Friday, 1st of May 2026

ਰੁਪਏ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ; ਡਾਲਰ ਦੇ ਮੁਕਾਬਲੇ 95.27 ਦੇ ਹੇਠਲੇ ਪੱਧਰ 'ਤੇ ਪਹੁੰਚਿਆ, ਜਾਣੋ ਭਾਰਤ 'ਤੇ ਪਏਗਾ ਕਿਵੇਂ ਦਾ ਅਸਰ

By: GTC News Desk | Edited By: Lajwinder Kaur | Updated at: April 30th 2026 02:10 PM
ਰੁਪਏ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ; ਡਾਲਰ ਦੇ ਮੁਕਾਬਲੇ 95.27 ਦੇ ਹੇਠਲੇ ਪੱਧਰ 'ਤੇ ਪਹੁੰਚਿਆ, ਜਾਣੋ ਭਾਰਤ 'ਤੇ ਪਏਗਾ ਕਿਵੇਂ ਦਾ ਅਸਰ

ਰੁਪਏ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ; ਡਾਲਰ ਦੇ ਮੁਕਾਬਲੇ 95.27 ਦੇ ਹੇਠਲੇ ਪੱਧਰ 'ਤੇ ਪਹੁੰਚਿਆ, ਜਾਣੋ ਭਾਰਤ 'ਤੇ ਪਏਗਾ ਕਿਵੇਂ ਦਾ ਅਸਰ

ਅੱਜ ਅਪ੍ਰੈਲ ਮਹੀਨੇ ਦੇ ਅਖੀਰਲੇ ਦਿਨ ਯਾਨੀਕਿ 30 ਅਪ੍ਰੈਲ ਨੂੰ ਬਾਜ਼ਾਰ ਖੁੱਲ੍ਹਦੇ ਹੀ ਭਾਰਤੀ ਰੁਪਇਆ ਅਮਰੀਕੀ ਡਾਲਰ ਦੇ ਮੁਕਾਬਲੇ ਇੱਕ ਵਾਰ ਫਿਰ 95 ਦੇ ਪੱਧਰ ਤੋਂ ਹੇਠਾਂ ਡਿੱਗ ਗਿਆ। ਰੁਪਇਆ ਅੱਜ 95.21 ਪ੍ਰਤੀ ਡਾਲਰ ਦੇ ਕਰੀਬ ਪਹੁੰਚ ਗਿਆ ਹੈ। ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਡਾਲਰ ਦੀ ਭਾਰੀ ਮੰਗ ਕਾਰਨ ਰੁਪਿਆ ਆਪਣੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਆ ਗਿਆ ਹੈ। ਅਰਥਵਿਵਸਥਾ ਲਈ ਇਹ ਇੱਕ ਵੱਡੀ ਚੁਣੌਤੀ ਮੰਨੀ ਜਾ ਰਹੀ ਹੈ ਕਿਉਂਕਿ ਰੁਪਏ ਦੀ ਕਮਜ਼ੋਰੀ ਦਾ ਸਿੱਧਾ ਅਸਰ ਦੇਸ਼ ਵਿੱਚ ਮਹਿੰਗਾਈ 'ਤੇ ਪੈ ਸਕਦਾ ਹੈ। 

ਵੀਰਵਾਰ ਨੂੰ ਭਾਰਤੀ ਰੁਪਿਆ 95.02 ਪ੍ਰਤੀ ਡਾਲਰ ਦੇ ਪੱਧਰ 'ਤੇ ਖੁੱਲ੍ਹਿਆ, ਜੋ ਕਿ ਅਮਰੀਕੀ ਡਾਲਰ ਦੇ ਮੁਕਾਬਲੇ ਪਿਛਲੀ ਬੰਦ ਕੀਮਤ 94.84 ਤੋਂ 0.2 ਫ਼ੀਸਦੀ ਘੱਟ ਸੀ। ਇਸ ਤੋਂ ਬਾਅਦ, ਇਹ ਡਾਲਰ ਦੇ ਮੁਕਾਬਲੇ ਹੋਰ ਫਿਸਲ ਕੇ 95.27 ਦੇ ਨਵੇਂ ਰਿਕਾਰਡ ਹੇਠਲੇ ਪੱਧਰ 'ਤੇ ਪਹੁੰਚ ਗਿਆ। ਇਹ ਗਿਰਾਵਟ ਮਾਰਚ ਮਹੀਨੇ ਦੇ 95.22 ਪ੍ਰਤੀ ਡਾਲਰ ਦੇ ਪਿਛਲੇ ਰਿਕਾਰਡ ਨਿਵਾਣ ਤੋਂ ਵੀ ਜ਼ਿਆਦਾ ਹੈ, ਜਿਸ ਨਾਲ ਰੁਪਿਆ ਹੁਣ ਤੱਕ ਦੇ ਸਭ ਤੋਂ ਕਮਜ਼ੋਰ ਪੱਧਰ 'ਤੇ ਆ ਗਿਆ ਹੈ।

ਡਾਲਰ ਦੇ ਮੁਕਾਬਲੇ ਕਿਉਂ ਕਮਜ਼ੋਰ ਹੋਇਆ ਰੁਪਇਆ?

ਅੱਜ ਰੁਪਏ ਦੀ ਕੀਮਤ ਡਿੱਗਣ ਦਾ ਮੁੱਖ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਤੇਜ਼ੀ ਹੈ। ਬ੍ਰੈਂਟ ਕਰੂਡ ਫਿਊਚਰਜ਼ 122 ਡਾਲਰ ਪ੍ਰਤੀ ਬੈਰਲ ਦੇ ਅੰਕੜੇ ਤੋਂ ਉੱਪਰ ਕਾਰੋਬਾਰ ਕਰ ਰਿਹਾ ਹੈ, ਜੋ ਕਿ ਪਿਛਲੇ ਤਿੰਨ ਸਾਲਾਂ ਤੋਂ ਵੀ ਵੱਧ ਸਮੇਂ ਵਿੱਚ ਇਸ ਦਾ ਸਭ ਤੋਂ ਉੱਚਾ ਪੱਧਰ ਹੈ। ਉੱਥੇ ਹੀ, ਅਮਰੀਕੀ ਬੈਂਚਮਾਰਕ 'ਵੈਸਟ ਟੈਕਸਾਸ ਇੰਟਰਮੀਡੀਏਟ' (WTI) ਵੀ 110 ਡਾਲਰ ਪ੍ਰਤੀ ਬੈਰਲ ਦੇ ਆਸ-ਪਾਸ ਉੱਚੀਆਂ ਕੀਮਤਾਂ 'ਤੇ ਬਣਿਆ ਹੋਇਆ ਹੈ।

ਕਿਉਂਕਿ ਭਾਰਤ ਆਪਣੀ ਤੇਲ ਦੀ ਜ਼ਰੂਰਤ ਦਾ ਇੱਕ ਵੱਡਾ ਹਿੱਸਾ ਦੂਜੇ ਦੇਸ਼ਾਂ ਤੋਂ ਮੰਗਵਾਉਂਦਾ (ਆਯਾਤ ਕਰਦਾ) ਹੈ, ਇਸ ਲਈ ਤੇਲ ਮਹਿੰਗਾ ਹੋਣ ਦਾ ਮਤਲਬ ਹੈ ਕਿ ਹੁਣ ਭੁਗਤਾਨ ਲਈ ਜ਼ਿਆਦਾ ਡਾਲਰਾਂ ਦੀ ਲੋੜ ਪਵੇਗੀ। ਅਜਿਹੀ ਸਥਿਤੀ ਵਿੱਚ, ਤੇਲ ਕੰਪਨੀਆਂ ਵੱਧ ਤੋਂ ਵੱਧ ਡਾਲਰ ਖਰੀਦਣਗੀਆਂ, ਜਿਸ ਨਾਲ ਬਜ਼ਾਰ ਵਿੱਚ ਡਾਲਰ ਦੀ ਮੰਗ ਵਧੇਗੀ ਅਤੇ ਰੁਪਿਆ ਹੋਰ ਕਮਜ਼ੋਰ ਹੋ ਜਾਵੇਗਾ।

ਵਿਦੇਸ਼ੀ ਨਿਵੇਸ਼ਕਾਂ ਵੱਲੋਂ ਕੀਤੀ ਜਾ ਰਹੀ ਬਿਕਵਾਲੀ (ਸ਼ੇਅਰ ਵੇਚਣਾ) ਵੀ ਇਸ ਦਾ ਇੱਕ ਵੱਡਾ ਕਾਰਨ ਹੈ। ਅਮਰੀਕਾ ਅਤੇ ਈਰਾਨ ਦੇ ਵਿਚਕਾਰ ਵਧੇ ਤਣਾਅ ਕਾਰਨ ਵਿਸ਼ਵ ਪੱਧਰੀ ਨਿਵੇਸ਼ਕ ਭਾਰਤ ਵਰਗੇ ਜੋਖਮ ਭਰੇ ਬਾਜ਼ਾਰਾਂ ਵਿੱਚੋਂ ਪੈਸਾ ਕੱਢ ਕੇ ਸੁਰੱਖਿਅਤ ਮੰਨੇ ਜਾਣ ਵਾਲੇ ਅਮਰੀਕੀ ਡਾਲਰ ਵਿੱਚ ਲਗਾ ਰਹੇ ਹਨ। ਇਸ ਕਾਰਨ ਵੀ ਡਾਲਰ ਨੂੰ ਮਜ਼ਬੂਤੀ ਮਿਲ ਰਹੀ ਹੈ ਅਤੇ ਰੁਪਏ 'ਤੇ ਦਬਾਅ ਵਧ ਰਿਹਾ ਹੈ।

ਭਾਰਤੀ ਰਿਜ਼ਰਵ ਬੈਂਕ (RBI) ਦੀ ਸੀਮਤ ਭੂਮਿਕਾ ਵੀ ਇਸ ਗਿਰਾਵਟ ਦਾ ਇੱਕ ਮੁੱਖ ਕਾਰਨ ਹੈ। ਬੇਸ਼ੱਕ, ਰੁਪਏ ਦੀ ਸਥਿਤੀ ਨੂੰ ਸੰਭਾਲਣ ਲਈ ਆਰ.ਬੀ.ਆਈ. ਵਿਦੇਸ਼ੀ ਮੁਦਰਾ ਭੰਡਾਰ ਰਾਹੀਂ ਦਖਲ ਦੇ ਰਿਹਾ ਹੈ, ਪਰ ਲਗਾਤਾਰ ਵਧ ਰਹੀਆਂ ਤੇਲ ਦੀਆਂ ਕੀਮਤਾਂ ਅਤੇ ਮਜ਼ਬੂਤ ਹੁੰਦੇ ਡਾਲਰ ਵਰਗੇ ਵਿਸ਼ਵਵਿਆਪੀ ਕਾਰਕਾਂ (Global Factors) ਦੇ ਸਾਹਮਣੇ ਇਹ ਕੋਸ਼ਿਸ਼ਾਂ ਬਹੁਤੀਆਂ ਸਫ਼ਲ ਨਹੀਂ ਹੋ ਰਹੀਆਂ।

ਭਾਰਤ 'ਤੇ ਇਸ ਦਾ ਅਸਰ:

ਡਾਲਰ ਮਹਿੰਗਾ ਹੋਣ ਕਾਰਨ ਹੁਣ ਵਿਦੇਸ਼ ਵਿੱਚ ਪੜ੍ਹਾਈ ਕਰਨ ਤੋਂ ਲੈ ਕੇ ਘੁੰਮਣ-ਫਿਰਨ ਤੱਕ ਸਭ ਕੁਝ ਮਹਿੰਗਾ ਹੋ ਜਾਵੇਗਾ, ਕਿਉਂਕਿ ਤੁਹਾਨੂੰ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਪੈਸੇ ਖ਼ਰਚ ਕਰਨੇ ਪੈਣਗੇ। ਇਸ ਤੋਂ ਇਲਾਵਾ, ਸਮਾਰਟਫ਼ੋਨ ਅਤੇ ਲੈਪਟਾਪ ਵਰਗੀਆਂ ਬਾਹਰੋਂ ਮੰਗਵਾਈਆਂ ਜਾਣ ਵਾਲੀਆਂ ਹੋਰ ਇਲੈਕਟ੍ਰਾਨਿਕ ਵਸਤੂਆਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਵੇਗਾ। ਰੁਪਿਆ ਕਮਜ਼ੋਰ ਹੋਣ ਨਾਲ ਤੇਲ ਕੰਪਨੀਆਂ ਦੀ ਲਾਗਤ ਹੋਰ ਵਧ ਜਾਵੇਗੀ, ਜਿਸ ਕਾਰਨ ਘਰੇਲੂ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਵਧਣ ਦੇ ਪੂਰੇ ਆਸਾਰ ਹਨ।

Latest News