Friday, 14th of August 2026

ਤੇਲ ਤੋਂ ਬਾਅਦ ਹੁਣ ਸੋਨੇ ਦੀਆਂ ਕੀਮਤਾਂ ਨੇ ਮੁੜ ਫੜੀ ਰਫ਼ਤਾਰ, ਜਾਣੋ ਅੱਜ 10 ਗ੍ਰਾਮ ਸੋਨੇ ਦਾ ਕੀ ਹੈ ਭਾਅ?

Edited By: Lajwinder Kaur | Updated at: March 12th 2026 03:02 PM
Trending News
ਤੇਲ ਤੋਂ ਬਾਅਦ ਹੁਣ ਸੋਨੇ ਦੀਆਂ ਕੀਮਤਾਂ ਨੇ ਮੁੜ ਫੜੀ ਰਫ਼ਤਾਰ, ਜਾਣੋ ਅੱਜ 10 ਗ੍ਰਾਮ ਸੋਨੇ ਦਾ ਕੀ ਹੈ ਭਾਅ?

ਤੇਲ ਤੋਂ ਬਾਅਦ ਹੁਣ ਸੋਨੇ ਦੀਆਂ ਕੀਮਤਾਂ ਨੇ ਮੁੜ ਫੜੀ ਰਫ਼ਤਾਰ, ਜਾਣੋ ਅੱਜ 10 ਗ੍ਰਾਮ ਸੋਨੇ ਦਾ ਕੀ ਹੈ ਭਾਅ?

Gold Prices: ਭਾਰਤ ਵਿੱਚ ਅੱਜ ਸੋਨੇ ਦੀਆਂ ਕੀਮਤਾਂ ਵਿੱਚ ਤੇਜ਼ੀ ਦੇਖੀ ਜਾ ਰਹੀ ਹੈ। ਅੱਜ 24 ਕੈਰੇਟ ਸੋਨੇ ਦੀ ਕੀਮਤ ਲਗਭਗ 16,331 ਰੁਪਏ ਪ੍ਰਤੀ ਗ੍ਰਾਮ ਹੈ, ਜੋ ਕਿ ਕੱਲ੍ਹ ਦੇ ਮੁਕਾਬਲੇ 93 ਰੁਪਏ ਜ਼ਿਆਦਾ ਹੈ। ਇਸੇ ਤਰ੍ਹਾਂ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ ਹੁਣ 1,63,310 ਰੁਪਏ ਦੇ ਕਰੀਬ ਪਹੁੰਚ ਗਈ ਹੈ, ਜਦਕਿ 100 ਗ੍ਰਾਮ ਸੋਨੇ ਦੀ ਕੀਮਤ ਲਗਭਗ 16,33,100 ਰੁਪਏ ਹੈ।

22 ਅਤੇ 18 ਕੈਰੇਟ ਸੋਨੇ ਦੀਆਂ ਕੀਮਤਾਂ ਵਿੱਚ ਵੀ ਵਾਧਾ: ਜਾਣੋ ਅੱਜ ਦੇ ਰੇਟ

ਦੇਸ਼ ਵਿੱਚ ਅੱਜ 24 ਕੈਰੇਟ ਦੇ ਨਾਲ-ਨਾਲ 22 ਕੈਰੇਟ ਸੋਨੇ ਦੀ ਕੀਮਤ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ। ਅੱਜ 22 ਕੈਰੇਟ ਸੋਨੇ ਦੀ ਕੀਮਤ ਲਗਭਗ 14,970 ਰੁਪਏ ਪ੍ਰਤੀ ਗ੍ਰਾਮ ਹੈ। ਘਰੇਲੂ ਬਾਜ਼ਾਰ ਵਿੱਚ 10 ਗ੍ਰਾਮ 22 ਕੈਰੇਟ ਸੋਨੇ ਦਾ ਭਾਅ 1,49,700 ਰੁਪਏ ਦੇ ਆਸ-ਪਾਸ ਹੈ, ਜਦਕਿ 100 ਗ੍ਰਾਮ ਦੀ ਕੀਮਤ ਲਗਭਗ 14,97,000 ਰੁਪਏ ਹੈ।

ਇਸੇ ਤਰ੍ਹਾਂ 18 ਕੈਰੇਟ ਸੋਨੇ ਦੀ ਕੀਮਤ ਅੱਜ ਲਗਭਗ 12,248 ਰੁਪਏ ਪ੍ਰਤੀ ਗ੍ਰਾਮ ਹੈ, ਜੋ ਕਿ ਕੱਲ੍ਹ ਦੇ ਮੁਕਾਬਲੇ 69 ਰੁਪਏ ਦਾ ਵਾਧਾ ਦਰਸਾਉਂਦੀ ਹੈ। ਅੱਜ 10 ਗ੍ਰਾਮ 18 ਕੈਰੇਟ ਸੋਨੇ ਦੀ ਕੀਮਤ ਲਗਭਗ 1,22,480 ਰੁਪਏ ਹੈ, ਜਦਕਿ 100 ਗ੍ਰਾਮ ਸੋਨੇ ਦਾ ਭਾਅ ਲਗਭਗ 12,24,800 ਰੁਪਏ ਦੇ ਕਰੀਬ ਹੈ।

ਕਿਉਂ ਵਧ ਰਹੀਆਂ ਹਨ ਕੀਮਤਾਂ? ਜਾਣੋ ਮਾਹਿਰਾਂ ਦੀ ਰਾਏ

ਮਾਹਿਰਾਂ ਦਾ ਮੰਨਣਾ ਹੈ ਕਿ ਸੋਨੇ ਦੀਆਂ ਕੀਮਤਾਂ ਨੂੰ ਭੂ-ਸਿਆਸੀ (Geopolitical) ਅਨਿਸ਼ਚਿਤਤਾ ਕਾਰਨ ਮਜ਼ਬੂਤ ਸਹਾਰਾ ਮਿਲ ਰਿਹਾ ਹੈ, ਪਰ ਵੱਡੇ ਆਰਥਿਕ ਕਾਰਕ (Macroeconomic factors) ਵੀ ਉਨੇ ਹੀ ਅਹਿਮ ਹਨ। ਨਿਵੇਸ਼ਕ ਵਿਸ਼ਵ ਪੱਧਰੀ ਮਹਿੰਗਾਈ ਦੇ ਰੁਝਾਨ ਅਤੇ ਕੇਂਦਰੀ ਬੈਂਕਾਂ ਦੀਆਂ ਨੀਤੀਆਂ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਇਸ ਦੌਰਾਨ, ਅੱਜ ਕੱਚੇ ਤੇਲ (Crude Oil) ਦੀ ਕੀਮਤ 100 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਜਾਣ ਦਾ ਅਸਰ ਵੀ ਸੋਨੇ ਦੀਆਂ ਕੀਮਤਾਂ 'ਤੇ ਸਾਫ਼ ਦੇਖਣ ਨੂੰ ਮਿਲ ਰਿਹਾ ਹੈ।

ਕੱਚੇ ਤੇਲ ਅਤੇ ਸੋਨੇ ਦਾ ਸਬੰਧ

ਆਮ ਤੌਰ 'ਤੇ ਜਦੋਂ ਕੱਚੇ ਤੇਲ ਦੀਆਂ ਕੀਮਤਾਂ ਵਧਦੀਆਂ ਹਨ, ਤਾਂ ਸੋਨਾ ਵੀ ਮਹਿੰਗਾ ਹੋ ਜਾਂਦਾ ਹੈ। ਕੱਚਾ ਤੇਲ ਮਹਿੰਗਾ ਹੋਣ ਨਾਲ ਮਾਲ ਦੀ ਢੋਆ-ਢੁਆਈ ਤੋਂ ਲੈ ਕੇ ਮੈਨੂਫੈਕਚਰਿੰਗ ਤੱਕ ਦਾ ਖਰਚਾ ਵਧ ਜਾਂਦਾ ਹੈ। ਇਸ ਕਾਰਨ ਮਹਿੰਗਾਈ ਵਧਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ ਅਤੇ ਸੋਨੇ ਨੂੰ ਹਮੇਸ਼ਾ ਮਹਿੰਗਾਈ ਦੇ ਖਿਲਾਫ਼ ਇੱਕ ਸੁਰੱਖਿਅਤ ਨਿਵੇਸ਼ ਮੰਨਿਆ ਜਾਂਦਾ ਰਿਹਾ ਹੈ।

ਡਾਲਰ ਦੀ ਕੀਮਤ ਅਤੇ ਸੋਨੇ ਦੀ ਮੰਗ: ਕਿਵੇਂ ਤੇਲ ਦੀਆਂ ਕੀਮਤਾਂ ਪਾਉਂਦੀਆਂ ਅਸਰ

ਇਸ ਤੋਂ ਇਲਾਵਾ, ਤੇਲ ਦੀ ਕੀਮਤ ਦਾ ਅਸਰ ਡਾਲਰ ਦੀ ਵੈਲਿਊ (ਕੀਮਤ) 'ਤੇ ਵੀ ਪੈਂਦਾ ਹੈ ਕਿਉਂਕਿ ਦੁਨੀਆ ਭਰ ਵਿੱਚ ਤੇਲ ਦਾ ਕਾਰੋਬਾਰ ਡਾਲਰ ਰਾਹੀਂ ਹੀ ਹੁੰਦਾ ਹੈ। ਜਦੋਂ ਤੇਲ ਮਹਿੰਗਾ ਹੁੰਦਾ ਹੈ, ਤਾਂ ਅਮਰੀਕਾ ਵਰਗੇ ਤੇਲ ਦਰਾਮਦ (Import) ਕਰਨ ਵਾਲੇ ਦੇਸ਼ਾਂ ਦਾ ਖਰਚਾ ਵਧ ਜਾਂਦਾ ਹੈ। ਇਸ ਕਾਰਨ ਕਈ ਵਾਰ ਡਾਲਰ ਕਮਜ਼ੋਰ ਹੋ ਜਾਂਦਾ ਹੈ। ਡਾਲਰ ਦੇ ਕਮਜ਼ੋਰ ਹੋਣ 'ਤੇ ਨਿਵੇਸ਼ਕ ਸੁਰੱਖਿਅਤ ਵਿਕਲਪ ਵਜੋਂ ਸੋਨੇ ਨੂੰ ਹੀ ਅਪਣਾਉਂਦੇ ਹਨ। ਹੁਣ ਜ਼ਾਹਿਰ ਹੈ ਕਿ ਜੇਕਰ ਸੋਨੇ ਦੀ ਮੰਗ ਵਧੇਗੀ, ਤਾਂ ਇਸ ਦੀ ਕੀਮਤ ਵਿੱਚ ਵੀ ਵਾਧਾ ਹੋਵੇਗਾ।

ਚਾਂਦੀ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ

ਭਾਰਤ ਵਿੱਚ ਅੱਜ ਚਾਂਦੀ ਦੀ ਕੀਮਤ 280 ਰੁਪਏ ਪ੍ਰਤੀ ਗ੍ਰਾਮ ਅਤੇ 2,80,000 ਰੁਪਏ ਪ੍ਰਤੀ ਕਿਲੋ ਹੈ। ਕੱਲ੍ਹ ਦੇ ਮੁਕਾਬਲੇ ਇਸ ਵਿੱਚ ਕਰਮਵਾਰ 10 ਰੁਪਏ ਅਤੇ 10,000 ਰੁਪਏ ਦੀ ਵੱਡੀ ਗਿਰਾਵਟ ਦੇਖੀ ਜਾ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਗਲੋਬਲ ਮਾਰਕੀਟ (ਵਿਸ਼ਵ ਬਾਜ਼ਾਰ) ਵਿੱਚ ਉਤਾਰ-ਚੜ੍ਹਾਅ ਅਤੇ ਨਿਵੇਸ਼ਕਾਂ ਵੱਲੋਂ ਕੀਤੀ ਗਈ ਮੁਨਾਫਾਖੋਰੀ (Profit booking) ਕਾਰਨ ਇਹ ਵੱਡੀ ਗਿਰਾਵਟ ਆਈ ਹੈ।

Punjabi Shorts

Latest News