Thursday, 3rd of September 2026

ਪੰਜਾਬ ‘ਚ 3 ਦਿਨ ਭਾਰੀ ਮੀਂਹ ਦਾ ਅਲਰਟ, ਰਾਤੀਂ ਪਏ ਮੀਂਹ ਤੋਂ ਲੋਕਾਂ ਨੂੰ ਗਰਮੀ ਤੇ ਹੁੰਮਸ ਤੋਂ ਮਿਲੀ ਕੁੱਝ ਰਾਹਤ...

ਬੁੱਧਵਾਰ ਦੀ ਰਾਤ ਨੂੰ ਚੰਡੀਗੜ੍ਹ-ਮੋਹਾਲੀ ‘ਚ ਮੀਂਹ ਪਿਆ, ਜਿਸ ਤੋਂ ਬਾਅਦ ਮੌਸਮ ਸੁਹਾਵਨਾ ਹੋ ਗਿਆ। ਇਸ ਤੋਂ ਇਲਾਵਾ ਕਈ ਜ਼ਿਲ੍ਹਿਆਂ ਦੇ ਵਿੱਚ ਠੰਡੀ ਹਵਾਵਾਂ ਨੇ ਲੋਕਾਂ ਨੂੰ ਗਰਮੀ ਅਤੇ ਹੁੰਮਸ ਤੋਂ ਕੁੱਝ ਰਾਹਤ ਪ੍ਰਦਾਨ ਕੀਤੀ। ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਨੂੰ ਲੈ ਕੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ।

Edited By: Lajwinder Kaur | Updated at: September 03rd 2026 10:00 AM
Trending News
ਪੰਜਾਬ ‘ਚ 3 ਦਿਨ ਭਾਰੀ ਮੀਂਹ ਦਾ ਅਲਰਟ, ਰਾਤੀਂ ਪਏ ਮੀਂਹ ਤੋਂ ਲੋਕਾਂ ਨੂੰ ਗਰਮੀ ਤੇ ਹੁੰਮਸ ਤੋਂ ਮਿਲੀ ਕੁੱਝ ਰਾਹਤ...

ਪੰਜਾਬ ‘ਚ 3 ਦਿਨ ਭਾਰੀ ਮੀਂਹ ਦਾ ਅਲਰਟ, ਰਾਤੀਂ ਪਏ ਮੀਂਹ ਤੋਂ ਲੋਕਾਂ ਨੂੰ ਗਰਮੀ ਤੇ ਹੁੰਮਸ ਤੋਂ ਮਿਲੀ ਕੁੱਝ ਰਾਹਤ...

ਲੰਘੀ ਸ਼ਾਮ ਨੂੰ ਇੱਕ ਦਮ ਮੌਸਮ ਨੇ ਕਰਵਟ ਲਈ ਤੇ ਠੰਡੀਆਂ ਹਵਾਵਾਂ ਚੱਲਣ ਲੱਗ ਪਈਆਂ, ਜਿਸ ਕਰਕੇ ਕਈ ਥਾਵਾਂ ਉੱਤੇ ਪਏ ਮੀਂਹ ਨੇ ਲੋਕਾਂ ਨੂੰ ਗਰਮੀ ਅਤੇ ਹੁੰਮਸ ਤੋਂ ਕੁੱਝ ਰਾਹਤ ਦਿੱਤੀ ਹੈ। ਮੌਸਮ ਵਿਗਿਆਨ ਕੇਂਦਰ ਨੇ ਅੱਜ ਤੋਂ 5 ਸਤੰਬਰ ਤੱਕ ਕੁਝ ਥਾਵਾਂ 'ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ, ਜਿਸ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਉੱਥੇ ਹੀ, ਚੰਡੀਗੜ੍ਹ ਵਿੱਚ ਅਸਮਾਨ ਵਿੱਚ ਹਲਕੇ ਬੱਦਲ ਛਾਏ ਰਹਿਣਗੇ ਅਤੇ ਇੱਕ-ਦੋ ਵਾਰ ਮੀਂਹ ਜਾਂ ਗਰਜ ਨਾਲ ਬੂੰਦਾ-ਬਾਂਦੀ ਹੋ ਸਕਦੀ ਹੈ।

ਮਾਨਸੂਨ ਦੀ ਬਰਸਾਤ 37% ਘੱਟ

ਹਾਲਾਂਕਿ, ਵੱਧ ਤੋਂ ਵੱਧ ਤਾਪਮਾਨ ਵਿੱਚ 0.1 ਡਿਗਰੀ ਦਾ ਮਾਮੂਲੀ ਵਾਧਾ ਹੋਇਆ ਹੈ ਅਤੇ ਹੁਣ ਇਹ ਆਮ ਦੇ ਕੋਲ ਪਹੁੰਚ ਗਿਆ ਹੈ। ਸਭ ਤੋਂ ਵੱਧ ਤਾਪਮਾਨ 36.4 ਡਿਗਰੀ ਬਠਿੰਡਾ ਵਿੱਚ ਦਰਜ ਕੀਤਾ ਗਿਆ। ਸੂਬੇ ਵਿੱਚ ਮਾਨਸੂਨ ਸੀਜ਼ਨ ਦੌਰਾਨ 37 ਫੀਸਦੀ ਘੱਟ ਮੀਂਹ ਰਿਕਾਰਡ ਕੀਤਾ ਗਿਆ ਹੈ।

20 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ

ਅੱਜ ਪੰਜਾਬ ਦੇ 20 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਅਤੇ ਮੋਹਾਲੀ ਵਿੱਚ ਕੁਝ ਥਾਵਾਂ 'ਤੇ ਭਾਰੀ ਮੀਂਹ ਪੈ ਸਕਦਾ ਹੈ। ਇਸ ਤੋਂ ਇਲਾਵਾ ਗੁਰਦਾਸਪੁਰ, ਅੰਮ੍ਰਿਤਸਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਫਤਹਿਗੜ੍ਹ ਸਾਹਿਬ, ਪਟਿਆਲਾ ਅਤੇ ਮੋਹਾਲੀ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ ਅਤੇ ਮਾਨਸਾ ਵਿੱਚ ਵੀ ਕੁਝ ਥਾਵਾਂ 'ਤੇ ਹਲਕਾ ਤੋਂ ਦਰਮਿਆਨਾ ਮੀਂਹ ਪੈਣ ਦਾ ਅਨੁਮਾਨ ਹੈ।

ਚੰਡੀਗੜ੍ਹ-ਮੋਹਾਲੀ ‘ਚ ਪਿਆ ਮੀਂਹ

ਰਾਤ ਨੂੰ ਚੰਡੀਗੜ੍ਹ-ਮੋਹਾਲੀ ਵਿੱਚ ਮੀਂਹ ਪਿਆ। ਮੰਗਲਵਾਰ ਰਾਤ ਨੂੰ ਚੰਡੀਗੜ੍ਹ ਵਿੱਚ ਇੱਕ ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਇਸੇ ਤਰ੍ਹਾਂ ਪੰਚਕੂਲਾ ਅਤੇ ਮੋਹਾਲੀ ਵਿੱਚ ਵੀ ਰਾਤ ਨੂੰ ਮੀਂਹ ਪਿਆ। ਦਿਨ ਵੇਲੇ ਲੁਧਿਆਣਾ, ਪਟਿਆਲਾ ਅਤੇ ਚਮਕੌਰ ਸਾਹਿਬ ਵਿੱਚ ਮੀਂਹ ਪੈਣ ਦੀ ਸੂਚਨਾ ਮਿਲੀ ਸੀ। ਉੱਥੇ ਹੀ, ਅੱਜ ਸਵੇਰ ਤੋਂ ਬੱਦਲ ਛਾਏ ਹੋਏ ਹਨ ਅਤੇ ਮੌਸਮ ਠੰਢਾ ਬਣਿਆ ਹੋਇਆ ਹੈ।

ਹੁਣ ਮੀਂਹ ਦੀਆਂ ਗਤੀਵਿਧੀਆਂ ਵਧਣਗੀਆਂ। ਮਾਨਸੂਨ ਦੀ ਟਰੱਫ ਬਠਿੰਡਾ ਦੇ ਉੱਪਰੋਂ ਗੁਜ਼ਰ ਰਹੀ ਹੈ, ਜਿਸ ਦਾ ਅਸਰ ਪੰਜਾਬ ਦੇ ਮੌਸਮ 'ਤੇ ਬਣਿਆ ਹੋਇਆ ਹੈ। ਇਸ ਸਿਸਟਮ ਕਾਰਨ ਪੰਜਾਬ ਦੇ ਕੁਝ ਹਿੱਸਿਆਂ, ਖਾਸ ਕਰਕੇ ਬਠਿੰਡਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਮੀਂਹ ਦੀਆਂ ਗਤੀਵਿਧੀਆਂ ਵਧ ਸਕਦੀਆਂ ਹਨ।

ਉੱਥੇ ਹੀ, ਉੱਤਰ-ਪੱਛਮੀ ਉੱਤਰ ਪ੍ਰਦੇਸ਼ ਤੋਂ ਲੈ ਕੇ ਬੰਗਾਲ ਤੱਕ ਬਣੀ ਦੂਜੀ ਟਰੱਫ ਵੀ ਮਾਨਸੂਨ ਨੂੰ ਸਰਗਰਮ ਰੱਖਣ ਵਿੱਚ ਮਦਦ ਕਰ ਰਹੀ ਹੈ। ਚੰਡੀਗੜ੍ਹ ਵਿੱਚ ਵੀ ਇਸ ਦੇ ਅਸਰ ਨਾਲ ਬੱਦਲ ਛਾਏ ਰਹਿਣ ਅਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਬਣੀ ਰਹਿ ਸਕਦੀ ਹੈ। ਹਾਲਾਂਕਿ, ਇਸ ਜਾਣਕਾਰੀ ਵਿੱਚ ਚੰਡੀਗੜ੍ਹ ਲਈ ਸਿੱਧੇ ਤੌਰ 'ਤੇ ਭਾਰੀ ਮੀਂਹ ਦਾ ਸੰਕੇਤ ਨਹੀਂ ਹੈ।

Punjabi Shorts

Latest News