Thursday, 18th of June 2026

ਚੰਡੀਗੜ੍ਹ-ਪੰਜਾਬ 'ਚ ਮੀਂਹ ਤੇ ਝੱਖੜ ਨੇ ਮਚਾਈ ਤਬਾਹੀ, ਕਈ ਥਾਂ ਡਿੱਗੇ ਦਰੱਖਤ ਤੇ ਕੰਧਾਂ, ਬਿਜਲੀ ਸਪਲਾਈ ਠੱਪ, ਪ੍ਰਸ਼ਾਸਨ ਵੱਲੋਂ ਹਾਈ ਅਲਰਟ!

Edited By: Lajwinder Kaur | Updated at: May 04th 2026 10:25 AM
Trending News
ਚੰਡੀਗੜ੍ਹ-ਪੰਜਾਬ 'ਚ ਮੀਂਹ ਤੇ ਝੱਖੜ ਨੇ ਮਚਾਈ ਤਬਾਹੀ, ਕਈ ਥਾਂ ਡਿੱਗੇ ਦਰੱਖਤ ਤੇ ਕੰਧਾਂ,  ਬਿਜਲੀ ਸਪਲਾਈ ਠੱਪ, ਪ੍ਰਸ਼ਾਸਨ ਵੱਲੋਂ ਹਾਈ ਅਲਰਟ!

ਚੰਡੀਗੜ੍ਹ-ਪੰਜਾਬ 'ਚ ਮੀਂਹ ਤੇ ਝੱਖੜ ਨੇ ਮਚਾਈ ਤਬਾਹੀ, ਕਈ ਥਾਂ ਡਿੱਗੇ ਦਰੱਖਤ ਤੇ ਕੰਧਾਂ, ਬਿਜਲੀ ਸਪਲਾਈ ਠੱਪ, ਪ੍ਰਸ਼ਾਸਨ ਵੱਲੋਂ ਹਾਈ ਅਲਰਟ!

ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਸਵੇਰੇ ਅਚਾਨਕ ਮੌਸਮ ਨੇ ਕਰਵਟ ਲਈ, ਜਿਸ ਕਾਰਨ ਚੰਡੀਗੜ੍ਹ, ਜਲੰਧਰ, ਅੰਮ੍ਰਿਤਸਰ, ਲੁਧਿਆਣਾ ਅਤੇ ਮੋਹਾਲੀ ਸਮੇਤ ਕਈ ਇਲਾਕਿਆਂ ਵਿੱਚ ਤੇਜ਼ ਮੀਂਹ ਅਤੇ ਹਨ੍ਹੇਰੀ ਨੇ ਭਾਰੀ ਤਬਾਹੀ ਮਚਾਈ। ਤੇਜ਼ ਝੱਖੜ ਕਾਰਨ ਕਈ ਥਾਵਾਂ 'ਤੇ ਦਰੱਖਤ ਅਤੇ ਕੰਧਾਂ ਡਿੱਗਣ ਨਾਲ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ ਹੈ ਅਤੇ ਕਈ ਇਲਾਕਿਆਂ ਵਿੱਚ 3 ਤੋਂ 5 ਘੰਟੇ ਬਿਜਲੀ ਗੁੱਲ ਰਹੀ। ਮੋਹਾਲੀ ਦੇ ਫੇਜ਼-6 ਵਿੱਚ ਦਰੱਖਤ ਡਿੱਗਣ ਨਾਲ ਕਾਰਾਂ ਚਕਨਾਚੂਰ ਹੋ ਗਈਆਂ ਅਤੇ ਹਵਾ ਇੰਨੀ ਤੇਜ਼ ਸੀ ਕਿ ਘਰਾਂ ਦੀਆਂ ਛੱਤਾਂ ਤੋਂ ਪਾਣੀ ਦੀਆਂ ਟੈਂਕੀਆਂ ਤੱਕ ਉੱਡ ਗਈਆਂ। ਇਸੇ ਤਰ੍ਹਾਂ ਕੋਟਕਪੂਰਾ ਵਿੱਚ ਜਾਗਰਣ ਲਈ ਲਗਾਏ ਗਏ ਟੈਂਟ ਵੀ ਹਨ੍ਹੇਰੀ ਦੀ ਭੇਟ ਚੜ੍ਹ ਗਏ, ਜਿਸ ਕਾਰਨ ਆਮ ਜਨ-ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।

ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਅਨੁਸਾਰ, ਅੱਜ ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਗਰਜ-ਚਮਕ ਦੇ ਨਾਲ ਤੇਜ਼ ਮੀਂਹ ਅਤੇ ਹਨ੍ਹੇਰੀ ਚੱਲਣ ਦੀ ਸੰਭਾਵਨਾ ਹੈ, ਜਿਸ ਨੂੰ ਲੈ ਕੇ 'ਯੈਲੋ ਅਲਰਟ' ਜਾਰੀ ਕੀਤਾ ਗਿਆ ਹੈ। ਇਹਨਾਂ ਜ਼ਿਲ੍ਹਿਆਂ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ ਅਤੇ ਰੂਪਨਗਰ ਸ਼ਾਮਲ ਹਨ। ਮੌਸਮ ਵਿਭਾਗ ਮੁਤਾਬਕ ਇਹਨਾਂ ਇਲਾਕਿਆਂ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ ਅਤੇ ਹਲਕੇ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਮੌਸਮ ਦਾ ਇਹ ਮਿਜ਼ਾਜ 8 ਮਈ ਤੱਕ ਇਸੇ ਤਰ੍ਹਾਂ ਬਣਿਆ ਰਹੇਗਾ।

ਸ਼ੁੱਕਰਵਾਰ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਗਰਮੀ ਦਾ ਕਹਿਰ ਦੇਖਣ ਨੂੰ ਮਿਲਿਆ, ਜਿਸ ਵਿੱਚ ਬਠਿੰਡਾ 40.2 ਡਿਗਰੀ ਤਾਪਮਾਨ ਨਾਲ ਸਭ ਤੋਂ ਗਰਮ ਰਿਹਾ। ਫਰੀਦਕੋਟ ਵਿੱਚ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਅਤੇ ਫਾਜ਼ਿਲਕਾ ਵਿੱਚ 39.5 ਡਿਗਰੀ ਰਿਕਾਰਡ ਕੀਤਾ ਗਿਆ। ਹੋਰਨਾਂ ਸ਼ਹਿਰਾਂ ਦੀ ਗੱਲ ਕਰੀਏ ਤਾਂ ਲੁਧਿਆਣਾ ਵਿੱਚ 38.0 ਡਿਗਰੀ, ਪਟਿਆਲਾ ਵਿੱਚ 37.5 ਡਿਗਰੀ ਅਤੇ ਅੰਮ੍ਰਿਤਸਰ ਵਿੱਚ 37.1 ਡਿਗਰੀ ਤਾਪਮਾਨ ਦਰਜ ਹੋਇਆ, ਜਦਕਿ ਚੰਡੀਗੜ੍ਹ ਵਿੱਚ ਪਾਰਾ 36.2 ਡਿਗਰੀ ਰਿਹਾ। ਮੌਸਮ ਵਿਭਾਗ ਅਨੁਸਾਰ ਲੁਧਿਆਣਾ ਵਿੱਚ ਸਭ ਤੋਂ ਵੱਧ 2.8 ਡਿਗਰੀ ਦਾ ਉਛਾਲ ਦੇਖਿਆ ਗਿਆ, ਜਦਕਿ ਫਰੀਦਕੋਟ ਅਤੇ ਫਾਜ਼ਿਲਕਾ ਵਿੱਚ ਵੀ ਤਾਪਮਾਨ ਵਿੱਚ 2-2 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ।

ਨਵਾਂ ਵੈਸਟਰਨ ਡਿਸਟਰਬਨ ਐਕਟਿਵ

ਮੌਸਮ ਵਿਭਾਗ ਦੇ ਮੁਤਾਬਕ, ਇੱਕ ਵੈਸਟਰਨ ਡਿਸਟਰਬਨ (Western Disturbance) ਅਜੇ ਵੀ ਸਰਗਰਮ ਹੈ, ਜੋ ਉਪਰਲੇ ਪੱਧਰ ਦੀਆਂ ਪੱਛਮੀ ਹਵਾਵਾਂ ਦੇ ਨਾਲ ਅੱਗੇ ਵਧ ਰਿਹਾ ਹੈ। ਇਸ ਦੇ ਨਾਲ ਹੀ ਉੱਤਰੀ ਹਰਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਚੱਕਰਵਾਤੀ ਹਵਾਵਾਂ ਦਾ ਸਿਸਟਮ ਬਣਿਆ ਹੋਇਆ ਹੈ, ਜਿਸ ਕਾਰਨ 8 ਮਈ ਤੱਕ ਮੌਸਮ ਵਿੱਚ ਬਦਲਾਅ ਜਾਰੀ ਰਹੇਗਾ ਅਤੇ ਮੀਂਹ ਪੈਣ ਦੀ ਸੰਭਾਵਨਾ ਬਣੀ ਰਹੇਗੀ।

ਜੰਮੂ-ਕਸ਼ਮੀਰ ਦੇ ਉੱਪਰ ਬਣਿਆ ਦੂਜਾ ਵੈਸਟਰਨ ਡਿਸਟਰਬਨ ਹੁਣ ਅੱਗੇ ਨਿਕਲ ਚੁੱਕਾ ਹੈ, ਜਿਸ ਦੇ ਪ੍ਰਭਾਵ ਕਾਰਨ ਪੰਜਾਬ, ਹਰਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬੱਦਲਵਾਈ, ਤੇਜ਼ ਹਵਾਵਾਂ ਅਤੇ ਕਿਤੇ-ਕਿਤੇ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ 4 ਅਤੇ 5 ਮਈ ਨੂੰ ਮੀਂਹ, ਬਿਜਲੀ ਕੜਕਣ ਅਤੇ ਤੇਜ਼ ਹਵਾਵਾਂ ਚੱਲਣ ਦਾ 'ਔਰੇਂਜ ਅਲਰਟ' ਜਾਰੀ ਕੀਤਾ ਹੈ। ਇਸ ਤੋਂ ਇਲਾਵਾ, 6 ਮਈ ਨੂੰ 'ਯੈਲੋ ਅਲਰਟ' ਰਹੇਗਾ, ਜਦਕਿ 7 ਅਤੇ 8 ਮਈ ਨੂੰ ਵੀ ਮੀਂਹ ਪੈਣ ਦਾ ਅਨੁਮਾਨ ਲਗਾਇਆ ਗਿਆ ਹੈ।

4 ਮਈ ਦੇ ਮੌਸਮ ਬਾਰੇ ਜਾਣਕਾਰੀ

ਮੌਸਮ ਵਿਭਾਗ ਮੁਤਾਬਕ ਅੱਜ ਪਠਾਨਕੋਟ, ਗੁਰਦਾਸਪੁਰ, ਬਠਿੰਡਾ, ਮਾਨਸਾ ਅਤੇ ਪਟਿਆਲਾ ਵਿੱਚ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ, ਗਰਜ-ਚਮਕ ਦੇ ਨਾਲ ਮੀਂਹ ਪੈਣ ਅਤੇ ਗੜੇਮਾਰੀ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ, ਤਰਨਤਾਰਨ, ਜਲੰਧਰ, ਲੁਧਿਆਣਾ, ਮੋਹਾਲੀ ਅਤੇ ਫਿਰੋਜ਼ਪੁਰ ਸਮੇਤ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਵਿੱਚ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਬਿਜਲੀ ਲਿਸ਼ਕਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਖਰਾਬ ਮੌਸਮ ਦੌਰਾਨ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ।

5 ਮਈ ਦੇ ਮੌਸਮ ਦੀ ਚੇਤਾਵਨੀ

ਮੌਸਮ ਵਿਭਾਗ ਅਨੁਸਾਰ 5 ਮਈ ਨੂੰ ਪਠਾਨਕੋਟ, ਗੁਰਦਾਸਪੁਰ, ਬਠਿੰਡਾ, ਮਾਨਸਾ ਅਤੇ ਪਟਿਆਲਾ ਵਿੱਚ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ, ਗਰਜ-ਚਮਕ ਅਤੇ ਗੜ੍ਹੇਮਾਰੀ ਹੋਣ ਦੀ ਪ੍ਰਬਲ ਸੰਭਾਵਨਾ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਫਿਰੋਜ਼ਪੁਰ, ਮੋਗਾ ਅਤੇ ਮੋਹਾਲੀ ਸਮੇਤ ਸੂਬੇ ਦੇ ਬਾਕੀ ਹਿੱਸਿਆਂ ਵਿੱਚ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਬਿਜਲੀ ਲਿਸ਼ਕਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਖਰਾਬ ਮੌਸਮ ਦੇ ਮੱਦੇਨਜ਼ਰ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਅਪੀਲ ਕੀਤੀ ਗਈ ਹੈ।

Latest News