ਪੰਜਾਬ ‘ਚ ਛਾਏ ਕਾਲੇ ਬੱਦਲ! ਮਾਨੂਸਨ ਮੁੜ ਐਕਟਿਵ…13 ਜ਼ਿਲ੍ਹਿਆਂ ‘ਚ ਭਾਰੀ ਤੋਂ ਬੇਹੱਦ ਭਾਰੀ ਬਾਰਿਸ਼ ਦਾ ਅਲਰਟ, ਆਉਣ ਵਾਲੇ 48 ਘੰਟੇ ਮੁਸ਼ਕਿਲ ਭਰੇ
ਤੜਕ ਸਵੇਰੇ ਤੋਂ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਕਾਲੇ ਬੱਦਲ ਛਾਏ ਪਏ ਹਨ ਅਤੇ ਥਾਵਾਂ ਉੱਤੇ ਮੀਂਹ ਵੀ ਪੈਣਾ ਸ਼ੁਰੂ ਹੋ ਚੁੱਕਿਆ ਹੈ। ਚੰਡੀਗੜ੍ਹ ਅਤੇ ਪੰਜਾਬ ਵਿੱਚ ਉਮਸ ਤੇ ਭਾਰੀ ਗਰਮੀ ਤੋਂ ਜਲਦੀ ਰਾਹਤ ਮਿਲਣ ਦੀ ਉਮੀਦ ਹੈ। ਮੌਸਮ ਵਿਭਾਗ ਮੁਤਾਬਕ, ਆਉਣ ਵਾਲੇ 48 ਘੰਟਿਆਂ ਵਿੱਚ ਮਾਨਸੂਨ ਦੀ ਸਰਗਰਮੀ ਵਧ ਜਾਵੇਗੀ, ਜਿਸ ਤੋਂ ਬਾਅਦ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਪਠਾਨਕੋਟ ਵਿੱਚ ਮੀਂਹ ਪੈਣ ਨਾਲ ਮੌਸਮ ਸੁਹਾਵਣਾ ਹੋ ਗਿਆ ਹੈ, ਜਦੋਂ ਕਿ ਜਲੰਧਰ ਵਿੱਚ ਬੱਦਲ ਛਾਏ ਹੋਏ ਹਨ। ਵਿਭਾਗ ਵੱਲੋਂ 21 ਤੋਂ 23 ਜੁਲਾਈ ਤੱਕ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਚੰਡੀਗੜ੍ਹ ਵਿੱਚ ਪਿਛਲੇ 24 ਘੰਟਿਆਂ ਦੌਰਾਨ 6.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਪਰ ਮੀਂਹ ਤੋਂ ਬਾਅਦ ਧੁੱਪ ਨਿਕਲਣ ਨਾਲ ਹੁੰਮਸ ਵਧ ਗਈ ਹੈ। ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 26.4 ਡਿਗਰੀ ਸੈਲਸੀਅਸ ਰਿਹਾ ਹੈ। ਇੱਕ ਜੂਨ ਤੋਂ ਲੈ ਕੇ ਹੁਣ ਤੱਕ ਚੰਡੀਗੜ੍ਹ ਵਿੱਚ 214.2 ਮਿਲੀਮੀਟਰ ਮੀਂਹ ਪੈ ਚੁੱਕਾ ਹੈ, ਜੋ ਕਿ ਆਮ ਨਾਲੋਂ 30.6% ਘੱਟ ਹੈ।
ਪੰਜਾਬ ‘ਚ ਬਠਿੰਡਾ ਸਭ ਤੋਂ ਗਰਮ
ਪੰਜਾਬ ਦੇ ਕੁਝ ਹਿੱਸਿਆਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਹਲਕੀ ਤੋਂ ਦਰਮਿਆਨੀ ਬਾਰਸ਼ ਹੋਈ ਹੈ, ਜਿਸ ਦੇ ਬਾਵਜੂਦ ਕਈ ਇਲਾਕਿਆਂ ਵਿੱਚ ਗਰਮੀ ਦਾ ਅਸਰ ਬਰਕਰਾਰ ਰਿਹਾ ਹੈ। ਬਠਿੰਡਾ ਰਾਜ ਦਾ ਸਭ ਤੋਂ ਗਰਮ ਸ਼ਹਿਰ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 40.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਬਾਅਦ ਫਿਰੋਜ਼ਪੁਰ ਵਿੱਚ 37.3 ਡਿਗਰੀ ਅਤੇ ਬਰਨਾਲਾ ਵਿੱਚ 36.9 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ।
ਰਾਜ ਦਾ ਔਸਤ ਵੱਧ ਤੋਂ ਵੱਧ ਤਾਪਮਾਨ ਪਿਛਲੇ ਦਿਨ ਦੇ ਮੁਕਾਬਲੇ 1 ਡਿਗਰੀ ਸੈਲਸੀਅਸ ਘੱਟ ਰਿਹਾ ਅਤੇ ਆਮ ਦੇ ਨੇੜੇ ਬਣਿਆ ਹੋਇਆ ਹੈ। ਉੱਥੇ ਹੀ, ਸਭ ਤੋਂ ਘੱਟ ਘੱਟੋ-ਘੱਟ ਤਾਪਮਾਨ ਪਠਾਨਕੋਟ ਵਿੱਚ 25.3 ਡਿਗਰੀ ਸੈਲਸੀਅးਸ ਦਰਜ ਕੀਤਾ ਗਿਆ ਹੈ।
ਅੱਜ ਉੱਤਰੀ ਪੰਜਾਬ ਵਿੱਚ ਬਾਰਿਸ਼ ਦੀ ਸ਼ੁਰੂਆਤ
ਮੌਸਮ ਵਿਭਾਗ ਦੇ ਸੱਤ ਦਿਨਾਂ ਦੇ ਪੂਰਵ ਅਨੁਮਾਨ ਮੁਤਾਬਕ, ਅੱਜ ਉੱਤਰੀ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ। ਉੱਥੇ ਹੀ, 21 ਤੋਂ 23 ਜੁਲਾਈ ਦੇ ਵਿਚਕਾਰ ਚੰਡੀਗੜ੍ਹ, ਮੋਹਾਲੀ ਅਤੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। 21 ਜੁਲਾਈ ਨੂੰ ਰਾਜ ਦੇ ਬਹੁਤ ਸਾਰੇ ਖੇਤਰਾਂ ਵਿੱਚ ਵਿਆਪਕ ਬਾਰਿਸ਼ ਹੋਣ ਦਾ ਅਨੁਮਾਨ ਹੈ। ਇਸ ਨਾਲ ਤਾਪਮਾਨ ਵਿੱਚ ਗਿਰਾਵਟ ਆਵੇਗੀ ਅਤੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ।