Tuesday, 18th of August 2026

Imran Khan: ਜੇਲ੍ਹ ‘ਚ ਇਮਰਾਨ ਖ਼ਾਨ ਦੀ ਤਬੀਅਤ ਵਿਗੜੀ: PAK ਸੁਪਰੀਮ ਕੋਰਟ ਨੇ ਤੁਰੰਤ ਹਸਪਤਾਲ 'ਚ ਸ਼ਿਫ਼ਟ ਕਰਨ ਸਣੇ ਪਰਿਵਾਰ ਨਾਲ ਮੁਲਾਕਾਤ ਕਰਨ ਦੇ ਦਿੱਤੇ ਹੁਕਮ

ਗੁਆਂਢੀ ਦੇਸ਼ ਤੋਂ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਸੁਪਰੀਮ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਵਿਗੜਦੀ ਤਬੀਅਤ ਦੇ ਚੱਲਦੇ ਜੇਲ੍ਹ ਪ੍ਰਸ਼ਾਸਨ ਤੁਰੰਤ ਉਨ੍ਹਾਂ ਨੂੰ ਹਸਪਤਾਲ 'ਚ ਸ਼ਿਫਟ ਕਰਨ ਦੇ ਆਦੇਸ਼ ਦੇ ਦਿੱਤੇ ਹਨ।

Edited By: Lajwinder Kaur | Updated at: August 18th 2026 05:44 PM
Trending News
Imran Khan: ਜੇਲ੍ਹ ‘ਚ ਇਮਰਾਨ ਖ਼ਾਨ ਦੀ ਤਬੀਅਤ ਵਿਗੜੀ: PAK ਸੁਪਰੀਮ ਕੋਰਟ ਨੇ ਤੁਰੰਤ ਹਸਪਤਾਲ 'ਚ ਸ਼ਿਫ਼ਟ ਕਰਨ ਸਣੇ ਪਰਿਵਾਰ ਨਾਲ ਮੁਲਾਕਾਤ ਕਰਨ ਦੇ ਦਿੱਤੇ ਹੁਕਮ

Imran Khan: ਜੇਲ੍ਹ ‘ਚ ਇਮਰਾਨ ਖ਼ਾਨ ਦੀ ਤਬੀਅਤ ਵਿਗੜੀ: PAK ਸੁਪਰੀਮ ਕੋਰਟ ਨੇ ਤੁਰੰਤ ਹਸਪਤਾਲ 'ਚ ਸ਼ਿਫ਼ਟ ਕਰਨ ਸਣੇ ਪਰਿਵਾਰ ਨਾਲ ਮੁਲਾਕਾਤ ਕਰਨ ਦੇ ਦਿੱਤੇ ਹੁਕਮ

ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਵਿਗੜਦੀ ਸਿਹਤ 'ਤੇ ਚਿੰਤਾ ਪ੍ਰਗਟਾਉਂਦੇ ਹੋਏ ਜੇਲ੍ਹ ਪ੍ਰਸ਼ਾਸਨ ਨੂੰ ਉਨ੍ਹਾਂ ਨੂੰ ਤੁਰੰਤ ਹਸਪਤਾਲ ਸ਼ਿਫ਼ਟ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਇਮਰਾਨ ਖ਼ਾਨ ਨੂੰ ਇਸਲਾਮਾਬਾਦ ਦੇ 'ਸ਼ਿਫ਼ਾ ਇੰਟਰਨੈਸ਼ਨਲ ਹਸਪਤਾਲ' (Shifa International Hospital) ਲੈ ਜਾ ਕੇ ਉਨ੍ਹਾਂ ਦੀ ਡਾਕਟਰੀ ਜਾਂਚ ਕਰਨ ਅਤੇ ਪਰਿਵਾਰ ਨਾਲ ਮੁਲਾਕਾਤ ਕਰਵਾਉਣ ਦੇ ਸਬੰਧ ਵਿੱਚ ਅਹਿਮ ਨਿਰਦੇਸ਼ ਜਾਰੀ ਕੀਤੇ ਹਨ।

ਹਸਪਤਾਲ ਦਾਖ਼ਲ ਕਰਵਾਉਣ ਦੇ ਹੁਕਮ

'ਡਾਨ' (Dawn) ਦੀ ਰਿਪੋਰਟ ਮੁਤਾਬਕ, ਜਸਟਿਸ ਸ਼ਾਹਿਦ ਵਹੀਦ ਦੀ ਅਗਵਾਈ ਵਾਲੀ 3 ਮੈਂਬਰੀ ਸੁਪਰੀਮ ਕੋਰਟ ਬੈਂਚ (ਜਿਸ ਵਿੱਚ ਜਸਟਿਸ ਨਈਮ ਅਖ਼ਤਰ ਅਫ਼ਗਾਨ ਅਤੇ ਜਸਟਿਸ ਇਸ਼ਤਿਆਕ ਇਬਰਾਹਿਮ ਸ਼ਾਮਲ ਸਨ) ਨੇ ਇਮਰਾਨ ਖ਼ਾਨ ਨੂੰ ਹਸਪਤਾਲ ਦਾਖ਼ਲ ਕਰਵਾਉਣ ਵਾਲੀ ਪਟੀਸ਼ਨ 'ਤੇ ਸੁਣਵਾਈ ਕੀਤੀ। ਅਦਾਲਤ ਨੇ ਉਨ੍ਹਾਂ ਦੀ ਡਾਕਟਰੀ ਜਾਂਚ ਲਈ ਇੱਕ ਮੈਡੀਕਲ ਬੋਰਡ ਗਠਿਤ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿਸ ਵਿੱਚ ਉਨ੍ਹਾਂ ਦੇ ਨਿੱਜੀ ਡਾਕਟਰ ਅਤੇ ਉਨ੍ਹਾਂ ਦੀ ਭੈਣ ਉਜ਼ਮਾ ਖ਼ਾਨ ਨੂੰ ਵੀ ਸ਼ਾਮਲ ਕੀਤਾ ਜਾਵੇਗਾ।

ਜੇਲ੍ਹ ਦੇ ਸਖ਼ਤ ਨਿਯਮਾਂ 'ਚ ਰਾਹਤ: ਹਫ਼ਤੇ ਵਿੱਚ ਪਰਿਵਾਰ ਨਾਲ ਮੁਲਾਕਾਤ ਦੀ ਇਜਾਜ਼ਤ, ਮੈਡੀਕਲ ਰਿਪੋਰਟ 'ਤੇ ਰੋਕ

ਸੁਪਰੀਮ ਕੋਰਟ ਨੇ ਇਮਰਾਨ ਖ਼ਾਨ 'ਤੇ ਜੇਲ੍ਹ ਵਿੱਚ ਲਾਗੂ ਕਥਿਤ ਸਖ਼ਤ ਪਾਬੰਦੀਆਂ ਦਾ ਵੀ ਨੋਟਿਸ ਲਿਆ ਹੈ। ਅਦਾਲਤ ਨੇ ਜੇਲ੍ਹ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਹਰ ਹਫ਼ਤੇ ਉਨ੍ਹਾਂ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਦਿੱਤੀ ਜਾਵੇ।

ਹਾਲਾਂਕਿ, ਅਦਾਲਤ ਨੇ ਇਮਰਾਨ ਖ਼ਾਨ ਦੀ ਸਿਹਤ ਸੰਬੰਧੀ ਜਾਣਕਾਰੀ ਨੂੰ ਜਨਤਕ ਕਰਨ 'ਤੇ ਰੋਕ ਲਗਾ ਦਿੱਤੀ ਹੈ। ਉਨ੍ਹਾਂ ਦੇ ਵਕੀਲਾਂ ਅਤੇ ਪਰਿਵਾਰ ਨੂੰ ਮੈਡੀਕਲ ਰਿਪੋਰਟ ਮੀਡੀਆ ਨਾਲ ਸਾਂਝੀ ਨਾ ਕਰਨ ਅਤੇ ਇਸ ਮਾਮਲੇ ਨੂੰ ਸਿਆਸੀ ਰੰਗਤ ਨਾ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਅਦਾਲਤ ਦਾ ਇਹ ਹੁਕਮ ਅਜਿਹੇ ਸਮੇਂ ਆਇਆ ਹੈ ਜਦੋਂ ਇਮਰਾਨ ਖ਼ਾਨ ਦੀ ਸਿਹਤ ਨੂੰ ਲੈ ਕੇ ਲਗਾਤਾਰ ਸਵਾਲ ਉੱਠ ਰਹੇ ਸਨ। ਉਹ ਅਗਸਤ 2023 ਤੋਂ ਅਡਿਆਲਾ ਜੇਲ੍ਹ (Adiala Jail) ਵਿੱਚ ਬੰਦ ਹਨ। ਅਦਾਲਤ ਦੇ ਇਸ ਤਾਜ਼ਾ ਹੁਕਮ ਤੋਂ ਇੱਕ ਦਿਨ ਪਹਿਲਾਂ ਜੇਲ੍ਹ ਸੁਪਰਡੰਟ ਨੇ ਸੁਪਰੀਮ ਕੋਰਟ ਵਿੱਚ ਇਮਰਾਨ ਖ਼ਾਨ ਦੀ ਸਿਹਤ ਸੰਬੰਧੀ ਰਿਪੋਰਟ ਪੇਸ਼ ਕੀਤੀ ਸੀ।

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਰਿਫ਼ ਅਲਵੀ ਨੇ ਵੀ ਜਤਾਈ ਚਿੰਤਾ

ਦੱਸਣਯੋਗ ਹੈ ਕਿ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਰਿਫ਼ ਅਲਵੀ ਨੇ ਵੀ ਮੰਗਲਵਾਰ ਨੂੰ ਇਮਰਾਨ ਖ਼ਾਨ ਦੀ ਡਾਕਟਰੀ ਸਥਿਤੀ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਈ। ਸੋਸ਼ਲ ਮੀਡੀਆ ਪਲੇਟਫ਼ਾਰਮ 'X' (ਟਵਿੱਟਰ) 'ਤੇ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਇਮਰਾਨ ਖ਼ਾਨ ਦੀ ਮੈਡੀਕਲ ਰਿਪੋਰਟ ਬੇਹੱਦ ਚਿੰਤਾਜਨਕ ਹੈ। ਅਲਵੀ ਨੇ ਇਮਰਾਨ ਖ਼ਾਨ ਵਿੱਚ ਘਬਰਾਹਟ (ਚਿੰਤਾ), ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਧੜਕਣ ਨਾਲ ਜੁੜੀਆਂ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੰਬੇ ਸਮੇਂ ਤੋਂ ਇਕਾਂਤਵਾਸ ਵਿੱਚ ਰੱਖਣਾ ਉਨ੍ਹਾਂ ਦੀ ਸਿਹਤ 'ਤੇ ਗੰਭੀਰ ਸਰੀਰਕ ਅਸਰ ਪਾ ਰਿਹਾ ਹੈ।

ਉਨ੍ਹਾਂ ਨੇ ਸੁਤੰਤਰ ਡਾਕਟਰਾਂ ਦੇ ਪੈਨਲ ਦੀ ਦੇਖ-ਰੇਖ ਹੇਠ ਉਨ੍ਹਾਂ ਨੂੰ ਤੁਰੰਤ ਹਸਪਤਾਲ ਲੈ ਜਾਣ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਇਮਰਾਨ ਖ਼ਾਨ ਦੇ ਬੇਟਿਆਂ ਸੁਲੇਮਾਨ ਖ਼ਾਨ ਅਤੇ ਕਾਸਿਮ ਖ਼ਾਨ ਨੇ ਸੀ.ਐੱਨ.ਐੱਨ. (CNN) ਨਾਲ ਗੱਲਬਾਤ ਕਰਦਿਆਂ ਦੱਸਿਆ ਸੀ ਕਿ ਉਨ੍ਹਾਂ ਨੂੰ ਆਪਣੇ ਪਿਤਾ ਦੀ ਮੌਜੂਦਾ ਸਥਿਤੀ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲ ਰਹੀ ਹੈ।

ਪਰਿਵਾਰ ਨਾਲ ਮੁਲਾਕਾਤ 'ਤੇ ਰੋਕ ਅਤੇ ਦੇਸ਼ ਵਿਆਪੀ ਪ੍ਰਦਰਸ਼ਨ

ਉਨ੍ਹਾਂ ਅਨੁਸਾਰ, ਪਰਿਵਾਰ, ਵਕੀਲਾਂ ਅਤੇ ਡਾਕਟਰਾਂ ਨੂੰ ਕਰੀਬ ਸੱਤ ਮਹੀਨਿਆਂ ਤੋਂ ਇਮਰਾਨ ਖ਼ਾਨ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਮਰਾਨ ਖ਼ਾਨ ਦੀ ਸਿਹਤ ਅਤੇ ਕਥਿਤ ਤੌਰ 'ਤੇ ਉਨ੍ਹਾਂ ਨੂੰ ਪਰਿਵਾਰ ਤੇ ਡਾਕਟਰਾਂ ਤੋਂ ਦੂਰ ਰੱਖਣ ਦੇ ਮੁੱਦੇ 'ਤੇ ਉਨ੍ਹਾਂ ਦੀ ਪਾਰਟੀ 'ਪਾਕਿਸਤਾਨ ਤਹਿਰੀਕ-ਏ-ਇਨਸਾਫ਼' (PTI) ਦੇ ਸਮਰਥਕਾਂ ਨੇ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ ਹਨ। ਪ੍ਰਦਰਸ਼ਨਕਾਰੀ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਦੀ ਰਿਹਾਈ ਦੀ ਮੰਗ ਕਰ ਰਹੇ ਹਨ।

ਖ਼ਾਨ 2022 ਵਿੱਚ ਅਵਿਸ਼ਵਾਸ ਪ੍ਰਸਤਾਵ ਰਾਹੀਂ ਸੱਤਾ ਤੋਂ ਹਟਾਏ ਜਾਣ ਤੋਂ ਬਾਅਦ ਲਗਾਤਾਰ ਕਾਨੂੰਨੀ ਅਤੇ ਸਿਆਸੀ ਵਿਵਾਦਾਂ ਵਿੱਚ ਘਿਰੇ ਹੋਏ ਹਨ। ਜ਼ਿਕਰਯੋਗ ਹੈ ਕਿ ਇਮਰਾਨ ਖ਼ਾਨ ਅਗਸਤ 2023 ਤੋਂ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਦੇ ਸਮਰਥਕ ਅਤੇ ਸਹਿਯੋਗੀ ਕਈ ਮਾਮਲਿਆਂ ਵਿੱਚ ਲਗਾਏ ਗਏ ਦੋਸ਼ਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦੇ ਰਹੇ ਹਨ। 2024 ਦੀਆਂ ਆਮ ਚੋਣਾਂ ਵਿੱਚ ਵੀ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪਾਰਟੀ ਦੇ ਸਾਹਮਣੇ ਕਈ ਕਾਨੂੰਨੀ ਅਤੇ ਸਿਆਸੀ ਰੁਕਾਵਟਾਂ ਆਈਆਂ। ਹੁਣ ਉਨ੍ਹਾਂ ਦੀ ਸਿਹਤ ਸੰਬੰਧੀ ਸੁਪਰੀਮ ਕੋਰਟ ਦਾ ਤਾਜ਼ਾ ਹੁਕਮ ਪਾਕਿਸਤਾਨ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਵੱਡਾ ਮੁੱਦਾ ਬਣ ਗਿਆ ਹੈ।

TAGS

Punjabi Shorts

Latest News