ਵਿਦੇਸ਼ੀ ਧਰਤੀ ਉੱਤੇ ਜਿੱਥੇ ਇੱਕ ਪਾਸੇ ਕਈ ਪੰਜਾਬੀ ਆਪਣੀ ਮਿਹਨਤ ਅਤੇ ਲਗਨ ਦੇ ਨਾਲ ਕਾਮਯਾਬੀ ਦੇ ਝੰਡੇ ਗੱਡਦੇ ਹਨ, ਉੱਥੇ ਕੁੱਝ ਅਜਿਹੇ ਵੀ ਨੇ ਜੋ ਕਿ ਪੰਜਾਬੀਆਂ ਦੇ ਨਾਂਅ ਨੂੰ ਬਦਨਾਮ ਕਰ ਦਿੰਦੇ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਆਸਟ੍ਰੇਲੀਆ ਦੇ ਵਿਕਟੋਰੀਆ ਸ਼ਹਿਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਪੰਜਾਬੀ ਵਿਅਕਤੀ ਨੂੰ ਚੋਰੀਆਂ ਕਰਨ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ।
ਮੁੱਕ ਗਿਆ ਸੀ ਵੀਜ਼ਾ, ਫਿਰ ਫੜਿਆ ਚੋਰੀ ਦਾ ਰਾਹ
ਆਸਟ੍ਰੇਲੀਆ ਵਿੱਚ ਵੀਜ਼ਾ ਖ਼ਤਮ ਹੋਣ ਤੋਂ ਬਾਅਦ ਇੱਕ ਪੰਜਾਬੀ ਨੌਜਵਾਨ ਵੱਲੋਂ ਚੋਰੀਆਂ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਵੀਜ਼ਾ ਐਕਸਪਾਇਰ ਹੋਣ ਤੋਂ ਬਾਅਦ ਇਹ ਨੌਜਵਾਨ ਲੁਕ ਕੇ ਰਹਿ ਰਿਹਾ ਸੀ ਅਤੇ ਗੁਜ਼ਾਰੇ ਲਈ ਉਸ ਨੇ ਚੋਰੀ ਦਾ ਰਾਹ ਫੜ ਲਿਆ। ਉਸ ਨੇ ਇੱਕ-ਦੋ ਨਹੀਂ, ਸਗੋਂ 68 ਵਾਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਹੁਣ ਆਸਟ੍ਰੇਲੀਆ ਦੀ ਵਿਕਟੋਰੀਆ ਪੁਲਿਸ ਨੇ ਉਸ ਨੂੰ ਲਗਭਗ 1 ਕਰੋੜ ਰੁਪਏ (ਆਸਟ੍ਰੇਲੀਆਈ ਡਾਲਰਾਂ ਦੀ ਕੀਮਤ ਅਨੁਸਾਰ) ਦਾ ਸਾਮਾਨ ਚੋਰੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ।
87 ਕੇਸ ਹੋ ਚੁੱਕੇ ਦਰਜ
ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਉਸ ਵਿਰੁੱਧ ਹੁਣ ਤੱਕ ਕੁੱਲ 87 ਕੇਸ ਦਰਜ ਹੋ ਚੁੱਕੇ ਹਨ। ਦੋਸ਼ੀ ਨੌਜਵਾਨ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਸੁਪਰਮਾਰਕੀਟਾਂ ਅਤੇ ਸਟੋਰਾਂ ਨੂੰ ਨਿਸ਼ਾਨਾ ਬਣਾ ਰਿਹਾ ਸੀ। ਉਹ ਸਟੋਰਾਂ ਵਿੱਚੋਂ ਮਹਿੰਗੇ ਇਲੈਕਟ੍ਰਿਕ ਟੂਥਬਰੱਸ਼, ਰੇਜ਼ਰ, ਵਿਟਾਮਿਨ ਦੀਆਂ ਗੋਲੀਆਂ ਅਤੇ ਸਕਿਨਕੇਅਰ ਪ੍ਰੋਡਕਟਸ ਚੋਰੀ ਕਰਦਾ ਸੀ ਅਤੇ ਫਿਰ ਇਨ੍ਹਾਂ ਨੂੰ ਬਲੈਕ ਮਾਰਕੀਟ ਵਿੱਚ ਵੇਚ ਦਿੰਦਾ ਸੀ।
ਪੁਲਿਸ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਨੱਥ ਪਾਉਣ ਲਈ ਚਲਾਇਆ ਗਿਆ ਸਪੈਸ਼ਲ ਆਪ੍ਰੇਸ਼ਨ
ਜਿਸ ਗੈਂਗ ਨਾਲ ਇਹ ਨੌਜਵਾਨ ਜੁੜਿਆ ਹੋਇਆ ਸੀ, ਉਸ ਦੇ 31 ਮੈਂਬਰਾਂ ਨੂੰ ਪੁਲਿਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਵਿਕਟੋਰੀਆ ਪੁਲਿਸ ਨੇ ਇਸ ਪੂਰੀ ਕਾਰਵਾਈ ਨੂੰ 'ਆਪ੍ਰੇਸ਼ਨ ਸੁਪਰਨੋਵਾ' (Operation Supernova) ਦਾ ਨਾਂ ਦਿੱਤਾ ਹੈ। ਇਸ ਨੂੰ ਆਸਟ੍ਰੇਲੀਆ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਨੱਥ ਪਾਉਣ ਲਈ ਚਲਾਇਆ ਗਿਆ ਹੁਣ ਤੱਕ ਦਾ ਸਭ ਤੋਂ ਵੱਡਾ ਆਪ੍ਰੇਸ਼ਨ ਮੰਨਿਆ ਜਾ ਰਿਹਾ ਹੈ।
ਵਿਕਟੋਰੀਆ ਪੁਲਿਸ ਅਨੁਸਾਰ, ਚੋਰੀ ਦੇ ਇਲਜ਼ਾਮਾਂ ਵਿੱਚ ਫੜੇ ਗਏ ਇਸ ਨੌਜਵਾਨ ਦੀ ਉਮਰ 39 ਸਾਲ ਹੈ। ਉਹ ਭਾਰਤ ਤੋਂ ਸਟੱਡੀ ਵੀਜ਼ਾ 'ਤੇ ਵਿਦਿਆਰਥੀ ਬਣ ਕੇ ਆਸਟ੍ਰੇਲੀਆ ਗਿਆ ਸੀ। ਜਦੋਂ ਉਸ ਦਾ ਵੀਜ਼ਾ ਖ਼ਤਮ ਹੋ ਗਿਆ, ਤਾਂ ਉਹ ਵਾਪਸ ਭਾਰਤ ਪਰਤਣ ਦੀ ਬਜਾਏ ਉੱਥੇ ਹੀ ਗੈਰ-ਕਾਨੂੰਨੀ ਤਰੀਕੇ ਨਾਲ ਚੋਰੀ-ਛਿਪੇ ਰਹਿਣ ਲੱਗ ਪਿਆ। ਉਹ ਫੜੇ ਜਾਣ ਦੇ ਡਰ ਤੋਂ ਦਿਨ ਵੇਲੇ ਲੁਕਿਆ ਰਹਿੰਦਾ ਸੀ ਅਤੇ ਸਿਰਫ਼ ਰਾਤ ਦੇ ਹਨੇਰੇ ਵਿੱਚ ਹੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਨਿਕਲਦਾ ਸੀ। ਚੋਰੀ ਦਾ ਮਾਲ ਇਕੱਠਾ ਕਰਨ ਤੋਂ ਬਾਅਦ ਉਹ ਫਿਰ ਤੋਂ ਰਫੂ-ਚੱਕਰ ਹੋ ਜਾਂਦਾ ਸੀ। ਆਪਣੇ ਇਸ ਗੈਰ-ਕਾਨੂੰਨੀ ਕੰਮ ਨੂੰ ਸੌਖਾ ਬਣਾਉਣ ਲਈ ਉਹ ਇੱਕ ਗੈਂਗ ਨਾਲ ਵੀ ਜੁੜ ਗਿਆ ਸੀ, ਤਾਂ ਜੋ ਚੋਰੀ ਕੀਤਾ ਸਾਮਾਨ ਵੇਚਣ ਵਿੱਚ ਕੋਈ ਮੁਸ਼ਕਲ ਨਾ ਆਵੇ ਅਤੇ ਜੇਕਰ ਉਹ ਕਦੇ ਚੋਰੀ ਕਰਦਾ ਫੜਿਆ ਜਾਵੇ, ਤਾਂ ਗੈਂਗ ਦੇ ਮੈਂਬਰ ਉਸ ਦੀ ਮਦਦ ਕਰ ਸਕਣ।
ਵਿਕਟੋਰੀਆ ਪੁਲਿਸ ਮੁਤਾਬਕ, ਉਨ੍ਹਾਂ ਨੂੰ ਇੱਕ ਅਜਿਹੇ ਚੋਰ ਨੈੱਟਵਰਕ ਦੇ ਸਰਗਰਮ ਹੋਣ ਬਾਰੇ ਪਤਾ ਲੱਗਾ ਸੀ ਜੋ ਲਗਾਤਾਰ ਸਾਮਾਨ ਚੋਰੀ ਕਰਕੇ ਅੱਗੇ ਵੇਚ ਰਿਹਾ ਸੀ। ਇਸ ਗਿਰੋਹ ਨੂੰ ਫੜਨ ਲਈ ਪੁਲਿਸ ਵੱਲੋਂ ਇੱਕ ਵਿਸ਼ੇਸ਼ ਆਪ੍ਰੇਸ਼ਨ ਚਲਾਇਆ ਗਿਆ, ਜਿਸ ਤਹਿਤ 30 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਫੜੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਇਹ ਇੱਕ ਬਹੁਤ ਵੱਡਾ ਨੈੱਟਵਰਕ ਹੈ, ਜਿਸ ਵਿੱਚ ਕਈ ਹੋਰ ਮੁਲਜ਼ਮ ਵੀ ਜੁੜੇ ਹੋਏ ਹਨ। ਇਹ ਨੈੱਟਵਰਕ ਸਾਮਾਨ ਚੋਰੀ ਕਰਨ ਤੋਂ ਬਾਅਦ ਉਸ ਨੂੰ ਬਲੈਕ ਮਾਰਕੀਟ ਵਿੱਚ ਵੇਚ ਕੇ ਮੋਟੀ ਕਮਾਈ ਕਰਦਾ ਸੀ। ਪੁਲਿਸ ਪਿਛਲੇ ਇੱਕ ਸਾਲ ਤੋਂ ਇਸ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਪਿੱਛਾ ਕਰ ਰਹੀ ਸੀ।
ਇੰਝ ਪੁਲਿਸ ਨੇ ਕੀਤਾ ਕਾਬੂ
ਚੋਰ ਨੈੱਟਵਰਕ ਤੋਂ ਪੁੱਛਗਿੱਛ ਤੋਂ ਬਾਅਦ, ਪੁਲਿਸ ਨੇ 18 ਅਪ੍ਰੈਲ ਦੀ ਸਵੇਰ ਨੂੰ ਮੈਲਬੌਰਨ ਦੇ ਸਨਸ਼ਾਈਨ ਵੈਸਟ ਸਥਿਤ ਇੱਕ ਘਰ ਵਿੱਚ ਛਾਪੇਮਾਰੀ ਕੀਤੀ। ਇਸ ਕਾਰਵਾਈ ਦੌਰਾਨ ਚੋਰੀ ਦੇ ਇਸ ਵੱਡੇ ਨੈੱਟਵਰਕ ਵਿੱਚ ਸ਼ਾਮਲ ਪੰਜਾਬੀ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਅਨੁਸਾਰ, ਇਹ ਇਸ ਗਿਰੋਹ ਦਾ 31ਵਾਂ ਮੁਲਜ਼ਮ ਹੈ। ਇਸ ਤੋਂ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਕੁਝ ਮੈਂਬਰਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ, ਜਦਕਿ 10 ਹੋਰਾਂ ਵਿਰੁੱਧ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ।
ਪੁਲਿਸ ਅਨੁਸਾਰ, ਇਹ ਪੰਜਾਬੀ ਨੌਜਵਾਨ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਚੋਰੀਆਂ ਕਰ ਰਿਹਾ ਸੀ। ਉਹ ਸੁਪਰਮਾਰਕੀਟ ਸਟੋਰਾਂ ਤੋਂ ਸਾਮਾਨ ਚੋਰੀ ਕਰਦਾ ਅਤੇ ਰਾਤ ਨੂੰ ਉਸ ਨੂੰ ਆਪਣੇ ਘਰ ਵਿੱਚ ਲੁਕਾ ਕੇ ਰੱਖ ਲੈਂਦਾ ਸੀ। ਇਸ ਤੋਂ ਬਾਅਦ ਮੌਕਾ ਮਿਲਦੇ ਹੀ ਉਹ ਚੋਰੀ ਦੇ ਸਾਮਾਨ ਨੂੰ ਬਲੈਕ ਮਾਰਕੀਟ ਵਿੱਚ ਵੇਚ ਦਿੰਦਾ ਸੀ। ਉਸ ਨੇ ਮੈਲਬੌਰਨ, ਬੈਲਾਰੈਟ ਅਤੇ ਜੀਲੌਂਗ ਦੀਆਂ ਕਈ ਵੱਡੀਆਂ ਸੁਪਰਮਾਰਕੀਟਾਂ ਨੂੰ ਆਪਣਾ ਨਿਸ਼ਾਨਾ ਬਣਾਇਆ।
ਪੁਲਿਸ ਨੇ ਉਸ ਦੀਆਂ ਚੋਰੀਆਂ ਦਾ ਪੂਰਾ ਅਪਰਾਧਿਕ ਰਿਕਾਰਡ ਇਕੱਠਾ ਕੀਤਾ ਹੈ, ਜਿਸ ਤੋਂ ਬਾਅਦ ਉਸ 'ਤੇ ਚੋਰੀ ਦੇ 68 ਅਤੇ ਚੋਰੀ ਦੀ ਕੋਸ਼ਿਸ਼ ਕਰਨ ਦੇ 19 ਮਾਮਲੇ ਦਰਜ ਕੀਤੇ ਗਏ ਹਨ। ਪੁਲਿਸ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਫਿਲਹਾਲ ਅਦਾਲਤੀ ਟਰਾਇਲ ਚੱਲ ਰਿਹਾ ਹੈ, ਜਿਸ ਕਾਰਨ ਨੌਜਵਾਨ ਦਾ ਨਾਮ ਅਤੇ ਪਤਾ ਨਸ਼ਰ (Disclose) ਨਹੀਂ ਕੀਤਾ ਜਾ ਰਿਹਾ।
ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਚੋਰ ਨੈੱਟਵਰਕ ਮੁੱਖ ਤੌਰ 'ਤੇ ਦੋ ਤਰੀਕਿਆਂ ਨਾਲ ਕੰਮ ਕਰਦਾ ਸੀ:
ਟੀਮਾਂ ਵਿੱਚ ਵੰਡ ਕੇ ਕੰਮ: ਵਿਕਟੋਰੀਆ ਪੁਲਿਸ ਅਨੁਸਾਰ, ਇਸ ਨੈੱਟਵਰਕ ਨੇ ਖੁਦ ਨੂੰ ਛੋਟੀਆਂ-ਛੋਟੀਆਂ ਟੀਮਾਂ ਵਿੱਚ ਵੰਡਿਆ ਹੋਇਆ ਸੀ ਅਤੇ ਹਰ ਕਿਸੇ ਦਾ ਕੰਮ ਵੱਖਰਾ ਸੀ। ਕੁਝ ਟੀਮਾਂ ਪਹਿਲਾਂ ਰੇਕੀ ਕਰਦੀਆਂ ਸਨ, ਕੁਝ ਸਾਮਾਨ ਚੋਰੀ ਕਰਦੀਆਂ ਸਨ ਅਤੇ ਕੁਝ ਉਸ ਨੂੰ ਅੱਗੇ ਵੇਚਣ ਦਾ ਕੰਮ ਸੰਭਾਲਦੀਆਂ ਸਨ। ਵਿਕਟੋਰੀਆ ਪੁਲਿਸ ਦੇ ਅਧਿਕਾਰੀ ਵੇਂਸ ਨੇ ਦੱਸਿਆ ਕਿ ਗਿਰੋਹ ਦੇ ਮੈਂਬਰ ਅਕਸਰ ਸੁਪਰਮਾਰਕੀਟਾਂ ਜਾਂ ਮਾਲਾਂ ਦੇ ਬਾਹਰ ਹੰਗਾਮਾ ਖੜ੍ਹਾ ਕਰ ਦਿੰਦੇ ਸਨ।
ਧਿਆਨ ਭਟਕਾ ਕੇ ਚੋਰੀ: ਪੁਲਿਸ ਮੁਤਾਬਕ, ਗਿਰੋਹ ਦੇ ਮੈਂਬਰ ਚਾਕੂ ਕੱਢ ਕੇ ਸੁਰੱਖਿਆ ਗਾਰਡਾਂ 'ਤੇ ਹਮਲਾ ਕਰਦੇ ਜਾਂ ਉਨ੍ਹਾਂ ਨਾਲ ਝਗੜਾ ਕਰਦੇ ਸਨ। ਜਦੋਂ ਭੀੜ ਇਕੱਠੀ ਹੋ ਜਾਂਦੀ ਅਤੇ ਸਟੋਰ ਕਰਮਚਾਰੀਆਂ ਦਾ ਧਿਆਨ ਝਗੜੇ ਵੱਲ ਭਟਕ ਜਾਂਦਾ, ਤਾਂ ਇਸ ਨੈੱਟਵਰਕ ਦੇ ਦੂਜੇ ਮੈਂਬਰ ਮੌਕਾ ਪਾ ਕੇ ਅੰਦਰੋਂ ਸਾਮਾਨ ਚੋਰੀ ਕਰ ਲੈਂਦੇ ਸਨ। ਜ਼ਿਆਦਾਤਰ ਚੋਰੀਆਂ ਇਸੇ ਪੈਟਰਨ 'ਤੇ ਕੀਤੀਆਂ ਗਈਆਂ ਸਨ। ਇਨ੍ਹਾਂ ਲਗਾਤਾਰ ਹੋ ਰਹੀਆਂ ਵਾਰਦਾਤਾਂ ਅਤੇ ਝਗੜਿਆਂ ਨੂੰ ਰੋਕਣ ਲਈ ਪੁਲਿਸ ਨੂੰ ਵਿਸ਼ੇਸ਼ ਤੌਰ 'ਤੇ ਮੁਲਾਜ਼ਮ ਤਾਇਨਾਤ ਕਰਨੇ ਪਏ।
ਵਿਕਟੋਰੀਆ ਪੁਲਿਸ ਅਨੁਸਾਰ, ਇਸ ਚੋਰ ਗਿਰੋਹ ਵਿੱਚ ਸ਼ਾਮਲ ਹੁਣ ਤੱਕ ਕੁੱਲ 31 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਗਿਰੋਹ ਵਿੱਚ ਸ਼ਾਮਲ ਜ਼ਿਆਦਾਤਰ ਲੋਕ ਭਾਰਤੀ ਹਨ, ਜਿਨ੍ਹਾਂ ਵਿੱਚ ਸਟੱਡੀ ਵੀਜ਼ਾ ਅਤੇ ਟ੍ਰੈਵਲ ਵੀਜ਼ਾ 'ਤੇ ਆਸਟ੍ਰੇਲੀਆ ਆਉਣ ਵਾਲੇ ਲੋਕ ਸ਼ਾਮਲ ਹਨ।
ਪੁਲਿਸ ਨੇ ਦੱਸਿਆ ਕਿ ਇਹ ਗਿਰੋਹ ਪਿਛਲੇ ਇੱਕ ਸਾਲ ਤੋਂ ਇਸ ਲਈ ਪੁਲਿਸ ਦੀ ਪਕੜ ਵਿੱਚ ਨਹੀਂ ਆ ਰਿਹਾ ਸੀ ਕਿਉਂਕਿ ਇਸ ਦੇ ਜ਼ਿਆਦਾਤਰ ਮੈਂਬਰ ਪਹਿਲੀ ਵਾਰ ਅਪਰਾਧ ਕਰਨ ਵਾਲੇ (First-timers) ਸਨ। ਇਨ੍ਹਾਂ ਦਾ ਪਹਿਲਾਂ ਕੋਈ ਵੀ ਅਪਰਾਧਿਕ ਰਿਕਾਰਡ ਨਹੀਂ ਸੀ, ਜਿਸ ਕਾਰਨ ਇਨ੍ਹਾਂ ਨੂੰ ਟਰੇਸ ਕਰਨਾ ਮੁਸ਼ਕਲ ਹੋ ਰਿਹਾ ਸੀ। ਹੁਣ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਇਨ੍ਹਾਂ ਸਾਰਿਆਂ ਦਾ ਪੂਰਾ ਕ੍ਰਿਮੀਨਲ ਰਿਕਾਰਡ ਤਿਆਰ ਕਰ ਰਹੀ ਹੈ।