ਸੰਗਰੂਰ ਜ਼ਿਲ੍ਹੇ ਦੇ ਭਵਾਨੀਗੜ੍ਹ ਬਲਾਕ ਅਧੀਨ ਪੈਂਦੇ ਪਿੰਡ ਬਾਲਦ ਕਲਾਂ ਵਿੱਚ ਇੱਕ ਦਰਦਨਾਕ ਵਾਰਦਾਤ ਸਾਹਮਣੇ ਆਈ ਹੈ। ਇੱਥੇ ਇੱਕ ਵਿਧਵਾ ਔਰਤ ਮਨਜੀਤ ਕੌਰ ਦਾ ਉਸਦੇ ਹੀ ਭਤੀਜਿਆਂ ਵੱਲੋਂ ਲੜਾਈ ਦੌਰਾਨ ਬੇਰਹਮੀ ਨਾਲ ਕੁੱਟਮਾਰ ਕਰਕੇ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਮਾਮਲੇ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਇੱਕ ਭਤੀਜਾ ਅਤੇ ਵੱਡੇ ਭਤੀਜੇ ਦੀ ਪਤਨੀ ਫਰਾਰ ਦੱਸੇ ਜਾ ਰਹੇ ਹਨ।
ਜਾਣਕਾਰੀ ਮੁਤਾਬਕ ਮਨਜੀਤ ਕੌਰ ਆਪਣੇ ਘਰ ਵਿੱਚ ਸੀ, ਜਦੋਂ ਨਾਲ ਲੱਗਦੇ ਘਰ ਵਿੱਚ ਰਹਿੰਦੇ ਤਿੰਨ ਭਤੀਜੇ ਅਤੇ ਵੱਡੇ ਭਤੀਜੇ ਦੀ ਪਤਨੀ ਨੇ ਉਸ ਨਾਲ ਜ਼ਬਰਦਸਤ ਮਾਰਕੁੱਟ ਕੀਤੀ। ਦੱਸਿਆ ਜਾ ਰਿਹਾ ਹੈ ਕਿ ਲੜਾਈ ਦਾ ਮੁੱਖ ਕਾਰਨ ਜਾਇਦਾਦ ਦੀ ਵੰਡ ਸੀ ਅਤੇ ਇਸ ਤੋਂ ਪਹਿਲਾਂ ਵੀ ਕਈ ਵਾਰ ਘਰੇਲੂ ਕਲੇਸ਼ ਹੋ ਚੁੱਕਾ ਸੀ। ਲੜਾਈ ਦੌਰਾਨ ਵੱਡੇ ਭਤੀਜੇ ਵੱਲੋਂ ਮਨਜੀਤ ਕੌਰ ਦੇ ਸਿਰ ’ਤੇ ਵਾਰ ਕੀਤਾ ਗਿਆ।
ਗੰਭੀਰ ਜ਼ਖ਼ਮੀ ਹਾਲਤ ਵਿੱਚ ਮਨਜੀਤ ਕੌਰ ਨੂੰ ਪਹਿਲਾਂ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ, ਫਿਰ ਰਾਜਿੰਦਰਾ ਹਸਪਤਾਲ ਪਟਿਆਲਾ ਅਤੇ ਬਾਅਦ ਵਿੱਚ PGI ਚੰਡੀਗੜ੍ਹ ਰੈਫਰ ਕੀਤਾ ਗਿਆ, ਜਿੱਥੇ 22 ਤਾਰੀਖ ਦੀ ਰਾਤ ਇਲਾਜ਼ ਦੌਰਾਨ ਉਸ ਦੀ ਮੌਤ ਹੋ ਗਈ।
ਮੌਤ ਤੋਂ ਬਾਅਦ ਪੁਲਿਸ ਨੇ ਕਤਲ ਦਾ ਕੇਸ ਦਰਜ ਕਰਕੇ ਗੁਰਚੇਤ ਸਿੰਘ ਅਤੇ ਬਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਮੱਘਰ ਸਿੰਘ ਅਤੇ ਨੂੰਹ ਰੀਨਾ ਕੌਰ ਦੀ ਤਲਾਸ਼ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਫਰਾਰ ਦੋਸ਼ੀਆਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ।