Friday, 17th of July 2026

ਮਾਨਸੂਨ ਸੁਸਤ; ਪੰਜਾਬ 'ਚ ਗਰਮੀ ਨੇ ਕੱਢੇ ਵੱਟ, ਬਠਿੰਡਾ ‘ਚ ਪਾਰਾ 41.2 ਡਿਗਰੀ ਤੱਕ ਪਹੁੰਚਿਆ, ਗਰਮੀ ਅਤੇ ਹੁੰਮਸ ਦਾ 'ਯੈਲੋ ਅਲਰਟ' ਜਾਰੀ

ਪੰਜਾਬ ਵਿੱਚ ਮਾਨਸੂਨ ਦੀ ਰਫ਼ਤਾਰ ਫਿਲਹਾਲ ਮੱਠੀ ਪੈ ਗਈ ਹੈ, ਜਿਸ ਕਾਰਨ ਗਰਮੀ ਅਤੇ ਹੁੰਮਸ ਨੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਹੈ। ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਨੇ ਸ਼ੁੱਕਰਵਾਰ ਨੂੰ ਸੂਬੇ ਦੇ 8 ਜ਼ਿਲ੍ਹਿਆਂ - ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮੋਗਾ, ਬਠਿੰਡਾ, ਬਰਨਾਲਾ ਅਤੇ ਮਾਨਸਾ - ਲਈ ਗਰਮੀ ਅਤੇ ਹੁੰਮਸ ਦਾ 'ਯੈਲੋ ਅਲਰਟ' ਜਾਰੀ ਕੀਤਾ ਹੈ।

Edited By: Lajwinder Kaur | Updated at: July 17th 2026 10:17 AM
Trending News
ਮਾਨਸੂਨ ਸੁਸਤ; ਪੰਜਾਬ 'ਚ ਗਰਮੀ ਨੇ ਕੱਢੇ ਵੱਟ, ਬਠਿੰਡਾ ‘ਚ ਪਾਰਾ 41.2 ਡਿਗਰੀ ਤੱਕ ਪਹੁੰਚਿਆ, ਗਰਮੀ ਅਤੇ ਹੁੰਮਸ ਦਾ 'ਯੈਲੋ ਅਲਰਟ' ਜਾਰੀ

ਮਾਨਸੂਨ ਸੁਸਤ; ਪੰਜਾਬ 'ਚ ਗਰਮੀ ਨੇ ਕੱਢੇ ਵੱਟ, ਬਠਿੰਡਾ ‘ਚ ਪਾਰਾ 41.2 ਡਿਗਰੀ ਤੱਕ ਪਹੁੰਚਿਆ, ਗਰਮੀ ਅਤੇ ਹੁੰਮਸ ਦਾ 'ਯੈਲੋ ਅਲਰਟ' ਜਾਰੀ

ਪੰਜਾਬ ਵਿੱਚ ਮਾਨਸੂਨ ਦੀ ਰਫ਼ਤਾਰ ਫਿਲਹਾਲ ਮੱਠੀ ਪੈ ਗਈ ਹੈ, ਜਿਸ ਕਾਰਨ ਗਰਮੀ ਅਤੇ ਹੁੰਮਸ ਨੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਹੈ। ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਨੇ ਸ਼ੁੱਕਰਵਾਰ ਨੂੰ ਸੂਬੇ ਦੇ 8 ਜ਼ਿਲ੍ਹਿਆਂ - ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮੋਗਾ, ਬਠਿੰਡਾ, ਬਰਨਾਲਾ ਅਤੇ ਮਾਨਸਾ - ਲਈ ਗਰਮੀ ਅਤੇ ਹੁੰਮਸ ਦਾ 'ਯੈਲੋ ਅਲਰਟ' ਜਾਰੀ ਕੀਤਾ ਹੈ।

ਦੂਜੇ ਪਾਸੇ, ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ), ਫ਼ਤਿਹਗੜ੍ਹ ਸਾਹਿਬ, ਰੂਪਨਗਰ ਅਤੇ ਐਸ.ਏ.ਐਸ. ਨਗਰ (ਮੋਹਾਲੀ) ਦੇ ਕੁਝ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਪਰ ਇਨ੍ਹਾਂ ਜ਼ਿਲ੍ਹਿਆਂ ਲਈ ਕੋਈ ਖਾਸ ਮੌਸਮੀ ਅਲਰਟ ਨਹੀਂ ਦਿੱਤਾ ਗਿਆ। ਰਾਜ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 0.5 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ ਹੁਣ ਆਮ ਨਾਲੋਂ 2.8 ਡਿਗਰੀ ਵੱਧ ਚੱਲ ਰਿਹਾ ਹੈ। ਬਠਿੰਡਾ ਸਭ ਤੋਂ ਗਰਮ ਰਿਹਾ, ਜਿੱਥੇ ਤਾਪਮਾਨ 41.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਪੰਜਾਬ ‘ਚ ਜੁਲਾਈ ਦੇ ਮਹੀਨੇ ਦੌਰਾਨ ਮੀਂਹ ਵਿੱਚ ਕਾਫੀ ਕਮੀ ਦੇਖੀ ਗਈ ਹੈ। ਦਿੱਤੀ ਗਈ ਜਾਣਕਾਰੀ ਅਨੁਸਾਰ:

ਜੁਲਾਈ ਮਹੀਨੇ (1 ਤੋਂ 16 ਜੁਲਾਈ) ਵਿੱਚ ਪੰਜਾਬ ਵਿੱਚ 60.1 ਮਿਲੀਮੀਟਰ ਮੀਂਹ ਪਿਆ ਹੈ, ਜੋ ਕਿ ਆਮ (79.4 ਮਿਲੀਮੀਟਰ) ਨਾਲੋਂ 24% ਘੱਟ ਹੈ।

1 ਜੂਨ ਤੋਂ 16 ਜੁਲਾਈ ਤੱਕ ਪੂਰੇ ਮਾਨਸੂਨ ਸੀਜ਼ਨ ਦੌਰਾਨ 89.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ, ਜੋ ਕਿ ਆਮ ਨਾਲੋਂ 33% ਘੱਟ ਹੈ।

ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਜੁਲਾਈ ਵਿੱਚ ਫਰੀਦਕੋਟ ਵਿੱਚ ਸਭ ਤੋਂ ਵੱਧ ਮੀਂਹ ਪਿਆ ਹੈ, ਜਿੱਥੇ ਆਮ ਨਾਲੋਂ 130% ਜ਼ਿਆਦਾ ਬਾਰਿਸ਼ ਹੋਈ ਹੈ।

ਇਸ ਦੇ ਉਲਟ, ਹੁਸ਼ਿਆਰਪੁਰ (-85%) ਅਤੇ ਸ੍ਰੀ ਮੁਕਤਸਰ ਸਾਹਿਬ (-84%) ਵਿੱਚ ਮੀਂਹ ਦੀ ਸਭ ਤੋਂ ਵੱਧ ਕਮੀ ਦਰਜ ਕੀਤੀ ਗਈ ਹੈ।

ਮਾਨਸੂਨ ਕਮਜ਼ੋਰ ਕਿਉਂ ਹੈ: ਮੌਸਮ ਵਿਗਿਆਨੀਆਂ ਅਨੁਸਾਰ, ਬਾਰਿਸ਼ ਕਰਵਾਉਣ ਵਾਲਾ 'ਲੋ-ਪ੍ਰੈਸ਼ਰ' (ਘੱਟ ਦਬਾਅ) ਵਾਲਾ ਸਿਸਟਮ ਇਸ ਸਮੇਂ ਓਡੀਸ਼ਾ ਅਤੇ ਪੱਛਮੀ ਬੰਗਾਲ ਦੇ ਉੱਪਰ ਸਰਗਰਮ ਹੈ। ਇਹ ਸਿਸਟਮ ਪੰਜਾਬ ਤੋਂ ਕਾਫੀ ਦੂਰ ਹੋਣ ਕਾਰਨ ਰਾਜ ਵਿੱਚ ਲੋੜੀਂਦੀ ਨਮੀ ਅਤੇ ਬੱਦਲ ਨਹੀਂ ਪਹੁੰਚ ਰਹੇ, ਜਿਸ ਕਰਕੇ ਮਾਨਸੂਨ ਦੀਆਂ ਗਤੀਵਿਧੀਆਂ ਮੱਠੀਆਂ ਪੈ ਗਈਆਂ ਹਨ।

ਆਉਣ ਵਾਲੇ ਦਿਨਾਂ ਦਾ ਮੌਸਮ: ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਸੁਰਿੰਦਰ ਪਾਲ ਅਨੁਸਾਰ, 18 ਜੁਲਾਈ ਤੱਕ ਪੰਜਾਬ ਵਿੱਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਵੇਗੀ ਅਤੇ ਲੋਕਾਂ ਨੂੰ ਗਰਮੀ ਤੇ ਹੁੰਮਸ ਦਾ ਸਾਹਮਣਾ ਕਰਨਾ ਪਵੇਗਾ।

ਬਾਰਿਸ਼ ਵਿੱਚ ਸੁਧਾਰ: 19 ਜੁਲਾਈ ਤੋਂ ਬਾਰਿਸ਼ ਦੀਆਂ ਗਤੀਵਿਧੀਆਂ ਵਧਣੀਆਂ ਸ਼ੁਰੂ ਹੋ ਜਾਣਗੀਆਂ। ਇਸ ਤੋਂ ਇਲਾਵਾ, 20 ਤੋਂ 22 ਜੁਲਾਈ ਦੇ ਵਿਚਕਾਰ ਰਾਜ ਦੇ ਕਈ ਇਲਾਕਿਆਂ ਵਿੱਚ ਚੰਗੀ ਬਾਰਿਸ਼ ਅਤੇ ਕੁਝ ਥਾਵਾਂ 'ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

ਗਰਮੀ ਅਤੇ ਹੁੰਮਸ ਕਾਰਨ ਬਿਜਲੀ ਦੀ ਮੰਗ ਅਤੇ ਡੈਮਾਂ ਦੇ ਪਾਣੀ ਦੇ ਪੱਧਰ ਬਾਰੇ ਜਾਣਕਾਰੀ ਹੇਠ ਲਿਖੇ ਅਨੁਸਾਰ:

ਬਿਜਲੀ ਦੀ ਮੰਗ ਅਤੇ ਸਪਲਾਈ: ਸ਼ੁੱਕਰਵਾਰ ਨੂੰ ਪੰਜਾਬ ਵਿੱਚ ਬਿਜਲੀ ਦੀ ਮੰਗ 14,571 ਮੈਗਾਵਾਟ ਦਰਜ ਕੀਤੀ ਗਈ। ਰਾਜ ਦਾ ਆਪਣਾ ਉਤਪਾਦਨ 5,588 ਮੈਗਾਵਾਟ ਸੀ ਅਤੇ ਲੋੜ ਪੂਰੀ ਕਰਨ ਲਈ ਗ੍ਰਿਡ ਤੋਂ 8,980 ਮੈਗਾਵਾਟ ਬਿਜਲੀ ਲਈ ਗਈ। ਪੰਜਾਬ ਨੇ ਆਪਣੇ ਤੈਅ ਅਲਾਟਮੈਂਟ (9,141 ਮੈਗਾਵਾਟ) ਨਾਲੋਂ 161 ਮੈਗਾਵਾਟ ਘੱਟ ਬਿਜਲੀ ਦੀ ਵਰਤੋਂ ਕੀਤੀ ਅਤੇ ਗ੍ਰਿਡ ਦੀ ਫ੍ਰੀਕੁਐਂਸੀ 49.89 ਹਰਟਜ਼ ਰਹੀ।

ਡੈਮਾਂ ਦਾ ਜਲ ਪੱਧਰ: ਭਾਖੜਾ ਡੈਮ ਦਾ ਜਲ ਪੱਧਰ 1,582.78 ਫੁੱਟ ਹੈ, ਜੋ ਕਿ ਇਸ ਦੇ 1,680 ਫੁੱਟ ਦੇ ਖਤਰੇ ਦੇ ਨਿਸ਼ਾਨ ਤੋਂ ਕਾਫੀ ਹੇਠਾਂ ਹੈ। ਪੌਂਗ ਡੈਮ ਦਾ ਜਲ ਪੱਧਰ 1,322.12 ਫੁੱਟ ਹੈ, ਜਦਕਿ ਇਸ ਦਾ ਖਤਰੇ ਦਾ ਨਿਸ਼ਾਨ 1,390 ਫੁੱਟ ਨਿਰਧਾਰਤ ਹੈ।

ਪਾਣੀ ਦੀ ਆਮਦ ਅਤੇ ਨਿਕਾਸੀ: ਭਾਖੜਾ ਡੈਮ ਵਿੱਚ 34,193 ਕਿਊਸਿਕ ਪਾਣੀ ਆਇਆ ਅਤੇ 26,549 ਕਿਊਸਿਕ ਪਾਣੀ ਛੱਡਿਆ ਗਿਆ। ਦੂਜੇ ਪਾਸੇ, ਪੌਂਗ ਡੈਮ ਵਿੱਚ 10,384 ਕਿਊਸਿਕ ਪਾਣੀ ਦੀ ਆਮਦ ਹੋਈ ਅਤੇ 18,041 ਕਿਊਸਿਕ ਪਾਣੀ ਛੱਡਿਆ ਗਿਆ।

ਪੰਜਾਬ ‘ਚ ਆਉਣ ਵਾਲੇ ਦਿਨਾਂ ਨੂੰ ਲੈ ਕੇ ਮੌਸਮ ਦਾ ਹਾਲ

18 ਜੁਲਾਈ: ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮੋਗਾ, ਬਠਿੰਡਾ, ਬਰਨਾਲਾ ਅਤੇ ਮਾਨਸਾ ਵਿੱਚ ਗਰਮੀ ਅਤੇ ਹੁੰਮਸ ਰਹਿਣ ਦੀ ਸੰਭਾਵਨਾ ਹੈ। ਇਸੇ ਦਿਨ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ), ਕਪੂਰਥਲਾ, ਜਲੰਧਰ, ਲੁਧਿਆਣਾ, ਫ਼ਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਐਸ.ਏ.ਐਸ. ਨਗਰ (ਮੋਹਾਲੀ) ਦੇ ਕੁਝ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।

19 ਜੁਲਾਈ: ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਕਪੂਰਥਲਾ, ਜਲੰਧਰ, ਲੁਧਿਆਣਾ, ਫ਼ਤਿਹਗੜ੍ਹ ਸਾਹਿਬ, ਰੂਪਨਗਰ (ਰੋਪੜ), ਪਟਿਆਲਾ, ਐਸ.ਏ.ਐਸ. ਨਗਰ, ਤਰਨਤਾਰਨ, ਮੋਗਾ, ਬਰਨਾਲਾ ਅਤੇ ਸੰਗਰੂਰ ਵਿੱਚ ਕਈ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਹੈ।

20 ਜੁਲਾਈ: ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਬਾਰਿਸ਼ ਹੋਣ ਦੇ ਆਸਾਰ ਹਨ। ਇਸ ਦੌਰਾਨ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਅਤੇ ਮੋਹਾਲੀ ਦੇ ਕੁਝ ਇਲਾਕਿਆਂ ਵਿੱਚ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।

Punjabi Shorts

Latest News