ਅੰਮ੍ਰਿਤਸਰ ‘ਚ ASI ਦਾ ਗੋਲੀਆਂ ਮਾਰ ਕੇ ਕਤਲ: ਰਾਤ ਦੀ ਡਿਊਟੀ ਦੌਰਾਨ ਬਾਈਕ 'ਤੇ ਆਏ ਹਮਲਾਵਰਾਂ ਨੇ ਕੀਤੀ ਫਾਇਰਿੰਗ; CM ਮਾਨ ਨੇ ਜਤਾਇਆ ਦੁੱਖ
ਅੰਮ੍ਰਿਤਸਰ ਵਿੱਚ ਇੱਕ ਏ.ਐੱਸ.ਆਈ (ASI) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਥਾਣਾ ਗੇਟ ਹਕੀਮਾਂ ਵਿੱਚ ਤਾਇਨਾਤ ASI ਹਰਜੀਤ ਸਿੰਘ ਵੀਰਵਾਰ ਰਾਤ ਕਰੀਬ 2:30 ਵਜੇ ਦਾਣਾ ਮੰਡੀ ਕੋਲ ਮੋਟਰਸਾਈਕਲ 'ਤੇ ਗਸ਼ਤ ਕਰ ਰਹੇ ਸਨ। ਇਸੇ ਦੌਰਾਨ ਕੁਝ ਅਣਪਛਾਤੇ ਵਿਅਕਤੀਆਂ ਲੋਕਾਂ ਨੇ ਉਨ੍ਹਾਂ ਉੱਤੇ ਗੋਲੀਆਂ ਚਲਾ ਦਿੱਤੀਆਂ।
ਗੋਲੀ ਲੱਗਣ ਨਾਲ ਏ.ਐੱਸ.ਆਈ ਹਰਜੀਤ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਪਰ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਘਟਨਾ ਦੀ ਜ਼ਿੰਮੇਵਾਰੀ ਅਤੇ ਮੁੱਖ ਮੰਤਰੀ ਦਾ ਐਲਾਨ
ਘਟਨਾ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਹਿੰਦੁਸਤਾਨ (TTH) ਨੇ ਲਈ ਹੈ। ਹਾਲਾਂਕਿ, ਅਜੇ ਇਸ ਦੀ ਪੁਸ਼ਟੀ ਪੁਲਿਸ ਨੇ ਨਹੀਂ ਕੀਤੀ। ਜੀਟੀਸੀ ਨਿਊਜ਼ ਵੀ ਇਸ ਵਾਇਰਲ ਹੋ ਰਹੀ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਹੈ।
CM ਮਾਨ ਵੱਲੋਂ ਜਤਾਇਆ ਦੁੱਖ
ਉੱਧਰ, ਮੁੱਖ ਮੰਤਰੀ ਭਗਵੰਤ ਮਾਨ ਨੇ ਏ.ਐੱਸ.ਆਈ. ਦੇ ਕਤਲ 'ਤੇ ਦੁੱਖ ਪ੍ਰਗਟ ਕੀਤਾ ਅਤੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ- ਅੰਮ੍ਰਿਤਸਰ ਵਿੱਚ ਆਪਣੀ ਡਿਊਟੀ ਨਿਭਾਉਂਦਿਆਂ ਸ਼ਹਾਦਤ ਪਾਉਣ ਵਾਲੇ ਸਹਾਇਕ ਥਾਣੇਦਾਰ ਹਰਜੀਤ ਸਿੰਘ ਜੀ ਦੀ ਬਹਾਦਰੀ ਨੂੰ ਦਿਲੋਂ ਸਲਾਮ। ਉਨ੍ਹਾਂ ਦੀ ਅਦੁੱਤੀ ਹਿੰਮਤ ਅਤੇ ਡਿਊਟੀ ਪ੍ਰਤੀ ਪੂਰਨ ਸਮਰਪਣ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਜ਼ਿਲ੍ਹਾ ਅੰਮ੍ਰਿਤਸਰ ਵਿਖੇ ਆਪਣੀ ਡਿਊਟੀ ਨਿਭਾਉਂਦੇ ਹੋਏ ਸ਼ਹਾਦਤ ਦਾ ਜਾਮ ਪੀਣ ਵਾਲੇ ਸਹਾਇਕ ਥਾਣੇਦਾਰ ਹਰਜੀਤ ਸਿੰਘ ਜੀ ਦੀ ਬਹਾਦਰੀ ਨੂੰ ਦਿਲੋਂ ਸਲਾਮ... ਉਨ੍ਹਾਂ ਦੀ ਅਥਾਹ ਹਿੰਮਤ ਅਤੇ ਡਿਊਟੀ ਪ੍ਰਤੀ ਸਮਰਪਣ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ...ਪੰਜਾਬ ਸਰਕਾਰ ਦੁੱਖ ਦੀ ਇਸ ਘੜੀ ਵਿੱਚ ਸ਼ਹੀਦ ਦੇ ਪਰਿਵਾਰ ਨਾਲ ਚੱਟਾਨ ਵਾਂਗ ਖੜ੍ਹੀ ਹੈ...… pic.twitter.com/C7PffbK1dS
— Bhagwant Mann (@BhagwantMann) September 18, 2026
CM ਮਾਨ ਬੋਲੇ- ਸ਼ਹੀਦ ਦੇ ਪਰਿਵਾਰ ਨਾਲ ਚੱਟਾਨ ਵਾਂਗ ਖੜ੍ਹੇ ਹਾਂ
ਘਟਨਾ ਤੋਂ ਬਾਅਦ CM ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦੁੱਖ ਦੀ ਇਸ ਘੜੀ ਵਿੱਚ ਸ਼ਹੀਦ ਦੇ ਪਰਿਵਾਰ ਨਾਲ ਚੱਟਾਨ ਵਾਂਗ ਖੜ੍ਹੀ ਹੈ। ਸਨਮਾਨ ਵਜੋਂ ਸਰਕਾਰ ਵੱਲੋਂ 1 ਕਰੋੜ ਰੁਪਏ ਦੀ ਐਕਸ-ਗ੍ਰੇਸ਼ੀਆ (Ex-gratia) ਰਕਮ ਅਤੇ HDFC ਬੈਂਕ ਵੱਲੋਂ 1 ਕਰੋੜ ਰੁਪਏ ਦਾ ਚੈੱਕ ਸ਼ਹੀਦ ਦੇ ਪਰਿਵਾਰ ਨੂੰ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ ASI ਹਰਜੀਤ ਸਿੰਘ ਦੀ ਮੌਤ 'ਤੇ DGP ਗੌਰਵ ਯਾਦਵ ਨੇ ਦੁੱਖ ਪ੍ਰਗਟਾਇਆ ਹੈ।
Our brave police officer, ASI Harjit Singh of district #Amritsar, has laid down his life in the line of duty.@PunjabPoliceInd stands firmly with the bereaved family in their hour of grief. Hon’ble Chief Minister has announced an ex-gratia amount of ₹1 crore for his family,… pic.twitter.com/Or6bnpNun4
— DGP Punjab Police (@DGPPunjabPolice) September 18, 2026
ਇਸ ਤੋਂ ਪਹਿਲਾਂ ਏ.ਐੱਸ.ਆਈ. ਜੋਗ ਸਿੰਘ ਦਾ ਕਤਲ, ਜਸਵੰਤ ਸਿੰਘ 'ਤੇ ਹਮਲਾ
ਅੰਮ੍ਰਿਤਸਰ ਵਿੱਚ ਇਸ ਤੋਂ ਪਹਿਲਾਂ ਵੀ ਪੁਲਿਸ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਮਜੀਠਾ ਖੇਤਰ ਵਿੱਚ ਕੁਝ ਮਹੀਨੇ ਪਹਿਲਾਂ ਏ.ਐੱਸ.ਆਈ. ਜੋਗ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ। ਇਸ ਤੋਂ ਬਾਅਦ ਅਜਨਾਲਾ ਖੇਤਰ ਵਿੱਚ ਏ.ਐੱਸ.ਆਈ. ਜਸਵੰਤ ਸਿੰਘ 'ਤੇ ਹਮਲਾ ਹੋਇਆ, ਜਿਸ ਵਿੱਚ ਉਹ ਬਚ ਗਏ। ਉਹ ਖ਼ੁਦ ਬਾਈਕ ਚਲਾ ਕੇ ਥਾਣੇ ਪਹੁੰਚ ਗਏ ਸਨ। ਜਸਵੰਤ ਸਿੰਘ 'ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਵੀ TTH ਨਾਮਕ ਸੰਗਠਨ ਨੇ ਲੈਣ ਦਾ ਦਾਅਵਾ ਕੀਤਾ ਸੀ।
ਸੀ.ਸੀ.ਟੀ.ਵੀ. ਅਤੇ ਹਮਲਾਵਰਾਂ ਦੀ ਭਾਲ ਵਿੱਚ ਜੁੱਟੀ ਪੁਲਿਸ
ਪੁਲਿਸ ਹੁਣ ਹਮਲਾਵਰਾਂ ਦੀ ਪਛਾਣ ਅਤੇ ਵਾਰਦਾਤ ਦੀ ਪੂਰੀ ਕੜੀ ਜੋੜਨ ਵਿੱਚ ਜੁੱਟੀ ਹੋਈ ਹੈ। ਘਟਨਾ ਸਥਾਨ ਦੇ ਆਸ-ਪਾਸ ਦੀਆਂ ਸੀ.ਸੀ.ਟੀ.ਵੀ. ਫੁਟੇਜ ਅਤੇ ਹੋਰ ਤਕਨੀਕੀ ਸਬੂਤਾਂ ਦੀ ਮਦਦ ਲਈ ਜਾ ਰਹੀ ਹੈ। ਹਮਲੇ ਦੇ ਪਿੱਛੇ ਦੀ ਵਜ੍ਹਾ ਅਤੇ ਦੋਸ਼ੀਆਂ ਦੀ ਪਛਾਣ ਜਾਂਚ ਪੂਰੀ ਹੋਣ ਤੋਂ ਬਾਅਦ ਸਪੱਸ਼ਟ ਹੋਵੇਗੀ।