ਫਰੀਦਕੋਟ 'ਚ 'ਆਪ' ਨੂੰ ਵੱਡਾ ਝਟਕਾ! ਕੌਂਸਲਰ ਵਿਜੈ ਛਾਬੜਾ ਮੁੜ ਅਕਾਲੀ ਦਲ ‘ਚ ਸ਼ਾਮਲ, ਬੰਟੀ ਰੋਮਾਣਾ ਨੇ ਕੀਤਾ ਸਵਾਗਤ

By:  Lajwinder Kaur April 16th 2026 02:43 PM -- Updated: April 16th 2026 03:16 PM

ਫਰੀਦਕੋਟ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਵੱਡਾ ਫੇਰਬਦਲ ਦੇਖਣ ਨੂੰ ਮਿਲਿਆ ਜਦੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਨਗਰ ਕੌਂਸਲਰ ਵਿਜੈ ਛਾਬੜਾ ਆਪਣੀ ਪਾਰਟੀ ਨੂੰ ਅਲਵਿਦਾ ਕਹਿ ਕੇ ਮੁੜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਅਤੇ ਸੀਨੀਅਰ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਅਤੇ ਜੀ ਆਇਆਂ ਨੂੰ ਕਿਹਾ।

ਤਿੰਨ ਸਾਲ ਬਾਅਦ ਹੋਈ ਘਰ ਵਾਪਸੀ

ਦੱਸਣਯੋਗ ਹੈ ਕਿ ਵਿਜੈ ਛਾਬੜਾ ਕਰੀਬ ਤਿੰਨ ਸਾਲ ਪਹਿਲਾਂ ਅਕਾਲੀ ਆਗੂਆਂ ਨਾਲ ਕੁਝ ਨਿੱਜੀ ਨਾਰਾਜ਼ਗੀ ਕਾਰਨ ਅਕਾਲੀ ਦਲ ਛੱਡ ਕੇ 'ਆਪ' ਵਿੱਚ ਸ਼ਾਮਲ ਹੋ ਗਏ ਸਨ। ਹੁਣ ਤਿੰਨ ਸਾਲਾਂ ਦੇ ਵਕਫੇ ਤੋਂ ਬਾਅਦ ਉਨ੍ਹਾਂ ਨੇ ਮੁੜ ਆਪਣੀ ਪੁਰਾਣੀ ਪਾਰਟੀ ਦਾ ਪੱਲਾ ਫੜ ਲਿਆ ਹੈ।

ਪਰਿਵਾਰਕ ਰਿਸ਼ਤੇ ਸਿਆਸਤ ਤੋਂ ਉੱਪਰ: ਬੰਟੀ ਰੋਮਾਣਾ

ਇਸ ਮੌਕੇ ਬੰਟੀ ਰੋਮਾਣਾ ਨੇ ਕਿਹਾ ਕਿ ਸਿਆਸੀ ਮੱਤਭੇਦਾਂ ਕਾਰਨ ਵਿਜੈ ਛਾਬੜਾ ਭਾਵੇਂ ਪਾਰਟੀ ਛੱਡ ਗਏ ਸਨ, ਪਰ ਉਨ੍ਹਾਂ ਦੇ ਆਪਸੀ ਪਰਿਵਾਰਕ ਰਿਸ਼ਤੇ ਹਮੇਸ਼ਾ ਭਰਾਵਾਂ ਵਾਂਗ ਕਾਇਮ ਰਹੇ। ਉਨ੍ਹਾਂ ਨੇ ਕਿਹਾ: "ਵਿਜੈ ਛਾਬੜਾ ਨੇ 'ਆਪ' ਵਿੱਚ ਰਹਿੰਦਿਆਂ ਵੀ ਹਮੇਸ਼ਾ ਗਲਤ ਨੀਤੀਆਂ ਵਿਰੁੱਧ ਆਵਾਜ਼ ਬੁਲੰਦ ਕੀਤੀ, ਭਾਵੇਂ ਉਹ ਵਾਰਡਬੰਦੀ ਦਾ ਮੁੱਦਾ ਹੋਵੇ ਜਾਂ ਵੋਟਾਂ ਦੀ ਹੇਰਾਫੇਰੀ ਦਾ। ਉਨ੍ਹਾਂ ਦੇ ਆਉਣ ਨਾਲ ਹੁਣ ਸਾਡੀ ਟੀਮ ਹੋਰ ਵੀ ਮਜ਼ਬੂਤ ਹੋ ਗਈ ਹੈ ਅਤੇ ਅਸੀਂ ਆਉਣ ਵਾਲੀਆਂ ਸਥਾਨਕ ਚੋਣਾਂ ਪੂਰੀ ਤਾਕਤ ਨਾਲ ਲੜਾਂਗੇ।"

'ਆਪ' ਦੀਆਂ ਨੀਤੀਆਂ ਤੋਂ ਸੀ ਨਾਰਾਜ਼ਗੀ: ਵਿਜੈ ਛਾਬੜਾ

ਅਕਾਲੀ ਦਲ ਵਿੱਚ ਸ਼ਾਮਲ ਹੋਣ ਤੋਂ ਬਾਅਦ ਕੌਂਸਲਰ ਵਿਜੈ ਛਾਬੜਾ ਨੇ ਕਿਹਾ ਕਿ ਉਹ 'ਆਪ' ਦੀਆਂ ਗਲਤ ਨੀਤੀਆਂ ਕਾਰਨ ਘੁਟਣ ਮਹਿਸੂਸ ਕਰ ਰਹੇ ਸਨ। ਉਨ੍ਹਾਂ ਕਿਹਾ ਕਿ 'ਆਪ' ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕਰਨਾ ਮੁਸ਼ਕਲ ਸੀ। ਛਾਬੜਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਹੁਣ ਉਹ ਮਰਦੇ ਦਮ ਤੱਕ ਬੰਟੀ ਰੋਮਾਣਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜ੍ਹਨਗੇ।

ਇਸ ਫੇਰ-ਬਦਲ ਤੋਂ ਬਾਅਦ ਫਰੀਦਕੋਟ ਵਿੱਚ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਸਿਆਸੀ ਝਟਕਾ ਲੱਗਾ ਹੈ, ਜਦਕਿ ਅਕਾਲੀ ਦਲ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਹਨ।

© Copyright Galactic Television & Communications Pvt. Ltd. 2026. All rights reserved.