Jammu-Kashmir ਹਾਦਸੇ 'ਚ ਪੰਜਾਬ ਦਾ ਜੋਬਨਪ੍ਰੀਤ ਸਿੰਘ ਸ਼ਹੀਦ, ਅਗਲੇ ਮਹੀਨੇ ਹੋਣਾ ਸੀ ਵਿਆਹ
ਜੰਮੂ–ਕਸ਼ਮੀਰ ਦੇ ਜ਼ਿਲ੍ਹਾ ਡੋਡਾ ਵਿੱਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਦੌਰਾਨ ਭਾਰਤੀ ਫੌਜ ਦੇ ਜਵਾਨ ਜੋਬਨਪ੍ਰੀਤ ਸਿੰਘ ਦੀ ਸ਼ਹਾਦਤ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਭਾਰਤੀ ਫੌਜ ਦੀ ਇੱਕ ਗੱਡੀ ਭਦਰਵਾਹ ਤੋਂ ਖਾਨਈ ਟੋਪ ਵੱਲ ਡਿਊਟੀ ਲਈ ਜਾ ਰਹੀ ਸੀ।
ਪ੍ਰਾਪਤ ਜਾਣਕਾਰੀ ਮੁਤਾਬਕ ਡੋਡਾ ਜ਼ਿਲ੍ਹੇ ਦੇ ਪਹਾੜੀ ਇਲਾਕੇ ਵਿੱਚ ਰਸਤੇ ਦੌਰਾਨ ਫੌਜ ਦੀ ਗੱਡੀ ਅਚਾਨਕ ਬੇਕਾਬੂ ਹੋ ਕੇ ਲਗਭਗ 200 ਫੁੱਟ ਗਹਿਰੀ ਖਾਈ ਵਿੱਚ ਜਾ ਡਿੱਗੀ। ਇਸ ਦਰਦਨਾਕ ਹਾਦਸੇ ਵਿੱਚ ਬਲਾਕ ਨੂਰਪੁਰ ਬੇਦੀ ਦੇ ਪਿੰਡ ਚਨੋਲੀ ਦੇ ਰਹਿਣ ਵਾਲੇ ਸੈਨਿਕ ਜੋਬਨਪ੍ਰੀਤ ਸਿੰਘ ਸਮੇਤ ਕੁੱਲ 9 ਫੌਜੀ ਜਵਾਨ ਸ਼ਹੀਦ ਹੋ ਗਏ, ਜਦਕਿ 7 ਹੋਰ ਸੈਨਿਕ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਦਾ ਇਲਾਜ ਫੌਜੀ ਹਸਪਤਾਲ ਵਿੱਚ ਜਾਰੀ ਹੈ।
ਸ਼ਹੀਦ ਜੋਬਨਪ੍ਰੀਤ ਸਿੰਘ ਸਾਬਕਾ ਸੈਨਿਕ ਬਲਵੀਰ ਸਿੰਘ ਦੇ ਸਪੁੱਤਰ ਸਨ। ਉਨ੍ਹਾਂ ਦੀ ਉਮਰ ਕੇਵਲ 25 ਸਾਲ ਸੀ। ਉਹ ਸਤੰਬਰ 2019 ਵਿੱਚ ਭਾਰਤੀ ਫੌਜ ਵਿੱਚ ਭਰਤੀ ਹੋਏ ਸਨ ਅਤੇ ਮੌਜੂਦਾ ਸਮੇਂ 8 ਕੈਵਲਰੀ, ਆਰਮਡ ਯੂਨਿਟ (4 ਆਰ ਆਰ) ਵਿੱਚ ਤੈਨਾਤ ਸਨ। ਸ਼ਹੀਦ ਦਾ ਪਰਿਵਾਰ ਵਰਤਮਾਨ ਵਿੱਚ ਰੋਪੜ ਸ਼ਹਿਰ ਦੇ ਗੋਬਿੰਦ ਵੈਲੀ ਇਲਾਕੇ ਵਿੱਚ ਰਹਿੰਦਾ ਹੈ।

ਦੇਸ਼ ਸੇਵਾ ਦਾ ਜਜ਼ਬਾ ਉਨ੍ਹਾਂ ਨੂੰ ਆਪਣੇ ਪਿਤਾ ਤੋਂ ਵਿਰਾਸਤ ਵਜੋਂ ਮਿਲਿਆ ਸੀ, ਜਿਸ ਕਾਰਨ ਨੌਜਵਾਨ ਉਮਰ ਵਿੱਚ ਹੀ ਉਨ੍ਹਾਂ ਨੇ ਫੌਜੀ ਵਰਦੀ ਪਹਿਨ ਕੇ ਦੇਸ਼ ਦੀ ਸੇਵਾ ਦਾ ਮਾਰਗ ਚੁਣਿਆ। ਦੱਸਣਯੋਗ ਹੈ ਕਿ ਜੋਬਨਪ੍ਰੀਤ ਸਿੰਘ ਦਾ ਵਿਆਹ ਆਉਣ ਵਾਲੇ ਫਰਵਰੀ ਮਹੀਨੇ ਵਿੱਚ ਤੈਅ ਕੀਤਾ ਗਿਆ ਸੀ ਅਤੇ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਸੀ, ਪਰ ਅਚਾਨਕ ਵਾਪਰੇ ਇਸ ਹਾਦਸੇ ਨੇ ਸਾਰੇ ਖੁਸ਼ੀ ਦੇ ਪਲਾਂ ਨੂੰ ਗ਼ਮ ਵਿੱਚ ਬਦਲ ਦਿੱਤਾ।
ਸ਼ਹਾਦਤ ਦੀ ਖ਼ਬਰ ਮਿਲਦਿਆਂ ਹੀ ਪਿੰਡ ਚਨੋਲੀ, ਨੂਰਪੁਰ ਬੇਦੀ ਸਮੇਤ ਰੋਪੜ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਹਰ ਕੋਈ ਸ਼ਹੀਦ ਜੋਬਨਪ੍ਰੀਤ ਸਿੰਘ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਭੇਟ ਕਰ ਰਿਹਾ ਹੈ।