Friday, 9th of October 2026

ਪੰਜਾਬ ਕਾਂਗਰਸ 'ਚ 'ਰਾਜਾ' ਵੜਿੰਗ ਹੀ ਰਹਿਣਗੇ ਪ੍ਰਧਾਨ; ਅੰਦਰੂਨੀ ਕਲੇਸ਼ ਵਿਚਾਲੇ ਭੁਪੇਸ਼ ਬਘੇਲ ਦਾ ਸਪੱਸ਼ਟ ਸੰਦੇਸ਼-ਲੀਡਰਸ਼ਿਪ ‘ਚ ਕੋਈ ਤਬਦੀਲੀ…

Edited By: Lajwinder Kaur | Updated at:
ਪੰਜਾਬ ਕਾਂਗਰਸ 'ਚ 'ਰਾਜਾ' ਵੜਿੰਗ ਹੀ ਰਹਿਣਗੇ ਪ੍ਰਧਾਨ; ਅੰਦਰੂਨੀ ਕਲੇਸ਼ ਵਿਚਾਲੇ ਭੁਪੇਸ਼ ਬਘੇਲ ਦਾ ਸਪੱਸ਼ਟ ਸੰਦੇਸ਼-ਲੀਡਰਸ਼ਿਪ ‘ਚ ਕੋਈ ਤਬਦੀਲੀ…

ਪੰਜਾਬ ਕਾਂਗਰਸ 'ਚ 'ਰਾਜਾ' ਵੜਿੰਗ ਹੀ ਰਹਿਣਗੇ ਪ੍ਰਧਾਨ; ਅੰਦਰੂਨੀ ਕਲੇਸ਼ ਵਿਚਾਲੇ ਭੁਪੇਸ਼ ਬਘੇਲ ਦਾ ਸਪੱਸ਼ਟ ਸੰਦੇਸ਼-ਲੀਡਰਸ਼ਿਪ ‘ਚ ਕੋਈ ਤਬਦੀਲੀ…

ਸੂਬਾ ਇੰਚਾਰਜ ਭੁਪੇਸ਼ ਬਘੇਲ ਜੋ ਕਿ ਪੰਜ ਦਿਨਾਂ ਦੇ ਲਈ ਪੰਜਾਬ ਦੌਰੇ ਉੱਤੇ ਆਏ ਹੋਏ ਹਨ, ਜਿਸ 'ਚੋਂ ਦੋ ਦਿਨ ਲੰਘ ਗਏ ਹਨ। ਉਨ੍ਹਾਂ ਦੀ ਪੰਜਾਬ ਫੇਰੀ ਨੂੰ ਲੈ ਕੇ ਮੰਨਿਆ ਜਾ ਰਿਹਾ ਹੈ ਕਿ ਉਹ ਪਾਰਟੀ ਦੇ ਅੰਦਰੂਨੀ ਕਲੇਸ਼ ਨੂੰ ਠੱਲ ਪਾਉਣਗੇ। ਪਰ ਅਜੇ ਵੀ ਪਾਰਟੀ ਦੇ ਵਿੱਚ ਖਿਚੋਤਾਣ ਦੇ ਨਾਲ-ਨਾਲ ਸ਼ਕਤੀ ਪ੍ਰਦਰਸ਼ਨ ਵੀ ਦੇਖਣ ਨੂੰ ਮਿਲ ਰਿਹਾ ਹੈ। ਹੁਣ ਇਸ ਮਾਮਲੇ ਦੇ ਵਿੱਚ ਇੰਚਾਰਜ ਭੁਪੇਸ਼ ਬਘੇਲ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਲੀਡਰਸ਼ਿਪ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ। ਅਮਰਿੰਦਰ ਸਿੰਘ ਰਾਜਾ ਵੜਿੰਗ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਰਹਿਣਗੇ।

ਹਾਈਕਮਾਂਡ ਆਪਣਾ ਫੈਸਲਾ ਨਹੀਂ ਬਦਲੇਗੀ, ਕੋਈ ਗੁੱਡੇ-ਗੁੱਡੀਆਂ ਦੀ ਖੇਡ ਨਹੀਂ 

ਬੁੱਧਵਾਰ ਨੂੰ ਬਘੇਲ ਨੇ ਕਿਹਾ ਕਿ ਪ੍ਰਧਾਨ ਬਦਲਣਾ ਕੋਈ ਗੁੱਡੇ-ਗੁੱਡੀਆਂ ਦੀ ਖੇਡ ਨਹੀਂ ਹੈ। ਹਾਈਕਮਾਂਡ ਆਪਣਾ ਫੈਸਲਾ ਨਹੀਂ ਬਦਲੇਗੀ। ਵੜਿੰਗ ਦੇ ਨਾਮ 'ਤੇ ਸਾਰੇ ਜ਼ਿਲ੍ਹਾ ਪ੍ਰਧਾਨ ਸਹਿਮਤ ਹਨ। ਰਾਜਾ ਵੜਿੰਗ ਦੀ ਪ੍ਰਧਾਨਗੀ ਵਿੱਚ ਹੀ ਕਾਂਗਰਸ 2027 ਦੀਆਂ ਵਿਧਾਨ ਸਭਾ ਚੋਣਾਂ ਲੜੇਗੀ। ਬਘੇਲ ਨੇ ਕਿਹਾ ਕਿ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਚਰਨਜੀਤ ਸਿੰਘ ਚੰਨੀ ਨਾਲ ਉਨ੍ਹਾਂ ਦੀ ਗੱਲਬਾਤ ਹੋਈ ਹੈ ਅਤੇ ਉਨ੍ਹਾਂ ਨਾਲ ਵੀ ਜਲਦੀ ਮੁਲਾਕਾਤ ਹੋਵੇਗੀ।

ਚੰਨੀ ਅਤੇ ਸਮਰਥਕ ਨਾਰਾਜ਼

ਪੰਜਾਬ ਦੇ ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦੇ ਸਮਰਥਕ ਮੌਜੂਦਾ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਦਲਣ ਦੀ ਜ਼ਿੱਦ 'ਤੇ ਅੜੇ ਹੋਏ ਹਨ। ਇਸ ਵਿਵਾਦ ਨੂੰ ਸੁਲਝਾਉਣ ਲਈ ਪੰਜਾਬ ਇੰਚਾਰਜ ਅਤੇ ਸਾਬਕਾ ਸੀਐੱਮ ਭੁਪੇਸ਼ ਬਘੇਲ ਨੇ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ, ਪਰ ਚੰਨੀ ਪਹਿਲਾਂ ਹਾਈਕਮਾਂਡ ਨੂੰ ਮਿਲਣਾ ਚਾਹੁੰਦੇ ਹਨ।

ਮੰਗਲਵਾਰ ਨੂੰ ਉਨ੍ਹਾਂ ਨੇ ਬਘੇਲ ਦੀ ਮੀਟਿੰਗ ਤੋਂ ਦੂਰੀ ਬਣਾਈ ਰੱਖੀ। ਉਨ੍ਹਾਂ ਦੇ ਸਮਰਥਕ ਵਿਧਾਇਕ, ਸਾਬਕਾ ਮੰਤਰੀ ਅਤੇ ਸਾਬਕਾ ਵਿਧਾਇਕ ਵੀ ਪ੍ਰਦੇਸ਼ ਇੰਚਾਰਜ ਦੀ ਮੀਟਿੰਗ ਵਿੱਚ ਨਹੀਂ ਗਏ। ਹੁਣ ਬਘੇਲ ਦੇ ਸਖ਼ਤ ਰੁਖ਼ ਤੋਂ ਬਾਅਦ ਦੇਖਣਾ ਹੋਵੇਗਾ ਕਿ ਚੰਨੀ ਦਾ ਅਗਲਾ ਕਦਮ ਕੀ ਹੋਵੇਗਾ।

ਰਾਹੁਲ ਅਤੇ ਪ੍ਰਿਅੰਕਾ ਦੀ ਟੀਮ ਮਨਾਉਣ 'ਚ ਜੁਟੀ

ਮੰਗਲਵਾਰ ਸ਼ਾਮ ਨੂੰ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਟੀਮ ਨੇ ਸਾਬਕਾ ਸੀਐੱਮ ਚੰਨੀ ਨਾਲ ਸੰਪਰਕ ਸਾਧਿਆ ਹੈ। ਉਨ੍ਹਾਂ ਦੀ ਮੁਲਾਕਾਤ ਜਲਦ ਹੀ ਰਾਹੁਲ ਗਾਂਧੀ ਨਾਲ ਹੋ ਸਕਦੀ ਹੈ, ਜਦਕਿ ਪ੍ਰਿਅੰਕਾ ਗਾਂਧੀ ਵੱਲੋਂ ਭੇਜੀ ਗਈ ਟੀਮ ਚੰਨੀ ਨੂੰ ਮਿਲ ਕੇ ਜਾ ਚੁੱਕੀ ਹੈ।

ਪਾਰਟੀ ‘ਚ ਫੁੱਟ ਦੇ ਬੱਦਲ ਛਾਏ ਹੋਏ! 

ਹਾਲਾਂਕਿ ਇਸ ਮੁਲਾਕਾਤ ਤੋਂ ਬਾਅਦ ਸਾਬਕਾ ਸੀਐੱਮ ਚੰਨੀ ਅਤੇ ਉਨ੍ਹਾਂ ਦੇ ਸਮਰਥਕ ਫਿਲਹਾਲ ਸ਼ਾਂਤ ਹਨ, ਪਰ ਪੰਜਾਬ ਕਾਂਗਰਸ ਵਿੱਚ ਚੱਲ ਰਹੇ ਅੰਦਰੂਨੀ ਹਾਲਾਤਾਂ ਨੂੰ ਦੇਖਦੇ ਹੋਏ ਹਾਈਕਮਾਂਡ ਨੂੰ ਪਾਰਟੀ ਵਿੱਚ ਫੁੱਟ ਦਾ ਡਰ ਸਤਾ ਰਿਹਾ ਹੈ। ਚੰਨੀ ਦੇ ਇੱਕ ਸਮਰਥਕ ਵਿਧਾਇਕ ਨੇ ਦੱਸਿਆ ਕਿ ਮੋਰਿੰਡਾ ਵਿੱਚ ਹੋਈ ਮੀਟਿੰਗ ਵਿੱਚ ਸਾਰੇ ਆਗੂਆਂ ਨੇ ਸਾਬਕਾ ਸੀਐੱਮ ਚੰਨੀ ਨੂੰ ਇਸ ਮਸਲੇ 'ਤੇ ਹਾਈਕਮਾਂਡ ਨਾਲ ਗੱਲ ਕਰਨ ਲਈ ਅਧਿਕਾਰਤ ਕੀਤਾ ਸੀ, ਇਸ ਲਈ ਸਾਰੇ ਆਗੂ ਚਾਹੁੰਦੇ ਹਨ ਕਿ ਪ੍ਰਦੇਸ਼ ਇੰਚਾਰਜ ਤੋਂ ਪਹਿਲਾਂ ਸਾਬਕਾ ਸੀਐੱਮ ਚੰਨੀ ਰਾਹੁਲ ਗਾਂਧੀ ਅਤੇ ਮਲਿਕਾਰਜੁਨ ਖੜਗੇ ਦੇ ਸਾਹਮਣੇ ਪੰਜਾਬ ਦੇ ਨਾਰਾਜ਼ ਆਗੂਆਂ ਦੀ ਗੱਲ ਰੱਖਣ। ਉਨ੍ਹਾਂ ਅਨੁਸਾਰ ਜ਼ਿਆਦਾਤਰ ਆਗੂ ਵੜਿੰਗ ਦੀ ਲੀਡਰਸ਼ਿਪ ਨੂੰ ਸਵੀਕਾਰ ਨਹੀਂ ਕਰ ਰਹੇ ਹਨ।