Sunday, 11th of October 2026

ਬਰਨਾਲਾ ਤੋਂ ਵੱਡੀ ਖਬਰ! ਪਿੰਡ ਖੁੱਡੀ ਕਲਾਂ ਦੇ ਸਰਪੰਚ ਸਸਪੈਂਡ, ਜਾਣੋ ਕਿਸ ਮਾਮਲੇ ਦੇ ਚੱਲਦੇ ਡਿੱਗੀ ਗਾਜ਼…

Edited By: Lajwinder Kaur | Updated at:
ਬਰਨਾਲਾ ਤੋਂ ਵੱਡੀ ਖਬਰ! ਪਿੰਡ ਖੁੱਡੀ ਕਲਾਂ ਦੇ ਸਰਪੰਚ ਸਸਪੈਂਡ, ਜਾਣੋ ਕਿਸ ਮਾਮਲੇ ਦੇ ਚੱਲਦੇ ਡਿੱਗੀ ਗਾਜ਼…

ਬਰਨਾਲਾ ਤੋਂ ਵੱਡੀ ਖਬਰ! ਪਿੰਡ ਖੁੱਡੀ ਕਲਾਂ ਦੇ ਸਰਪੰਚ ਸਸਪੈਂਡ, ਜਾਣੋ ਕਿਸ ਮਾਮਲੇ ਦੇ ਚੱਲਦੇ ਡਿੱਗੀ ਗਾਜ਼…

ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਬਰਨਾਲਾ ਅਧੀਨ ਪੈਂਦੇ ਪਿੰਡ ਖੁੱਡੀ ਕਲਾਂ ਦੇ ਮੌਜੂਦਾ ਸਰਪੰਚ ਸਿਮਰਜੀਤ ਸਿੰਘ ਨੂੰ ਸਰਕਾਰੀ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਦੇ ਇਲਜ਼ਾਮ ਤਹਿਤ ਸਸਪੈਂਡ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ (DDPO) ਬਰਨਾਲਾ ਦੇ ਹੁਕਮਾਂ 'ਤੇ ਕੀਤੀ ਗਈ ਹੈ।

ਕੀ ਹੈ ਮਾਮਲਾ?

ਵਿਭਾਗੀ ਅਧਿਕਾਰੀਆਂ ਅਨੁਸਾਰ, 13 ਜੂਨ 2026 ਨੂੰ ਮਾਲ ਵਿਭਾਗ ਅਤੇ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਪਿੰਡ ਦੀ ਪੰਚਾਇਤੀ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਗਈ ਸੀ। ਇਸ ਦੌਰਾਨ ਸਰਪੰਚ ਸਿਮਰਜੀਤ ਸਿੰਘ 0 ਕਨਾਲ 5 ਮਰਲੇ ਜ਼ਮੀਨ 'ਤੇ ਨਾਜਾਇਜ਼ ਕਾਬਜ਼ ਪਾਏ ਗਏ ਸਨ। ਪਿੰਡ ਦੇ ਇੱਕ ਵਾਸੀ ਸਤਨਾਮ ਸਿੰਘ ਵੱਲੋਂ ਮਿਲੀ ਸ਼ਿਕਾਇਤ ਅਤੇ ਬੀ.ਡੀ.ਪੀ.ਓ. (BDPO) ਦੀ ਰਿਪੋਰਟ ਦੇ ਆਧਾਰ 'ਤੇ ਇਹ ਸਖ਼ਤ ਕਾਰਵਾਈ ਅਮਲ ਵਿੱਚ ਲਿਆਉਂਦੀ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਨਿਯਮਾਂ ਅਨੁਸਾਰ ਅਗਲੇ ਇੱਕ ਹਫ਼ਤੇ ਵਿੱਚ ਪੰਚਾਇਤ ਮੈਂਬਰਾਂ ਨਾਲ ਮੀਟਿੰਗ ਕਰਕੇ ਕਿਸੇ ਹੋਰ ਪੰਚ ਨੂੰ ਜ਼ਿੰਮੇਵਾਰੀ ਸੌਂਪੀ ਜਾਵੇਗੀ, ਜਾਂ ਫਿਰ ਕਿਸੇ ਪ੍ਰਬੰਧਕ ਨੂੰ ਨਿਯੁਕਤ ਕੀਤਾ ਜਾਵੇਗਾ।

ਸਰਪੰਚ ਬੋਲਿਆ ਰਾਜਨੀਤਿਕ ਬਦਲੇਖੋਰੀ ਤੋਂ ਪ੍ਰੇਰਿਤ ਇਹ ਮਾਮਲਾ

ਦੂਜੇ ਪਾਸੇ ਸਸਪੈਂਡ ਹੋਏ ਸਰਪੰਚ ਸਿਮਰਜੀਤ ਸਿੰਘ ਨੇ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰੀ ਕਾਰਵਾਈ ਰਾਜਨੀਤਿਕ ਦਬਾਅ ਹੇਠ ਕੀਤੀ ਗਈ ਹੈ। ਸਰਪੰਚ ਨੇ ਦਾਅਵਾ ਕੀਤਾ ਕਿ ਨਿਸ਼ਾਨਦੇਹੀ ਸਮੇਂ ਨਾ ਤਾਂ ਉਨ੍ਹਾਂ ਨੂੰ ਅਤੇ ਨਾ ਹੀ ਕਿਸੇ ਪੰਚਾਇਤ ਮੈਂਬਰ ਨੂੰ ਸੱਦਿਆ ਗਿਆ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਨੋਟਿਸ ਦਿੱਤਾ ਗਿਆ। ਉਨ੍ਹਾਂ ਕਿਹਾ, "ਜਿਸ ਜ਼ਮੀਨ ਦੇ ਕਬਜ਼ੇ ਦੀ ਗੱਲ ਕੀਤੀ ਜਾ ਰਹੀ ਹੈ, ਉਹ ਮੇਰੇ ਬਜ਼ੁਰਗਾਂ ਦਾ ਬਟਾਂਦਰਾ ਹੈ। ਜਦੋਂ ਇਹ ਕਥਿਤ ਕਬਜ਼ਾ ਸ਼ੁਰੂ ਹੋਇਆ, ਉਦੋਂ ਮੇਰੀ ਉਮਰ ਸਿਰਫ ਪੰਜ ਸਾਲ ਸੀ, ਫਿਰ ਮੈਂ ਕਿਵੇਂ ਕਬਜ਼ਾ ਕਰ ਸਕਦਾ ਹਾਂ?"

ਪੰਚਾਇਤ ਮੈਂਬਰ ਆਏ ਸਰਪੰਚ ਦੇ ਹੱਕ ਵਿੱਚ

ਸਿਮਰਜੀਤ ਸਿੰਘ ਦੇ ਹੱਕ ਵਿੱਚ ਪਿੰਡ ਦੇ ਕੁੱਲ 9 ਵਿੱਚੋਂ 8 ਪੰਚਾਇਤ ਮੈਂਬਰ ਖੜ੍ਹੇ ਹੋ ਗਏ ਹਨ। ਉਨ੍ਹਾਂ ਨੇ ਵਿਭਾਗੀ ਕਾਰਵਾਈ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਸਰਪੰਚ ਨੂੰ ਜਾਣ-ਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਰਪੰਚ ਨੇ ਐਲਾਨ ਕੀਤਾ ਹੈ ਕਿ ਉਹ ਇਸ ਨਾਜਾਇਜ਼ ਸਸਪੈਂਸ਼ਨ ਖਿਲਾਫ ਮਾਣਯੋਗ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਗੇ।

ਇਸ ਮਾਮਲੇ ਨੇ ਪਿੰਡ ਵਿੱਚ ਰਾਜਨੀਤਿਕ ਗਰਮਾਹਟ ਵਧਾ ਦਿੱਤੀ ਹੈ ਅਤੇ ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਇਸ 'ਤੇ ਕੀ ਅਗਲਾ ਰੁਖ਼ ਅਖਤਿਆਰ ਕਰਦਾ ਹੈ।