ਤਰਨਤਾਰਨ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਖੇਮਕਰਨ ਦੇ ਸਰਹੱਦੀ ਪਿੰਡ ਖਾਲੜਾ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪਿੰਡ ਦੇ ਨੌਜਵਾਨ ਦੀ ਅਮਰੀਕਾ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦੀਪਕਰਨ ਸਿੰਘ ਪੁੱਤਰ ਕੁਲਦੀਪ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ, ਦੀਪਕਰਨ ਸਿੰਘ ਲਗਭਗ ਡੇਢ ਸਾਲ ਪਹਿਲਾਂ ਅਮਰੀਕਾ ਗਏ ਸਨ ਅਤੇ ਕੈਲੀਫੋਰਨੀਆ ਦੇ ਸ਼ਹਿਰ ਸੈਨ ਫ੍ਰਾਂਸਿਸਕੋ ਵਿੱਚ ਰਹਿ ਰਹੇ ਸਨ। 21 ਜਨਵਰੀ ਨੂੰ ਉਹ ਘਰ ਵਾਪਸ ਪਰਤ ਰਹੇ ਸਨ, ਜਦੋਂ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਏ। ਹਸਪਤਾਲ ਵਿੱਚ ਇਲਾਜ ਦੌਰਾਨ ਦੀਪਕਰਨ ਸਿੰਘ ਨੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਹਾਰ ਗਈ ਅਤੇ ਉਹ ਦੁਨੀਆਂ ਨੂੰ ਅਲਵਿਦਾ ਕਹਿ ਗਏ।
ਦੀਪਕਰਨ ਸਿੰਘ ਆਪਣੇ ਪਿਛੋਂ ਪਿਤਾ, ਮਾਤਾ ਅਤੇ ਇੱਕ ਛੋਟੇ ਭਰਾ ਨੂੰ ਛੱਡ ਕੇ ਗਏ ਹਨ। ਮ੍ਰਿਤਕ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਵਿੱਚ ਦੁੱਖ ਦਾ ਮਾਹੌਲ ਹੈ। ਪਰਿਵਾਰਿਕ ਮੈਂਬਰਾਂ ਨੇ ਮ੍ਰਿਤਕ ਦੀ ਦੇਹ ਦੀ ਉਡੀਕ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਅੰਤਿਮ ਰਸਮਾਂ ਪੂਰੀਆਂ ਕਰਕੇ ਉਸਦਾ ਸੰਸਕਾਰ ਕੀਤਾ ਜਾ ਸਕੇ।
ਪਿੰਡ ਅਤੇ ਪਰਿਵਾਰ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਹੈ, ਅਤੇ ਸਮੂਹ ਪਿੰਡ ਵਾਲੇ ਵੀ ਪਰਿਵਾਰ ਦੇ ਦੁਖ ਵਿੱਚ ਸ਼ਾਮਿਲ ਹਨ।