Saturday, 10th of October 2026

ਹਰਿਆਣਾ ਸਰਕਾਰ ਵੱਲੋਂ ਵੱਡੀ ਕਾਰਵਾਈ, HCS ਅਧਿਕਾਰੀ ‘ਤੇ ਡਿੱਗੀ ਗਾਜ਼, ਇਸ ਵਜ੍ਹਾ ਕਰਕੇ ਕੀਤਾ ਸਸਪੈਂਡ

Edited By: Lajwinder Kaur | Updated at:
ਹਰਿਆਣਾ ਸਰਕਾਰ ਵੱਲੋਂ ਵੱਡੀ ਕਾਰਵਾਈ, HCS ਅਧਿਕਾਰੀ ‘ਤੇ ਡਿੱਗੀ ਗਾਜ਼, ਇਸ ਵਜ੍ਹਾ ਕਰਕੇ ਕੀਤਾ ਸਸਪੈਂਡ

ਹਰਿਆਣਾ ਸਰਕਾਰ ਵੱਲੋਂ ਵੱਡੀ ਕਾਰਵਾਈ, HCS ਅਧਿਕਾਰੀ ‘ਤੇ ਡਿੱਗੀ ਗਾਜ਼, ਇਸ ਵਜ੍ਹਾ ਕਰਕੇ ਕੀਤਾ ਸਸਪੈਂਡ

ਹਰਿਆਣਾ ਤੋਂ ਅਹਿਮ ਖਬਰ ਸਾਹਮਣੇ ਆਈ ਹੈ, ਜਿੱਥੇ ਕੈਥਲ ਜ਼ਿਲ੍ਹੇ ਵਿੱਚ ਕਣਕ ਦੀ ਚੁਕਾਈ ਦੇ ਟੈਂਡਰਾਂ ਵਿੱਚ ਕਥਿਤ ਬੇਨਿਯਮੀਆਂ ਅਤੇ ਲਾਪਰਵਾਹੀ ਦੇ ਦੋਸ਼ਾਂ ਹੇਠ ਸਿਟੀ ਮੈਜਿਸਟਰੇਟ (CTM) ਗੁਰਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੁੱਖ ਸਕੱਤਰ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਇਹ ਹੁਕਮ ਡੀਸੀ ਕੈਥਲ ਅਤੇ ਸਬੰਧਤ ਅਧਿਕਾਰੀ ਦੀ ਅਧਿਕਾਰਤ ਈਮੇਲ 'ਤੇ ਭੇਜ ਦਿੱਤੇ ਗਏ ਹਨ। ਇਸ ਕਾਰਵਾਈ ਦਾ ਮੁੱਖ ਕਾਰਨ ਮੰਡੀਆਂ ਵਿੱਚ ਕਣਕ ਦੀ ਚੁਕਾਈ ਦੀ ਪ੍ਰਕਿਰਿਆ ਵਿੱਚ ਹੋਈ ਦੇਰੀ ਅਤੇ ਗੜਬੜੀਆਂ ਨੂੰ ਮੰਨਿਆ ਜਾ ਰਿਹਾ ਹੈ।

ਖੁੱਲ੍ਹੇ ਅਸਮਾਨ ਹੇਠ ਪਈ ਕਣਕ

ਸੂਤਰਾਂ ਮੁਤਾਬਕ ਜ਼ਿਲ੍ਹੇ ਦੀਆਂ 30 ਮੰਡੀਆਂ ਵਿੱਚ ਕਣਕ ਦੀ ਚੁਕਾਈ ਲਈ ਟੈਂਡਰ ਪ੍ਰਕਿਰਿਆ ਮੁਕੰਮਲ ਨਹੀਂ ਹੋ ਸਕੀ ਸੀ। ਸਿਰਫ਼ 8 ਮੰਡੀਆਂ ਵਿੱਚ ਹੀ ਟੈਂਡਰ ਹੋ ਸਕੇ, ਜਦਕਿ ਬਾਕੀ ਮੰਡੀਆਂ ਵਿੱਚ ਕਣਕ ਖੁੱਲ੍ਹੇ ਅਸਮਾਨ ਹੇਠ ਪਈ ਰਹੀ। ਖ਼ਰਾਬ ਮੌਸਮ ਦੌਰਾਨ ਪੈਦਾ ਹੋਈ ਇਸ ਸਥਿਤੀ ਨੂੰ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਮੰਨਦਿਆਂ ਸਰਕਾਰ ਨੇ ਇਹ ਸਖ਼ਤ ਰੁਖ਼ ਅਖ਼ਤਿਆਰ ਕੀਤਾ ਹੈ।

ਜਾਣਕਾਰੀ ਅਨੁਸਾਰ, ਜਦੋਂ ਗੁਰਵਿੰਦਰ ਸਿੰਘ ਕੋਲ ਐਸ.ਡੀ.ਐਮ (SDM) ਦਾ ਚਾਰਜ ਸੀ, ਤਾਂ ਉਹ ਮੰਡੀਆਂ ਦੇ ਨੋਡਲ ਅਧਿਕਾਰੀ ਵੀ ਸਨ। ਇਸੇ ਦੌਰਾਨ ਜੀਂਦ ਦੀ ਇੱਕ ਫਰਮ ਨੂੰ ਟੈਂਡਰ ਦਿੱਤਾ ਗਿਆ ਸੀ, ਜਿਸ ਨੂੰ ਬਾਅਦ ਵਿੱਚ ਸੀ.ਟੀ.ਐਮ ਵੱਲੋਂ ਰੱਦ ਕਰ ਦਿੱਤਾ ਗਿਆ। ਇਸ ਫੈਸਲੇ ਖਿਲਾਫ਼ ਠੇਕੇਦਾਰ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ, ਜਿੱਥੇ ਅਦਾਲਤ ਨੇ ਸੀ.ਟੀ.ਐਮ ਦੇ ਹੁਕਮਾਂ 'ਤੇ ਰੋਕ ਲਗਾ ਦਿੱਤੀ ਸੀ।

ਇਸ ਤੋਂ ਬਾਅਦ ਡੀਸੀ ਨੇ ਪੂਰੇ ਮਾਮਲੇ ਵਿੱਚ ਸੀ.ਟੀ.ਐਮ ਅਤੇ ਖਰੀਦ ਏਜੰਸੀ ਦੇ ਅਧਿਕਾਰੀਆਂ ਤੋਂ ਸਪੱਸ਼ਟੀਕਰਨ ਮੰਗਿਆ। ਅਧਿਕਾਰੀਆਂ ਦੀ ਰਿਪੋਰਟ ਵਿੱਚ ਸੀ.ਟੀ.ਐਮ ਦੇ ਫੈਸਲੇ ਨੂੰ ਗਲਤ ਦੱਸਿਆ ਗਿਆ, ਜਿਸ ਦੇ ਆਧਾਰ 'ਤੇ ਡੀਸੀ ਨੇ ਸਰਕਾਰ ਨੂੰ ਰਿਪੋਰਟ ਭੇਜੀ। ਇਸੇ ਰਿਪੋਰਟ ਦੇ ਆਧਾਰ 'ਤੇ ਸਰਕਾਰ ਨੇ ਕਾਰਵਾਈ ਕਰਦਿਆਂ ਗੁਰਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ।

ਪ੍ਰਸ਼ਾਸਨਿਕ ਹਲਕਿਆਂ ਵਿੱਚ ਇਹ ਚਰਚਾ ਵੀ ਹੈ ਕਿ ਗੁਰਵਿੰਦਰ ਸਿੰਘ ਦਾ ਕੁਝ ਅਧਿਕਾਰੀਆਂ ਨਾਲ ਤਾਲਮੇਲ ਠੀਕ ਨਹੀਂ ਸੀ। ਸਾਬਕਾ ਡੀਸੀ ਪ੍ਰੀਤੀ ਨੇ ਵੀ ਉਨ੍ਹਾਂ ਦੀਆਂ ਕੁਝ ਸ਼ਕਤੀਆਂ ਵਾਪਸ ਲੈ ਕੇ ਐਸ.ਡੀ.ਐਮ (SDM) ਨੂੰ ਸੌਂਪ ਦਿੱਤੀਆਂ ਸਨ। ਇਸ ਤੋਂ ਇਲਾਵਾ, ਉਹ ਕਈ ਸਰਕਾਰੀ ਪ੍ਰੋਗਰਾਮਾਂ ਵਿੱਚ ਵੀ ਗ਼ੈਰ-ਹਾਜ਼ਰ ਪਾਏ ਗਏ ਸਨ।

ਦੂਜੇ ਪਾਸੇ, ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਅੱਤਲੀ ਦੀ ਸੂਚਨਾ ਸਟਾਫ਼ ਰਾਹੀਂ ਮਿਲੀ ਹੈ। ਹੁਕਮ ਉਨ੍ਹਾਂ ਦੀ ਈਮੇਲ 'ਤੇ ਆਏ ਹਨ, ਪਰ ਉਨ੍ਹਾਂ ਨੇ ਅਜੇ ਤੱਕ ਮੇਲ ਨਹੀਂ ਦੇਖੀ ਹੈ। ਉਨ੍ਹਾਂ ਕਿਹਾ ਕਿ ਉਹ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਕਰਨਗੇ।