ਬਰਨਾਲਾ: ਜ਼ਮੀਨ ਦੀ ਫ਼ਰਜ਼ੀ ਰਜਿਸਟਰੀ, ਬਜ਼ੁਰਗ ਕਿਸਾਨ ਨੇ ਕੀਤੀ ਖੁਦਕੁਸ਼ੀ
ਬਰਨਾਲਾ ਜ਼ਿਲ੍ਹੇ ਦੇ ਪਿੰਡ ਰੂੜੇਕੇ ਕਲਾਂ ਵਿੱਚ ਜ਼ਮੀਨੀ ਵਿਵਾਦ ਕਾਰਨ ਇੱਕ ਕਿਸਾਨ ਵੱਲੋਂ ਕੀਤੀ ਗਈ ਖੁਦਕੁਸ਼ੀ ਦਾ ਮਾਮਲਾ ਗੰਭੀਰ ਬਣਦਾ ਜਾ ਰਿਹਾ ਹੈ। ਮ੍ਰਿਤਕ ਕਿਸਾਨ ਮੇਜਰ ਸਿੰਘ (75) ਦੀ ਮੌਤ ਤੋਂ ਬਾਅਦ ਉਸ ਦੀ ਅੰਗਹੀਣ ਧੀ ਕੁਲਵਿੰਦਰ ਕੌਰ ਅਤੇ ਉਸਦਾ ਪੁੱਤਰ ਸੁਖਮਨਪ੍ਰੀਤ ਸਿੰਘ ਇਨਸਾਫ਼ ਲਈ ਦਰ-ਦਰ ਭਟਕ ਰਹੇ ਹਨ।
ਪੀੜਤ ਪਰਿਵਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਪੰਜਾਬ ਕੋਲ ਗੁਹਾਰ ਲਗਾਉਂਦਿਆਂ ਆਪਣੇ ਪਿਤਾ ਦੀ ਮੌਤ ਦੇ ਜ਼ਿੰਮੇਵਾਰ ਤਿੰਨ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਪਰਿਵਾਰ ਨੇ ਦੱਸਿਆ ਕਿ ਮੇਜਰ ਸਿੰਘ ਦੀਆਂ ਤਿੰਨ ਧੀਆਂ ਸਨ ਅਤੇ ਉਹ 12 ਏਕੜ ਜ਼ਮੀਨ ਦਾ ਕਾਨੂੰਨੀ ਮਾਲਕ ਸੀ। ਦੋਸ਼ ਹੈ ਕਿ ਉਸਦੇ ਤਾਏ ਦੇ ਪੁੱਤਰ ਵੱਲੋਂ ਦੋ ਜਾਅਲੀ ਆਧਾਰ ਕਾਰਡ ਤਿਆਰ ਕਰਵਾ ਕੇ ਜ਼ਮੀਨ ਦੀ ਜਾਅਲੀ ਰਜਿਸਟਰੀ ਕਰਵਾਈ ਗਈ, ਜਿਸ ਸਬੰਧੀ ਮਾਮਲਾ ਅਦਾਲਤ ਵਿੱਚ ਵੀ ਚੱਲ ਰਿਹਾ ਸੀ।

ਕੇਸ ਦਰਜ ਹੋਣ ਤੋਂ ਬਾਅਦ ਮੇਜਰ ਸਿੰਘ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਰਹੀਆਂ। ਮਾਨਸਿਕ ਤਣਾਅ ਤੋਂ ਪਰੇਸ਼ਾਨ ਹੋ ਕੇ ਉਸਨੇ ਘਰ ਦੇ ਚੁਬਾਰੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਇਸ ਮਾਮਲੇ ਵਿੱਚ ਥਾਣਾ ਰੂੜੇਕੇ ਕਲਾਂ ਪੁਲਿਸ ਵੱਲੋਂ ਤਿੰਨ ਦੋਸ਼ੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ, ਪਰ ਹਾਲੇ ਤੱਕ ਗ੍ਰਿਫ਼ਤਾਰੀ ਨਹੀਂ ਹੋ ਸਕੀ। ਪੁਲਿਸ ਵੱਲੋਂ ਜਲਦ ਗ੍ਰਿਫ਼ਤਾਰੀ ਦਾ ਭਰੋਸਾ ਦਿੱਤਾ ਗਿਆ ਹੈ। ਹੁਣ ਦੇਖਣਾ ਇਹ ਹੈ ਕਿ ਪੀੜਤ ਪਰਿਵਾਰ ਨੂੰ ਕਦੋਂ ਇਨਸਾਫ਼ ਮਿਲਦਾ ਹੈ।