ਪੰਜਾਬ ‘ਚ ਅੱਜ 13 ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ; ਕਿਤੇ ਮੀਂਹ ਤੇ ਕਿਤੇ ਗਰਮੀ, ਮੌਸਮ ਵਿਭਾਗ ਵੱਲੋਂ 20-21 ਜੁਲਾਈ ਨੂੰ ਭਾਰੀ ਬਾਰਿਸ਼ ਦੀ ਵਾਰਨਿੰਗ
ਪੰਜਾਬ ਦੇ ਕੁਝ ਹਿੱਸਿਆਂ ਵਿੱਚ ਮੀਂਹ ਦਾ ਦੌਰ ਜਾਰੀ ਹੈ, ਜਿੱਥੇ ਜਲੰਧਰ ਵਿੱਚ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ, ਉੱਥੇ ਹੀ ਮੋਹਾਲੀ ਵਿੱਚ ਬੀਤੀ ਰਾਤ ਤੇਜ਼ ਮੀਂਹ ਦਰਜ ਕੀਤਾ ਗਿਆ। ਅੱਜ ਤੜਕ ਸਵੇਰ ਤੋਂ ਪਟਿਆਲੇ ਸਣੇ ਆਲੇ-ਦੁਆਲੇ ਇਲਾਕਿਆਂ ਦੇ ਵਿੱਚ ਹਲਕੀ ਬਾਰਿਸ਼ ਹੋ ਰਹੀ ਹੈ। ਹਾਲਾਂਕਿ, ਸਮੁੱਚੇ ਤੌਰ 'ਤੇ ਮਾਨਸੂਨ ਦੀ ਰਫ਼ਤਾਰ ਹੁਣ ਮੱਠੀ ਪੈ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਮੌਸਮ ਖੁਸ਼ਕ ਰਿਹਾ ਅਤੇ ਸਿਰਫ਼ ਸਰਹੱਦੀ ਤੇ ਪਹਾੜੀ ਇਲਾਕਿਆਂ ਵਿੱਚ ਹੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ।
ਮਾਨਸੂਨ ਹੋਇਆ ਕਮਜ਼ੋਰ
ਮੌਸਮ ਵਿਭਾਗ ਮੁਤਾਬਕ 13 ਤੋਂ 18 ਜੁਲਾਈ ਤੱਕ ਮਾਨਸੂਨ ਦੀਆਂ ਗਤੀਵਿਧੀਆਂ ਕਮਜ਼ੋਰ ਰਹਿਣਗੀਆਂ, ਜਿਸ ਕਾਰਨ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮਾਨਸੂਨ ਸੁਸਤ ਰਹੇਗਾ। ਇਸ ਦੌਰਾਨ ਲੋਕਾਂ ਨੂੰ ਹੁੰਮਸ ਭਰੀ ਗਰਮੀ (humidity) ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਅੱਜ ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ
ਅੱਜ (ਸੋਮਵਾਰ) ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਕੁਝ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ), ਰੂਪਨਗਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਮੋਹਾਲੀ ਸ਼ਾਮਲ ਹਨ।
ਦੂਜੇ ਪਾਸੇ, ਚੰਡੀਗੜ੍ਹ ਵਿੱਚ ਦਿਨ ਭਰ ਅੰਸ਼ਕ ਤੌਰ 'ਤੇ ਬੱਦਲਵਾਈ ਰਹੇਗੀ। ਇੱਥੇ ਇੱਕ-ਦੋ ਵਾਰ ਗਰਜ-ਚਮਕ ਦੇ ਨਾਲ ਮੀਂਹ ਜਾਂ ਬੌਛਾਰਾਂ ਪੈ ਸਕਦੀਆਂ ਹਨ। ਹਾਲਾਂਕਿ, ਮੌਸਮ ਵਿਭਾਗ ਵੱਲੋਂ ਫਿਲਹਾਲ ਕਿਸੇ ਤਰ੍ਹਾਂ ਦਾ ਖਾਸ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ।
ਹੁੰਮਸ ਭਰੀ ਗਰਮੀ ਦਾ ਕਹਿਰ, ਪੰਜਾਬ ‘ਚ ਮਾਨਸੂਨ ਪਵੇਗਾ ਸੁਸਤ
ਮੌਸਮ ਮਾਹਿਰਾਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਭਾਰੀ ਮੀਂਹ ਦਾ ਦੌਰ ਕਮਜ਼ੋਰ ਪੈ ਸਕਦਾ ਹੈ। ਮਾਨਸੂਨੀ ਟਰਫ (monsoon trough) ਦੇ ਹਿਮਾਲਿਆ ਵੱਲ ਖਿਸਕਣ ਕਾਰਨ ਮੈਦਾਨੀ ਇਲਾਕਿਆਂ ਵਿੱਚ ਬਾਰਿਸ਼ ਘੱਟ ਜਾਵੇਗੀ। ਇਸ ਨਾਲ ਖੁਸ਼ਕ ਅਤੇ ਗਰਮ ਹਵਾਵਾਂ ਚੱਲਣਗੀਆਂ, ਜਿਸ ਕਾਰਨ ਦਿਨ ਦਾ ਤਾਪਮਾਨ 37 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ ਅਤੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਦਾ ਸਾਹਮਣਾ ਕਰਨਾ ਪਵੇਗਾ।
ਕੁਝ ਜ਼ਿਲ੍ਹਿਆਂ ਵਿੱਚ ਹੀ ਹੋਵੇਗੀ ਹਲਕੀ ਬਾਰਿਸ਼:
ਅਗਲੇ 5 ਤੋਂ 6 ਦਿਨਾਂ ਤੱਕ ਸਿਰਫ਼ ਪਹਾੜੀ ਖੇਤਰਾਂ ਨਾਲ ਲੱਗਦੇ ਉੱਤਰੀ ਜ਼ਿਲ੍ਹਿਆਂ ਵਿੱਚ ਹੀ ਕਿਤੇ-ਕਿਤੇ ਹਲਕੀ ਬੌਛਾਰਾਂ ਪੈਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ 20-21 ਜੁਲਾਈ ਦੇ ਆਸ-ਪਾਸ ਮਾਨਸੂਨ ਦੇ ਦੁਬਾਰਾ ਸਰਗਰਮ ਹੋਣ 'ਤੇ ਸੂਬੇ ਵਿੱਚ ਮੁੜ ਚੰਗੀ ਬਾਰਿਸ਼ ਦਾ ਦੌਰ ਸ਼ੁਰੂ ਹੋ ਸਕਦਾ ਹੈ।
ਪੰਜਾਬ ਵਿੱਚ ਅਗਲੇ ਤਿੰਨ ਦਿਨਾਂ ਦਾ ਮੌਸਮ
ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ:
14 ਜੁਲਾਈ: ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਮੋਹਾਲੀ ਵਿੱਚ ਵੱਖ-ਵੱਖ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।
15 ਜੁਲਾਈ: ਉਪਰੋਕਤ ਜ਼ਿਲ੍ਹਿਆਂ ਜਿਵੇਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਮੋਹਾਲੀ ਵਿੱਚ ਇੱਕਾ-ਦੁੱਕਾ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
16 ਜੁਲਾਈ: ਇਨ੍ਹਾਂ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੇ ਆਸਾਰ ਹਨ।