ਬਹੁਤ ਸਾਰੇ ਸੂਬਿਆਂ 'ਚ ਬੋਰਡ ਵਾਲੀ ਜਮਾਤਾਂ ਦੇ ਨਤੀਜੇ ਆ ਰਹੇ ਹਨ। ਜਿਸ ਕਰਕੇ ਪੰਜਾਬ ਬੋਰਡ ਦੇ ਹੇਠ ਪੜ੍ਹਨ ਵਾਲੇ ਬੱਚੇ ਵੀ ਬਹੁਤ ਹੀ ਬੇਸਬਰੀ ਦੇ ਨਾਲ ਆਪੋ ਆਪਣੇ ਨਤੀਜਿਆਂ ਦਾ ਇੰਤਜ਼ਾਰ ਕਰ ਰਹੇ ਹਨ। ਦੱਸ ਦਈਏ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 10ਵੀਂ ਅਤੇ 12ਵੀਂ ਜਮਾਤ ਦੇ ਨਤੀਜਿਆਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਬੋਰਡ ਅਨੁਸਾਰ, 10ਵੀਂ ਜਮਾਤ ਦਾ ਨਤੀਜਾ 11 ਮਈ ਨੂੰ ਅਤੇ 12ਵੀਂ ਜਮਾਤ ਦਾ ਨਤੀਜਾ 13 ਮਈ ਨੂੰ ਘੋਸ਼ਿਤ ਕੀਤਾ ਜਾਵੇਗਾ, ਜਿਸ ਨਾਲ ਲਗਭਗ 5.49 ਲੱਖ ਵਿਦਿਆਰਥੀਆਂ ਦਾ ਇੰਤਜ਼ਾਰ ਖ਼ਤਮ ਹੋ ਜਾਵੇਗਾ। ਸਿੱਖਿਆ ਵਿਭਾਗ ਨੇ ਨਤੀਜੇ ਜਾਰੀ ਕਰਨ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਵਿਦਿਆਰਥੀ ਆਪਣਾ ਰੋਲ ਨੰਬਰ ਅਤੇ ਨਾਮ ਭਰ ਕੇ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਆਪਣਾ ਨਤੀਜਾ ਦੇਖ ਸਕਣਗੇ।
ਬੋਰਡ ਚੇਅਰਮੈਨ ਨੇ ਜਾਰੀ ਕੀਤਾ ਹੈਲਪਲਾਈਨ ਨੰਬਰ; ਵਿਦਿਆਰਥੀਆਂ ਨੂੰ ਦਿੱਤੀ ਅਹਿਮ ਸਲਾਹ
ਨਤੀਜਿਆਂ ਦੇ ਐਲਾਨ ਦੇ ਨਾਲ ਹੀ ਬੋਰਡ ਦੇ ਚੇਅਰਮੈਨ ਨੇ ਵਿਦਿਆਰਥੀਆਂ ਦੀ ਸਹਾਇਤਾ ਲਈ ਹੈਲਪਲਾਈਨ ਨੰਬਰ 9549-161-161 ਜਾਰੀ ਕੀਤਾ ਹੈ। ਉਨ੍ਹਾਂ ਨੇ ਪ੍ਰੀਖਿਆ ਵਿੱਚ ਫੇਲ ਹੋਣ ਜਾਂ ਘੱਟ ਨੰਬਰ ਆਉਣ ਵਾਲੇ ਵਿਦਿਆਰਥੀਆਂ ਨੂੰ ਨਿਰਾਸ਼ ਨਾ ਹੋਣ ਅਤੇ ਹਿੰਮਤ ਨਾ ਹਾਰਨ ਦੀ ਸਲਾਹ ਦਿੱਤੀ ਹੈ। ਇਸ ਸਾਲ 10ਵੀਂ ਜਮਾਤ ਦੀ ਪ੍ਰੀਖਿਆ 2.84 ਲੱਖ ਅਤੇ 12ਵੀਂ ਦੀ ਪ੍ਰੀਖਿਆ 2.65 ਲੱਖ ਵਿਦਿਆਰਥੀਆਂ ਨੇ ਦਿੱਤੀ ਸੀ। ਦੱਸਣਯੋਗ ਹੈ ਕਿ 10ਵੀਂ ਦੀਆਂ ਪ੍ਰੀਖਿਆਵਾਂ 1 ਮਾਰਚ ਤੋਂ 1 ਅਪ੍ਰੈਲ ਤੱਕ ਹੋਈਆਂ ਸਨ, ਜਦਕਿ 12ਵੀਂ ਦੀਆਂ ਪ੍ਰੀਖਿਆਵਾਂ 17 ਫਰਵਰੀ ਤੋਂ 4 ਅਪ੍ਰੈਲ ਤੱਕ ਚੱਲੀਆਂ ਸਨ।
ਮਾਰਕਸ਼ੀਟ ਸਫਲਤਾ ਦਾ ਆਖਰੀ ਪੈਮਾਨਾ ਨਹੀਂ - ਚੇਅਰਮੈਨ
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਵਿਦਿਆਰਥੀਆਂ ਨੂੰ ਅਹਿਮ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮਾਰਕਸ਼ੀਟ ਕਦੇ ਵੀ ਜੀਵਨ ਦੀ ਅੰਤਿਮ ਸਫਲਤਾ ਦਾ ਪੈਮਾਨਾ ਨਹੀਂ ਹੁੰਦੀ। ਪ੍ਰੀਖਿਆ ਦੇ ਨਤੀਜੇ ਸਿਰਫ਼ ਜੀਵਨ ਦੇ ਅਗਲੇ ਪੜਾਅ ਵੱਲ ਵਧਣ ਦਾ ਇੱਕ ਕਦਮ ਮਾਤਰ ਹਨ। ਚੇਅਰਮੈਨ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਮਿਹਨਤ 'ਤੇ ਭਰੋਸਾ ਰੱਖਣ ਅਤੇ ਕਿਸੇ ਵੀ ਸਥਿਤੀ ਵਿੱਚ ਆਪਣਾ ਹੌਸਲਾ ਨਾ ਛੱਡਣ।
ਮਿਹਨਤ ਅਤੇ ਸਕਾਰਾਤਮਕ ਸੋਚ ਹੀ ਸਫਲਤਾ ਦਾ ਆਧਾਰ - ਚੇਅਰਮੈਨ
ਚੇਅਰਮੈਨ ਨੇ ਅੱਗੇ ਕਿਹਾ ਕਿ ਸਖ਼ਤ ਮਿਹਨਤ ਅਤੇ ਸਕਾਰਾਤਮਕ ਸੋਚ ਹੀ ਸਥਾਈ ਕਾਮਯਾਬੀ ਦੀ ਬੁਨਿਆਦ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀ ਇਨ੍ਹਾਂ ਪ੍ਰੀਖਿਆਵਾਂ ਵਿੱਚ ਸਫਲ ਹੋਣਗੇ, ਉਨ੍ਹਾਂ ਲਈ ਤਰੱਕੀ ਦੇ ਨਵੇਂ ਰਾਹ ਖੁੱਲ੍ਹਣਗੇ। ਦੂਜੇ ਪਾਸੇ, ਜੋ ਵਿਦਿਆਰਥੀ ਆਪਣੀ ਉਮੀਦ ਮੁਤਾਬਕ ਅੰਕ ਹਾਸਲ ਨਹੀਂ ਕਰ ਪਾਉਂਦੇ, ਉਨ੍ਹਾਂ ਨੂੰ ਨਿਰਾਸ਼ ਹੋਣ ਦੀ ਬਜਾਏ ਨਵੇਂ ਸਿਰੇ ਤੋਂ ਕੋਸ਼ਿਸ਼ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ। ਬੋਰਡ ਵੱਲੋਂ ਵਿਦਿਆਰਥੀਆਂ ਨੂੰ ਇਹ ਸੁਨੇਹਾ ਦਿੱਤਾ ਗਿਆ ਹੈ ਕਿ ਇੱਕ ਨਤੀਜਾ ਤੁਹਾਡੀ ਪੂਰੀ ਕਾਬਲੀਅਤ ਦਾ ਫੈਸਲਾ ਨਹੀਂ ਕਰ ਸਕਦਾ, ਇਸ ਲਈ ਹਮੇਸ਼ਾ ਅੱਗੇ ਵਧਦੇ ਰਹੋ।
ਪਿਛਲੇ ਸਾਲ 16 ਅਤੇ 14 ਮਈ ਨੂੰ ਐਲਾਨੇ ਗਏ ਸਨ ਨਤੀਜੇ
ਪਿਛਲੇ ਸਾਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਜਮਾਤ ਦਾ ਨਤੀਜਾ 16 ਮਈ ਨੂੰ ਦੁਪਹਿਰ 2:30 ਵਜੇ ਐਲਾਨਿਆ ਗਿਆ ਸੀ। 10ਵੀਂ ਦੀ ਪ੍ਰੀਖਿਆ ਵਿੱਚ ਕੁੱਲ ਪਾਸ ਫੀਸਦੀ 95.61% ਰਹੀ ਸੀ, ਜਿਸ ਵਿੱਚ ਮੁੰਡਿਆਂ ਦੀ ਪਾਸ ਫੀਸਦੀ 94.50% ਅਤੇ ਕੁੜੀਆਂ ਦੀ 96.85% ਸੀ।
ਇਸੇ ਤਰ੍ਹਾਂ, ਪਿਛਲੇ ਸਾਲ 12ਵੀਂ ਜਮਾਤ ਦਾ ਨਤੀਜਾ 14 ਮਈ ਨੂੰ ਜਾਰੀ ਕੀਤਾ ਗਿਆ ਸੀ। ਇਸ ਪ੍ਰੀਖਿਆ ਵਿੱਚ ਕੁੱਲ 2,65,388 ਵਿਦਿਆਰਥੀ ਬੈਠੇ ਸਨ, ਜਿਨ੍ਹਾਂ ਵਿੱਚੋਂ 2,41,506 ਵਿਦਿਆਰਥੀ ਪਾਸ ਹੋਏ ਸਨ। 12ਵੀਂ ਜਮਾਤ ਦਾ ਕੁੱਲ ਪਾਸ ਫੀਸਦੀ 91% ਰਿਹਾ ਸੀ।