Tuesday, 14th of July 2026

ਵੈਨੇਜ਼ੁਏਲਾ ਭੂਚਾਲ ਦੀਆਂ ਡਰਾਉਣ ਵਾਲੀਆਂ ਵੀਡੀਓਜ਼; ਤਾਸ਼ ਦੇ ਪੱਤਿਆਂ ਵਾਂਗ ਡਿੱਗੀਆਂ ਇਮਾਰਤਾਂ, ਕਈ ਸੇਵਾਵਾਂ ਹੋਈਆਂ ਠੱਪ, ਹੁਣ ਤੱਕ ਮੌਤਾਂ ਦਾ ਅੰਕੜਾ...

Edited By: Lajwinder Kaur | Updated at: June 25th 2026 12:02 PM
Trending News
ਵੈਨੇਜ਼ੁਏਲਾ ਭੂਚਾਲ ਦੀਆਂ ਡਰਾਉਣ ਵਾਲੀਆਂ ਵੀਡੀਓਜ਼;  ਤਾਸ਼ ਦੇ ਪੱਤਿਆਂ ਵਾਂਗ ਡਿੱਗੀਆਂ ਇਮਾਰਤਾਂ, ਕਈ ਸੇਵਾਵਾਂ ਹੋਈਆਂ ਠੱਪ, ਹੁਣ ਤੱਕ ਮੌਤਾਂ ਦਾ ਅੰਕੜਾ...

ਵੈਨੇਜ਼ੁਏਲਾ ਭੂਚਾਲ ਦੀਆਂ ਡਰਾਉਣ ਵਾਲੀਆਂ ਵੀਡੀਓਜ਼; ਤਾਸ਼ ਦੇ ਪੱਤਿਆਂ ਵਾਂਗ ਡਿੱਗੀਆਂ ਇਮਾਰਤਾਂ, ਕਈ ਸੇਵਾਵਾਂ ਹੋਈਆਂ ਠੱਪ, ਹੁਣ ਤੱਕ ਮੌਤਾਂ ਦਾ ਅੰਕੜਾ...

ਲੈਟਿਨ ਅਮਰੀਕੀ ਦੇਸ਼ ਵੈਨੇਜ਼ੁਏਲਾ ਵਿੱਚ ਵੀਰਵਾਰ ਤੜਕੇ ਲਗਾਤਾਰ ਦੋ ਸ਼ਕਤੀਸ਼ਾਲੀ ਭੂਚਾਲਾਂ ਨੇ ਭਾਰੀ ਤਬਾਹੀ ਮਚਾ ਦਿੱਤੀ ਹੈ। ਅਧਿਕਾਰੀਆਂ ਅਤੇ ਨਿਗਰਾਨੀ ਏਜੰਸੀਆਂ ਮੁਤਾਬਕ, ਇਨ੍ਹਾਂ ਭੂਚਾਲਾਂ ਕਾਰਨ ਰਾਜਧਾਨੀ ਕਾਰਾਕਸ ਸਮੇਤ ਕਈ ਇਲਾਕਿਆਂ ਵਿੱਚ ਇਮਾਰਤਾਂ ਢਹਿ ਗਈਆਂ ਹਨ ਅਤੇ ਭਾਰੀ ਨੁਕਸਾਨ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ 100 ਸਾਲਾਂ ਵਿੱਚ ਵੈਨੇਜ਼ੁਏਲਾ ਵਿੱਚ ਆਇਆ ਇਹ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਹੈ।

ਦੋ ਭੂਚਾਲਾਂ ਨੇ ਮਚਾਈ ਤਬਾਹੀ

ਅਮਰੀਕੀ ਭੂ-ਵਿਗਿਆਨਕ ਸਰਵੇਖਣ (USGS) ਅਨੁਸਾਰ, ਪਹਿਲਾ ਭੂਚਾਲ 7.1 ਤੀਬਰਤਾ ਦਾ ਸੀ। ਇਸ ਦਾ ਕੇਂਦਰ ਵੈਨੇਜ਼ੁਏਲਾ ਦੇ ਕੈਰੇਬੀਅਨ ਤੱਟ 'ਤੇ ਸਥਿਤ ਮੋਰੋਨ ਕਸਬੇ ਦੇ ਪੱਛਮ ਵੱਲ ਸੀ, ਜੋ ਰਾਜਧਾਨੀ ਕਾਰਾਕਸ ਤੋਂ ਲਗਭਗ 168 ਕਿਲੋਮੀਟਰ ਦੂਰ ਹੈ। ਇਹ ਭੂਚਾਲ ਜ਼ਮੀਨ ਤੋਂ ਸਿਰਫ਼ 13 ਕਿਲੋਮੀਟਰ ਦੀ ਘੱਟ ਡੂੰਘਾਈ 'ਤੇ ਆਇਆ, ਜਿਸ ਕਾਰਨ ਇਸ ਦਾ ਅਸਰ ਬਹੁਤ ਵੱਡੇ ਖੇਤਰ ਵਿੱਚ ਮਹਿਸੂਸ ਕੀਤਾ ਗਿਆ।

ਪਹਿਲੇ ਭੂਚਾਲ ਦੇ ਸਿਰਫ਼ 40 ਸਕਿੰਟ ਬਾਅਦ ਉਸੇ ਖੇਤਰ ਵਿੱਚ 7.5 ਤੀਬਰਤਾ ਦਾ ਦੂਜਾ ਅਤੇ ਹੋਰ ਵੀ ਸ਼ਕਤੀਸ਼ਾਲੀ ਭੂਚਾਲ ਆਇਆ। ਦੂਜੇ ਭੂਚਾਲ ਦੀ ਡੂੰਘਾਈ 10 ਕਿਲੋਮੀਟਰ ਸੀ ਅਤੇ ਇਸਦਾ ਕੇਂਦਰ ਮੋਰੋਨ ਤੋਂ ਲਗਭਗ 16 ਕਿਲੋਮੀਟਰ ਦੱਖਣ-ਪੱਛਮ ਵਿੱਚ ਸਥਿਤ ਸੀ। ਲਗਾਤਾਰ ਆਏ ਇਨ੍ਹਾਂ ਦੋ ਝਟਕਿਆਂ ਨੇ ਪ੍ਰਭਾਵਿਤ ਇਲਾਕਿਆਂ ਵਿੱਚ ਤਬਾਹੀ ਨੂੰ ਹੋਰ ਵਧਾ ਦਿੱਤਾ ਹੈ।

ਯੂਐਸਜੀਐਸ (USGS) ਨੇ ਆਪਣੇ ਸ਼ੁਰੂਆਤੀ ਮੁਲਾਂਕਣ ਵਿੱਚ ਕਿਹਾ ਹੈ ਕਿ ਇਸ ਕੁਦਰਤੀ ਆਫ਼ਤ ਵਿੱਚ ਵੱਡੇ ਪੱਧਰ 'ਤੇ ਜਾਨੀ ਅਤੇ ਮਾਲੀ ਨੁਕਸਾਨ ਹੋਣ ਦਾ ਖਦਸ਼ਾ ਹੈ। ਕਈ ਵੱਡੀਆਂ ਇਮਾਰਤਾਂ ਭੂਚਾਲ ਕਾਰਨ ਡਿੱਗ ਗਈਆਂ ਹਨ।

ਭੂਚਾਲ ਤੋਂ ਬਾਅਦ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਅਤੇ ਬਚਾਅ ਕਾਰਜ ਤੇਜ਼ ਕਰ ਦਿੱਤੇ ਗਏ ਹਨ। ਫਸੇ ਹੋਏ ਲੋਕਾਂ ਨੂੰ ਬਾਹਰ ਕੱਢਣ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਦਾ ਕੰਮ ਲਗਾਤਾਰ ਜਾਰੀ ਹੈ, ਜਦਕਿ ਪ੍ਰਸ਼ਾਸਨ ਹੋਏ ਨੁਕਸਾਨ ਦਾ ਅੰਦਾਜ਼ਾ ਲਗਾਉਣ ਵਿੱਚ ਜੁਟਿਆ ਹੋਇਆ ਹੈ। ਭੂਚਾਲ ਆਉਣ ਤੋਂ ਬਾਅਦ ਸ਼ਹਿਰ ਵਿੱਚ ਕਈ ਘਰ ਡਿੱਗ ਗਏ। ਇਸ ਦੌਰਾਨ ਲੋਕ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਦੇ ਹੋਏ ਨਜ਼ਰ ਆਏ।

ਮੌਤਾਂ ਨੂੰ ਲੈ ਕੇ ਆਈ ਆਹ ਅਪਡੇਟ

ਵੈਨੇਜ਼ੁਏਲਾ ਦੀ ਕਾਰਜਕਾਰੀ ਰਾਸ਼ਟਰਪਤੀ ਡੇਲਸੀ ਰੋਡਰਿਗਜ਼ ਨੇ ਕਿਹਾ ਹੈ ਕਿ ਭੂਚਾਲ ਕਾਰਨ ਘੱਟੋ-ਘੱਟ 32 ਲੋਕਾਂ ਦੀ ਮੌਤ ਹੋ ਗਈ ਹੈ ਅਤੇ 700 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਰੋਡਰਿਗਜ਼ ਨੇ ਅੱਗੇ ਦੱਸਿਆ ਕਿ ਲਾ ਗੁਏਰਾ ਸ਼ਹਿਰ ਵਿੱਚ ਦਰਜਨਾਂ ਇਮਾਰਤਾਂ ਡਿੱਗ ਗਈਆਂ ਹਨ। ਉਨ੍ਹਾਂ ਨੇ ਇਸ ਘਟਨਾ ਨੂੰ ਇੱਕ ਵੱਡੀ 'ਤ੍ਰਾਸਦੀ' ਕਰਾਰ ਦਿੱਤਾ ਹੈ।

ਇਹ ਸੇਵਾਵਾਂ ਬੰਦ

ਗ੍ਰਹਿ ਮੰਤਰੀ ਡਿਓਸਡਾਡੋ ਕੈਬੇਲੋ ਨੇ ਕਿਹਾ ਹੈ ਕਿ ਭੂਚਾਲ ਨਾਲ ਹੋਏ ਨੁਕਸਾਨ ਦੀ ਜਾਂਚ ਦੌਰਾਨ ਸੁਰੱਖਿਆ ਕਾਰਨਾਂ ਕਰਕੇ ਗੈਸ ਸਪਲਾਈ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ਵੈਨੇਜ਼ੁਏਲਾ ਦੇ ਅਖਬਾਰ 'ਅਲ ਯੂਨੀਵਰਸਲ' ਮੁਤਾਬਕ, ਕੈਬੇਲੋ ਨੇ ਦੱਸਿਆ, "ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਅਸੀਂ ਨਹੀਂ ਚਾਹੁੰਦੇ ਕਿ ਗੈਸ ਲੀਕ ਹੋਣ ਕਾਰਨ ਕੋਈ ਹੋਰ ਹਾਦਸਾ ਵਾਪਰੇ। ਅਸੀਂ ਨੁਕਸਾਨ ਦਾ ਜਾਇਜ਼ਾ ਪੂਰਾ ਹੋਣ ਤੱਕ ਗੈਸ ਸੇਵਾਵਾਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਹਨ।" ਇਸ ਤੋਂ ਇਲਾਵਾ ਸਕੂਲ ਵੀ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੇ ਗਏ ਹਨ।

Punjabi Shorts

Latest News