Friday, 12th of June 2026

15 ਜੂਨ ਤੋਂ ਪਹਿਲਾਂ ਜ਼ਰੂਰ ਨਿਪਟਾ ਲਓ ਇਹ ਸਰਕਾਰੀ ਕੰਮ, ਨਹੀਂ ਤਾਂ ਲੱਗੇਗਾ ਭਾਰੀ ਜੁਰਮਾਨਾ

Edited By: Lajwinder Kaur | Updated at: June 12th 2026 01:15 PM
Trending News
15 ਜੂਨ ਤੋਂ ਪਹਿਲਾਂ ਜ਼ਰੂਰ ਨਿਪਟਾ ਲਓ ਇਹ ਸਰਕਾਰੀ ਕੰਮ, ਨਹੀਂ ਤਾਂ ਲੱਗੇਗਾ ਭਾਰੀ ਜੁਰਮਾਨਾ

15 ਜੂਨ ਤੋਂ ਪਹਿਲਾਂ ਜ਼ਰੂਰ ਨਿਪਟਾ ਲਓ ਇਹ ਸਰਕਾਰੀ ਕੰਮ, ਨਹੀਂ ਤਾਂ ਲੱਗੇਗਾ ਭਾਰੀ ਜੁਰਮਾਨਾ

ਜੂਨ ਦਾ ਮਹੀਨਾ ਟੈਕਸ ਭਰਨ ਵਾਲਿਆਂ ਲਈ ਬਹੁਤ ਮਹੱਤਵਪੂਰਨ ਹੈ। ਇਸ ਮਹੀਨੇ ਐਡਵਾਂਸ ਟੈਕਸ (Advance Tax) ਦੀ ਪਹਿਲੀ ਕਿਸ਼ਤ ਜਮ੍ਹਾਂ ਕਰਵਾਉਣ ਦੀ ਆਖਰੀ ਤਰੀਕ 15 ਜੂਨ 2026 ਹੈ। ਜਿਨ੍ਹਾਂ ਕਰਦਾਤਿਆਂ ਦੀ ਸਾਲਾਨਾ ਟੈਕਸ ਦੇਣਦਾਰੀ 10,000 ਰੁਪਏ ਤੋਂ ਵੱਧ ਹੈ, ਉਨ੍ਹਾਂ ਨੂੰ ਸਮੇਂ ਸਿਰ ਇਸ ਦਾ ਭੁਗਤਾਨ ਕਰ ਦੇਣਾ ਚਾਹੀਦਾ ਹੈ। ਜੇਕਰ ਤੁਸੀਂ ਸਮੇਂ ਸਿਰ ਟੈਕਸ ਨਹੀਂ ਭਰਦੇ, ਤਾਂ ਤੁਹਾਨੂੰ ਵਾਧੂ ਵਿਆਜ ਭਰਨਾ ਪੈ ਸਕਦਾ ਹੈ।

ਐਡਵਾਂਸ ਟੈਕਸ ਕੀ ਹੈ?

ਐਡਵਾਂਸ ਟੈਕਸ ਦਾ ਮਤਲਬ ਹੈ ਇਨਕਮ ਟੈਕਸ ਦਾ ਪਹਿਲਾਂ ਤੋਂ ਭੁਗਤਾਨ ਕਰਨਾ। ਇਸ ਵਿੱਚ ਸਾਲ ਦੇ ਅੰਤ ਵਿੱਚ ਇੱਕੋ ਵਾਰ ਟੈਕਸ ਭਰਨ ਦੀ ਬਜਾਏ, ਸਾਲ ਭਰ ਕਿਸ਼ਤਾਂ ਵਿੱਚ ਟੈਕਸ ਚੁਕਾਇਆ ਜਾਂਦਾ ਹੈ। ਇਸ ਨੂੰ 'ਕਮਾਓ ਅਤੇ ਟੈਕਸ ਚੁਕਾਓ' ਸਕੀਮ ਵੀ ਕਿਹਾ ਜਾਂਦਾ ਹੈ। ਜੇਕਰ ਤੁਹਾਡੀ ਟੈਕਸ ਦੇਣਦਾਰੀ 10,000 ਰੁਪਏ ਤੋਂ ਵੱਧ ਬਣਦੀ ਹੈ, ਤਾਂ ਤੁਹਾਡੇ ਲਈ ਇਹ ਟੈਕਸ ਭਰਨਾ ਲਾਜ਼ਮੀ ਹੈ।

ਐਡਵਾਂਸ ਟੈਕਸ ਕੌਣ ਭਰਦਾ ਹੈ?

ਐਡਵਾਂਸ ਟੈਕਸ ਸਿਰਫ਼ ਕਾਰੋਬਾਰੀ ਹੀ ਨਹੀਂ, ਸਗੋਂ ਨੌਕਰੀਪੇਸ਼ਾ ਲੋਕ ਵੀ ਭਰਦੇ ਹਨ। ਕਈ ਵਾਰ ਤੁਹਾਨੂੰ ਆਪਣੀ ਹੋਰ ਆਮਦਨ 'ਤੇ ਵੀ ਟੈਕਸ ਦੇਣਾ ਪੈਂਦਾ ਹੈ, ਜਿਵੇਂ ਕਿ ਬੈਂਕ ਐਫ.ਡੀ. (FD) ਤੋਂ ਮਿਲਿਆ ਵਿਆਜ, ਕਿਰਾਏ ਤੋਂ ਹੋਣ ਵਾਲੀ ਕਮਾਈ, ਸ਼ੇਅਰਾਂ ਜਾਂ ਸੰਪੱਤੀ ਤੋਂ ਹੋਣ ਵਾਲਾ ਮੁਨਾਫ਼ਾ (Capital Gains), ਡਿਵੀਡੈਂਡ ਦੀ ਆਮਦਨ, ਜਾਂ ਫ੍ਰੀਲਾਂਸਿੰਗ ਰਾਹੀਂ ਕੀਤੀ ਗਈ ਕਮਾਈ। ਅਜਿਹੀ ਸਥਿਤੀ ਵਿੱਚ, ਇਨ੍ਹਾਂ ਸਰੋਤਾਂ ਤੋਂ ਹੋਣ ਵਾਲੀ ਆਮਦਨ 'ਤੇ ਟੈਕਸ ਦੇਣ ਲਈ ਐਡਵਾਂਸ ਟੈਕਸ ਭਰਨਾ ਜ਼ਰੂਰੀ ਹੁੰਦਾ ਹੈ।

ਐਡਵਾਂਸ ਟੈਕਸ ਭਰਨ ਦੀਆਂ ਤਰੀਕਾਂ:

ਐਡਵਾਂਸ ਟੈਕਸ ਨੂੰ ਚਾਰ ਕਿਸ਼ਤਾਂ ਵਿੱਚ ਜਮ੍ਹਾਂ ਕਰਵਾਇਆ ਜਾਂਦਾ ਹੈ। ਪਹਿਲੀ ਕਿਸ਼ਤ ਭਰਨ ਦੀ ਆਖਰੀ ਤਰੀਕ 15 ਜੂਨ ਹੈ, ਜਿਸ ਵਿੱਚ ਕੁੱਲ ਟੈਕਸ ਦਾ 15 ਫੀਸਦੀ ਹਿੱਸਾ ਭਰਨਾ ਹੁੰਦਾ ਹੈ। ਇਸ ਤੋਂ ਬਾਅਦ, ਦੂਜੀ ਕਿਸ਼ਤ ਭਰਨ ਦੀ ਤਰੀਕ 15 ਸਤੰਬਰ (45%), ਤੀਜੀ ਕਿਸ਼ਤ ਦੀ ਤਰੀਕ 15 ਦਸੰਬਰ (75%) ਅਤੇ ਚੌਥੀ ਜਾਂ ਆਖਰੀ ਕਿਸ਼ਤ ਭਰਨ ਦੀ ਤਰੀਕ 15 ਮਾਰਚ (100%) ਨਿਰਧਾਰਤ ਕੀਤੀ ਗਈ ਹੈ।

ਐਡਵਾਂਸ ਟੈਕਸ ਸਮੇਂ ਸਿਰ ਨਾ ਭਰਨ 'ਤੇ ਕੀ ਹੋਵੇਗਾ?

ਜੇਕਰ ਤੁਸੀਂ ਸਮੇਂ ਸਿਰ ਐਡਵਾਂਸ ਟੈਕਸ ਨਹੀਂ ਭਰਦੇ ਜਾਂ ਘੱਟ ਰਕਮ ਜਮ੍ਹਾਂ ਕਰਵਾਉਂਦੇ ਹੋ, ਤਾਂ ਇਨਕਮ ਟੈਕਸ ਦੀ ਧਾਰਾ 234B ਅਤੇ 234C ਤਹਿਤ ਤੁਹਾਨੂੰ ਵਾਧੂ ਵਿਆਜ ਭਰਨਾ ਪੈ ਸਕਦਾ ਹੈ।

ਘਰ ਬੈਠੇ ਐਡਵਾਂਸ ਟੈਕਸ ਕਿਵੇਂ ਭਰੀਏ?

ਖੁਦ ਆਨਲਾਈਨ ਐਡਵਾਂਸ ਟੈਕਸ ਭਰਨ ਲਈ ਸਭ ਤੋਂ ਪਹਿਲਾਂ ਇਨਕਮ ਟੈਕਸ ਦੇ ਈ-ਫਾਈਲਿੰਗ ਪੋਰਟਲ 'ਤੇ ਜਾਓ ਅਤੇ 'ਈ-ਪੇ ਟੈਕਸ' (e-Pay Tax) ਸੈਕਸ਼ਨ 'ਤੇ ਕਲਿੱਕ ਕਰੋ। ਹੁਣ ਇਸ ਵਿੱਚ ਆਪਣਾ ਅਸੈਸਮੈਂਟ ਸਾਲ, ਟੈਕਸ ਦੀ ਕਿਸਮ (ਐਡਵਾਂਸ ਟੈਕਸ) ਅਤੇ ਚਲਾਨ 280 ਚੁਣੋ। ਇਸ ਤੋਂ ਬਾਅਦ ਆਪਣਾ ਪੈਨ (PAN) ਨੰਬਰ ਅਤੇ ਬਾਕੀ ਜ਼ਰੂਰੀ ਜਾਣਕਾਰੀ ਭਰੋ। ਅੰਤ ਵਿੱਚ, ਤੁਸੀਂ ਡੈਬਿਟ ਕਾਰਡ ਜਾਂ ਨੈੱਟ ਬੈਂਕਿੰਗ ਰਾਹੀਂ ਭੁਗਤਾਨ ਕਰ ਸਕਦੇ ਹੋ। ਟ੍ਰਾਂਜੈਕਸ਼ਨ ਪੂਰੀ ਹੁੰਦੇ ਹੀ ਤੁਹਾਨੂੰ ਇੱਕ ਚਲਾਨ ਰਸੀਦ ਮਿਲੇਗੀ, ਜਿਸ ਨੂੰ ਭਵਿੱਖ ਲਈ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਹੈ।

Latest News