ਗਣਤੰਤਰ ਦਿਵਸ 2026: ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਬਹਾਦਰੀ ਪੁਰਸਕਾਰਾਂ ਤੇ ਸੇਵਾ ਮੈਡਲਾਂ ਦਾ ਐਲਾਨ
ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰਾਲੇ ਨੇ ਗਣਤੰਤਰ ਦਿਵਸ 2026 ਦੇ ਮੌਕੇ ‘ਤੇ ਪੁਲਿਸ, ਫਾਇਰ ਬ੍ਰਿਗੇਡ, ਹੋਮ ਗਾਰਡ, ਸਿਵਲ ਡਿਫੈਂਸ ਅਤੇ ਸੁਧਾਰ ਸੇਵਾਵਾਂ ਨਾਲ ਜੁੜੇ ਕਰਮਚਾਰੀਆਂ ਲਈ ਬਹਾਦਰੀ ਪੁਰਸਕਾਰਾਂ ਅਤੇ ਸੇਵਾ ਮੈਡਲਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸਾਲ ਕੁੱਲ 982 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਉਨ੍ਹਾਂ ਦੀ ਵਿਲੱਖਣ ਸੇਵਾ, ਸਮਰਪਣ ਤੇ ਬਹਾਦਰੀ ਲਈ ਸਨਮਾਨਿਤ ਕੀਤਾ ਗਿਆ ਹੈ।
ਇਸ ਸੂਚੀ ਵਿੱਚ 125 ਬਹਾਦਰੀ ਮੈਡਲ ਸ਼ਾਮਲ ਹਨ। ਸਭ ਤੋਂ ਵੱਧ 45 ਬਹਾਦਰੀ ਮੈਡਲ ਜੰਮੂ ਅਤੇ ਕਸ਼ਮੀਰ ਦੇ ਆਪ੍ਰੇਸ਼ਨਲ ਥੀਏਟਰ ਵਿੱਚ ਤਾਇਨਾਤ ਕਰਮਚਾਰੀਆਂ ਨੂੰ ਦਿੱਤੇ ਗਏ ਹਨ। ਇਸ ਤੋਂ ਬਾਅਦ ਨਕਸਲ ਪ੍ਰਭਾਵਿਤ ਖੇਤਰਾਂ ਦੇ ਕਰਮਚਾਰੀਆਂ ਨੂੰ 35 ਅਤੇ ਉੱਤਰ-ਪੂਰਬੀ ਖੇਤਰਾਂ ਦੇ ਪੰਜ ਕਰਮਚਾਰੀਆਂ ਨੂੰ ਇਹ ਸਨਮਾਨ ਮਿਲਿਆ ਹੈ। ਫਾਇਰ ਬ੍ਰਿਗੇਡ ਸੇਵਾ ਦੇ 4 ਬਚਾਅ ਕਰਮਚਾਰੀ ਵੀ ਬਹਾਦਰੀ ਮੈਡਲ ਪ੍ਰਾਪਤ ਕਰਨ ਵਾਲਿਆਂ ਵਿੱਚ ਸ਼ਾਮਲ ਹਨ।
ਰਾਜ ਪੁਲਿਸ ਬਲਾਂ ਵਿੱਚੋਂ ਜੰਮੂ ਅਤੇ ਕਸ਼ਮੀਰ ਪੁਲਿਸ ਨੇ ਸਭ ਤੋਂ ਵੱਧ 33 ਬਹਾਦਰੀ ਮੈਡਲ ਹਾਸਲ ਕੀਤੇ ਹਨ। ਮਹਾਰਾਸ਼ਟਰ ਪੁਲਿਸ ਨੂੰ 31, ਉੱਤਰ ਪ੍ਰਦੇਸ਼ ਪੁਲਿਸ ਨੂੰ 18 ਅਤੇ ਦਿੱਲੀ ਪੁਲਿਸ ਨੂੰ 14 ਮੈਡਲ ਮਿਲੇ ਹਨ। ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਵਿੱਚੋਂ ਕੇਵਲ CRPF ਨੂੰ 12 ਬਹਾਦਰੀ ਮੈਡਲ ਪ੍ਰਾਪਤ ਹੋਏ ਹਨ।
ਇਸ ਤੋਂ ਇਲਾਵਾ, 101 ਰਾਸ਼ਟਰਪਤੀ ਦੇ ਵਿਲੱਖਣ ਸੇਵਾ ਮੈਡਲ (PSM) ਅਤੇ 756 ਸ਼ਾਨਦਾਰ ਸੇਵਾ ਮੈਡਲ (MSM)ਵੀ ਐਲਾਨੇ ਗਏ ਹਨ। ਕੇਂਦਰੀ ਜਾਂਚ ਬਿਊਰੋ (CBI) ਦੇ 31 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਿਲੱਖਣ ਅਤੇ ਸ਼ਾਨਦਾਰ ਸੇਵਾ ਲਈ ਸਨਮਾਨਿਤ ਕੀਤਾ ਗਿਆ ਹੈ।
ਬਹਾਦਰੀ ਮੈਡਲ ਅਸਾਧਾਰਨ ਹਿੰਮਤ, ਜਾਨ-ਮਾਲ ਦੀ ਰੱਖਿਆ ਅਤੇ ਅਪਰਾਧ ਰੋਕਣ ਵਰਗੇ ਦੁਰਲੱਭ ਕੰਮਾਂ ਲਈ ਦਿੱਤਾ ਜਾਂਦਾ ਹੈ, ਜਦਕਿ ਰਾਸ਼ਟਰਪਤੀ ਸੇਵਾ ਮੈਡਲ ਵਿਲੱਖਣ ਸੇਵਾ ਅਤੇ ਯੋਗੀ (MSM) ਸੇਵਾ ਮੈਡਲ ਡਿਊਟੀ ਪ੍ਰਤੀ ਸਮਰਪਣ ਅਤੇ ਕੀਮਤੀ ਸੇਵਾ ਲਈ ਪ੍ਰਦਾਨ ਕੀਤਾ ਜਾਂਦਾ ਹੈ।