਦੋਂ ਇੱਕ ਨਿੱਜੀ ਟੀਵੀ ਚੈਨਲ ਦੇ 'ਹੁਨਰਬਾਜ਼' ਟੈਲੇਂਟ ਸ਼ੋਅ ਵਿੱਚ 'ਹਾਰਮਨੀ ਆਫ ਦ ਪਾਈਨਜ਼ – ਹਿਮਾਚਲ ਪੁਲਿਸ ਆਰਕੈਸਟਰਾ' ਨੇ ਦੇਸ਼ ਭਰ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਬਾਅਦ ਪੂਰੇ ਦੇਸ਼ ਵਿੱਚ ਇਸ ਬੈਂਡ ਦੀ ਕਾਫ਼ੀ ਸ਼ਲਾਘਾ ਹੋਈ ਅਤੇ ਇਸ ਨੂੰ ਹਿਮਾਚਲ ਪੁਲਿਸ ਦੀ ਇੱਕ ਵੱਡੀ ਪ੍ਰਾਪਤੀ ਮੰਨਿਆ ਗਿਆ।
ਵਿਦੇਸ਼ਾਂ ਵਿੱਚ ਵੀ ਪੇਸ਼ਕਾਰੀਆਂ
ਇਸ ਪੁਲਿਸ ਬੈਂਡ ਨੇ ਫਰਾਂਸ, ਇਟਲੀ, ਕੈਨੇਡਾ, ਸਿੰਗਾਪੁਰ ਅਤੇ ਦੁਬਈ ਸਮੇਤ ਕਈ ਦੇਸ਼ਾਂ ਵਿੱਚ ਵੀ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ ਹਨ। ਇਸ ਤੋਂ ਇਲਾਵਾ, ਇਹ ਬੈਂਡ ਕਈ ਹੋਰ ਵੱਡੇ ਮੰਚਾਂ 'ਤੇ ਵੀ ਹਿਮਾਚਲ ਦਾ ਨਾਂ ਚਮਕਾ ਚੁੱਕਿਆ ਹੈ। ਸੂਬੇ ਦੇ ਲਗਭਗ ਹਰ ਵੱਡੇ ਸਰਕਾਰੀ ਅਤੇ ਜਨਤਕ ਪ੍ਰੋਗਰਾਮ ਵਿੱਚ ਇਹ ਬੈਂਡ ਖਿੱਚ ਦਾ ਕੇਂਦਰ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਇਹਨਾਂ ਪ੍ਰੋਗਰਾਮਾਂ ਤੋਂ ਹੋਣ ਵਾਲੀ ਆਮਦਨ ਨੂੰ ਪੁਲਿਸ ਵੈਲਫੇਅਰ ਫੰਡ ਵਿੱਚ ਜਮ੍ਹਾਂ ਕਰਵਾਇਆ ਜਾਂਦਾ ਹੈ।
ਸਾਬਕਾ ਡੀਜੀਪੀ ਸੰਜੇ ਕੁੰਡੂ ਦੇ ਕਾਰਜਕਾਲ ਦੌਰਾਨ 'ਹਾਰਮਨੀ ਆਫ ਦ ਪਾਈਨਜ਼' ਨੂੰ ਵਿਸ਼ੇਸ਼ ਤੌਰ 'ਤੇ ਉਤਸ਼ਾਹਿਤ ਕੀਤਾ ਗਿਆ ਸੀ। ਉਨ੍ਹਾਂ ਦੀ ਅਗਵਾਈ ਵਿੱਚ ਬੈਂਡ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਚਾਂ 'ਤੇ ਪ੍ਰਦਰਸ਼ਨ ਕਰਨ ਦੇ ਮੌਕੇ ਮਿਲੇ। ਅਜਿਹੇ ਵਿੱਚ, ਹੁਣ ਇਸੇ ਬੈਂਡ ਦੇ ਇੰਚਾਰਜ ਖਿਲਾਫ ਮੁਅੱਤਲੀ ਅਤੇ ਵਿਭਾਗੀ ਜਾਂਚ ਦੀ ਕਾਰਵਾਈ ਨੇ ਪੁਲਿਸ ਮਹਿਕਮੇ ਵਿੱਚ ਚਰਚਾ ਤੇਜ਼ ਕਰ ਦਿੱਤੀ ਹੈ।