SAD ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੂੰ ਜਾਨੋਂ ਮਾਰਨ ਦੀ ਧਮਕੀ
ਮੋਹਾਲੀ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮੋਹਾਲੀ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੂੰ ਜਾਨੋਂ ਮਾਰਨ ਦੀ ਧਮਕੀ ਮਿਲਣ ਨਾਲ ਪੰਜਾਬ ਦੀ ਸਿਆਸਤ ਅਤੇ ਸੁਰੱਖਿਆ ਪ੍ਰਬੰਧਾਂ ਵਿੱਚ ਖਲਬਲੀ ਮਚ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਧਮਕੀ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਗੁਰਗੇ ਪਵਨ ਸ਼ੌਕੀਨ ਵੱਲੋਂ ਦਿੱਤੀ ਗਈ ਹੈ, ਜਿਸ ਵਿੱਚ ਸੋਹਾਣਾ ਤੋਂ 5 ਕਰੋੜ ਰੁਪਏ ਦੀ ਫ਼ਿਰੌਤੀ ਦੀ ਮੰਗ ਕੀਤੀ ਗਈ ਹੈ। ਧਮਕੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਰਕਮ ਨਾ ਦਿੱਤੀ ਗਈ ਤਾਂ ਸੋਹਾਣਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੁਕਸਾਨ ਪਹੁੰਚਾਇਆ ਜਾਵੇਗਾ।
ਇਸ ਮਾਮਲੇ ਨੂੰ ਲੈ ਕੇ ਪਰਵਿੰਦਰ ਸਿੰਘ ਸੋਹਾਣਾ ਨੇ ਮੋਹਾਲੀ ਪੁਲਿਸ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਉਠਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਏਡੀਜੀਪੀ ਸਿਕਿਉਰਟੀ ਵੱਲੋਂ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਸਬੰਧੀ ਸਪੱਸ਼ਟ ਆਦੇਸ਼ ਜਾਰੀ ਕੀਤੇ ਜਾ ਚੁੱਕੇ ਹਨ, ਪਰ ਇਸ ਦੇ ਬਾਵਜੂਦ ਮੋਹਾਲੀ ਪੁਲਿਸ ਨੇ ਅਜੇ ਤੱਕ ਕੋਈ ਢੁੱਕਵਾਂ ਸੁਰੱਖਿਆ ਪ੍ਰਬੰਧ ਨਹੀਂ ਕੀਤਾ।
ਸੋਹਾਣਾ ਨੇ ਦੋਸ਼ ਲਗਾਇਆ ਕਿ ਜਦੋਂ ਉਨ੍ਹਾਂ ਵੱਲੋਂ ਸੋਸ਼ਲ ਮੀਡਿਆ ਰਾਹੀਂ ਪ੍ਰੈੱਸ ਕਾਨਫਰੰਸ ਕਰਕੇ ਪੁਲਿਸ ਦੀ ਲਾਪਰਵਾਹੀ ਨੂੰ ਜਨਤਕ ਕਰਨ ਦੀ ਗੱਲ ਕੀਤੀ ਗਈ, ਤਾਂ ਉਸ ਤੋਂ ਬਾਅਦ ਹੀ ਥਾਣਾ ਸੋਹਾਣਾ ਵਿਖੇ ਇਸ ਮਾਮਲੇ ਵਿੱਚ ਪਰਚਾ ਦਰਜ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਜੇਕਰ ਪੁਲਿਸ ਪਹਿਲਾਂ ਹੀ ਗੰਭੀਰਤਾ ਦਿਖਾਉਂਦੀ ਤਾਂ ਇਹ ਮਾਮਲਾ ਇੰਨ੍ਹਾ ਨਾ ਵਧਦਾ।
ਇਸ ਘਟਨਾ ਤੋਂ ਬਾਅਦ ਮੋਹਾਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸਿਆਸੀ ਹਲਚਲ ਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਵੱਲੋਂ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਸੋਹਾਣਾ ਅਤੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਧਮਕੀ ਦੇਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।