ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਦਾ ਪਾਕਿਸਤਾਨੀ ਮੌਲਾਨਾ 'ਤੇ ਵੱਡਾ ਐਕਸ਼ਨ; ਘਟੀਆ ਬਿਆਨਬਾਜ਼ੀ ਕਾਰਨ ਦੇਸ਼ ਤੋਂ ਕੱਢਿਆ, ਜਾਣੋ ਪੂਰਾ ਮਾਮਲਾ
ਇਟਲੀ ਦੇ ਅਧਿਕਾਰੀਆਂ ਨੇ (3 ਅਪ੍ਰੈਲ ਨੂੰ) ਇੱਕ 25 ਸਾਲਾ ਪਾਕਿਸਤਾਨੀ ਇਮਾਮ, ਅਲੀ ਕਾਸ਼ਿਫ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਹੈ। ਇਹ ਕਾਰਵਾਈ ਅਲੀ ਕਾਸ਼ਿਫ ਉਸ ਬਿਆਨ ਤੋਂ ਬਾਅਦ ਕੀਤੀ ਗਈ ਹੈ ਜਿਸ ਵਿੱਚ ਉਨ੍ਹਾਂ ਨੇ ਨਾਬਾਲਗ ਕੁੜੀਆਂ ਦੇ ਵਿਆਹ ਨੂੰ ਸਹੀ ਠਹਿਰਾਇਆ ਸੀ। ਇਟਲੀ ਸਰਕਾਰ ਨੇ ਇਸ ਨੂੰ ਦੇਸ਼ ਦੀਆਂ ਕਦਰਾਂ-ਕੀਮਤਾਂ ਦੇ ਉਲਟ ਅਤੇ ਸੁਰੱਖਿਆ ਲਈ ਖਤਰਾ ਮੰਨਦਿਆਂ ਇਹ ਸਖ਼ਤ ਕਦਮ ਚੁੱਕਿਆ ਹੈ।
ਇੰਝ ਕੀਤਾ ਗਿਆ ਸਟਿੰਗ ਆਪ੍ਰੇਸ਼ਨ
ਕਾਸ਼ਿਫ਼ ਦੇ ਇਹ ਵਿਚਾਰ ਇਟਲੀ ਦੇ ਚੈਨਲ 'ਰੇਟ 4' (Rete 4) ਦੇ ਪ੍ਰੋਗਰਾਮ "ਫੂਓਰੀ ਡਾਲ ਕੋਰੋ" (Fuori dal Coro) ਦੁਆਰਾ ਕੀਤੇ ਗਏ ਇੱਕ ਸਟਿੰਗ ਆਪ੍ਰੇਸ਼ਨ ਦੌਰਾਨ ਸਾਹਮਣੇ ਆਏ। ਇਸ ਆਪ੍ਰੇਸ਼ਨ ਦੌਰਾਨ, ਇੱਕ ਰਿਪੋਰਟਰ ਨੇ ਇਸਲਾਮ ਕਬੂਲਣ ਦੇ ਚਾਹਵਾਨ ਇਤਾਲਵੀ ਨਾਗਰਿਕ ਵਜੋਂ ਪੇਸ਼ ਹੋ ਕੇ ਕਾਸ਼ਿਫ਼ ਨਾਲ ਵਿਆਹ ਦੀਆਂ ਰਸਮਾਂ ਬਾਰੇ ਗੱਲਬਾਤ ਕੀਤੀ। ਗੱਲਬਾਤ ਦੌਰਾਨ ਇਮਾਮ ਨੇ ਕਿਹਾ ਕਿ ਕੁੜੀਆਂ ਨੂੰ 9 ਸਾਲ ਦੀ ਉਮਰ ਵਿੱਚ ਹੀ ਵਿਆਹ ਦੇ ਯੋਗ ਮੰਨਿਆ ਜਾ ਸਕਦਾ ਹੈ, ਅਤੇ ਉਸਨੇ ਬਾਲਗ ਹੋਣ ਨੂੰ ਮਾਹਵਾਰੀ ਚੱਕਰ ਦੇ ਸ਼ੁਰੂ ਹੋਣ ਨਾਲ ਜੋੜਿਆ। ਜਦੋਂ ਇਹ ਵੀਡੀਓ ਪ੍ਰਸਾਰਿਤ ਕੀਤੀ ਗਈ, ਤਾਂ ਪੂਰੇ ਇਟਲੀ ਵਿੱਚ ਭਾਰੀ ਰੋਸ ਅਤੇ ਗੁੱਸਾ ਫੈਲ ਗਿਆ।
ਉੱਤਰੀ ਇਟਲੀ ਦੇ ਬਰੇਸ਼ੀਆ (Brescia) ਦੀ ਪੁਲਿਸ ਕਮਿਸ਼ਨਰ ਪਾਓਲਾ ਸਾਰਤੋਰੀ ਨੇ ਵੀਡੀਓ ਦੀ ਸਮੀਖਿਆ ਕੀਤੀ ਅਤੇ ਉਸ ਨੂੰ ਵਾਪਸ ਪਾਕਿਸਤਾਨ ਭੇਜਣ ਲਈ ਦੇਸ਼ ਨਿਕਾਲੇ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਇਤਾਲਵੀ ਅਧਿਕਾਰੀਆਂ ਨੇ ਪਾਇਆ ਕਿ ਉਸ ਦੇ ਬਿਆਨ ਇਟਲੀ ਦੇ ਕਾਨੂੰਨਾਂ ਅਤੇ ਬੱਚਿਆਂ ਦੇ ਅਧਿਕਾਰਾਂ ਦੀ ਸ਼ਰੇਆਮ ਉਲੰਘਣਾ ਹਨ, ਜੋ ਸਮਾਜਿਕ ਖ਼ਤਰਾ ਪੈਦਾ ਕਰਦੇ ਹਨ ਅਤੇ ਜਨਤਕ ਸੁਰੱਖਿਆ ਲਈ ਚੁਣੌਤੀ ਹਨ। ਬਾਅਦ ਵਿੱਚ, ਬਰੇਸ਼ੀਆ ਦੀ ਸਥਾਨਕ ਪੁਲਿਸ ਨੇ ਉਸ ਨੂੰ ਜਨਤਕ ਵਿਵਸਥਾ ਅਤੇ ਸਮਾਜਿਕ ਸਥਿਰਤਾ ਲਈ ਖ਼ਤਰਾ ਕਰਾਰ ਦਿੱਤਾ, ਜਦੋਂ ਕਿ ਇਮੀਗ੍ਰੇਸ਼ਨ ਵਿਭਾਗ ਨੇ ਸਪੱਸ਼ਟ ਕੀਤਾ ਕਿ ਉਸ ਕੋਲ ਕੋਈ ਜਾਇਜ਼ ਜਾਂ ਸਥਾਈ ਰਿਹਾਇਸ਼ੀ ਦਸਤਾਵੇਜ਼ (Residence Status) ਨਹੀਂ ਸਨ।
ਕਟਵਾਈ ਅਲੀ ਕਾਸ਼ਿਫ਼ ਦੀ ਇਸਲਾਮਾਬਾਦ ਦੀ ਟਿਕਟ
ਅਲੀ ਕਾਸ਼ਿਫ਼, ਜੋ ਪਿਛਲੇ ਛੇ ਸਾਲਾਂ ਤੋਂ ਇਟਲੀ ਵਿੱਚ ਰਹਿ ਰਿਹਾ ਸੀ, ਨੂੰ ਮਿਲਾਨ ਮਾਲਪੇਂਸਾ ਹਵਾਈ ਅੱਡੇ ਤੋਂ ‘ਨੈਸ਼ਨਲ ਸਕਿਓਰਿਟੀ ਐਕਟ’ ਤਹਿਤ ਇਸਲਾਮਾਬਾਦ ਵਾਪਸ ਭੇਜ ਦਿੱਤਾ ਗਿਆ ਹੈ। ਇਹ ਕਾਨੂੰਨ ਸਰਕਾਰ ਨੂੰ ਕਿਸੇ ਵੀ ਅਜਿਹੇ ਵਿਦੇਸ਼ੀ ਨੂੰ ਦੇਸ਼ ਵਿੱਚੋਂ ਕੱਢਣ ਦਾ ਅਧਿਕਾਰ ਦਿੰਦਾ ਹੈ ਜੋ "ਸਮਾਜ ਲਈ ਖ਼ਤਰਾ" ਜਾਂ ਜਨਤਕ ਵਿਵਸਥਾ ਲਈ ਚੁਣੌਤੀ ਬਣਦਾ ਹੋਵੇ। ਇਸ ਤੋਂ ਪਹਿਲਾਂ, ਇੱਕ ਵੱਖਰੇ ਮਾਮਲੇ ਵਿੱਚ, ਬੋਲੋਨਾ (Bologna) ਦੇ ਇੱਕ ਹੋਰ ਇਮਾਮ ਜ਼ੁਲਫ਼ਿਕਾਰ ਖ਼ਾਨ ਨੂੰ ਅਕਤੂਬਰ 2024 ਵਿੱਚ ਉਸ ਦੀਆਂ ਸੋਸ਼ਲ ਮੀਡੀਆ ਗਤੀਵਿਧੀਆਂ ਕਾਰਨ ਇਟਲੀ ਤੋਂ ਬਾਹਰ ਕੱਢ ਦਿੱਤਾ ਗਿਆ ਸੀ।
ਇਹ ਵਿਵਾਦ ਯੂਰਪੀਅਨ ਉਦਾਰਵਾਦੀ ਕਾਨੂੰਨੀ ਢਾਂਚੇ ਅਤੇ ਪਾਕਿਸਤਾਨ ਵਿੱਚ ਪ੍ਰਚਲਿਤ ਵਿਰੋਧੀ ਸਮਾਜਿਕ ਮਾਨਤਾਵਾਂ ਵਿਚਕਾਰ ਡੂੰਘੇ ਪਾੜੇ ਨੂੰ ਉਜਾਗਰ ਕਰਦਾ ਹੈ। ਬਾਲ ਵਿਆਹ ਸਬੰਧੀ ਕਾਨੂੰਨੀ ਵਿਵਸਥਾਵਾਂ ਅਤੇ ਜ਼ਮੀਨੀ ਹਕੀਕਤ ਵਿਚਾਲੇ ਇਹ ਅੰਤਰ ਹੋਰ ਵੀ ਵੱਡਾ ਹੈ। ਯੂਨੀਸੈਫ (UNICEF) ਵਰਗੀਆਂ ਸੰਸਥਾਵਾਂ ਦੀਆਂ ਰਿਪੋਰਟਾਂ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਹਨ ਕਿ ਪਾਕਿਸਤਾਨ ਵਿੱਚ ਲਗਭਗ ਹਰ ਛੇ ਵਿੱਚੋਂ ਇੱਕ ਮੁਟਿਆਰ ਦਾ ਵਿਆਹ 18 ਸਾਲ ਦੀ ਉਮਰ ਤੋਂ ਪਹਿਲਾਂ ਹੀ ਕਰ ਦਿੱਤਾ ਜਾਂਦਾ ਹੈ।