Saturday, 20th of June 2026

ਪੰਜਾਬੀਆਂ ਦੇ ਲਈ ਵੱਡੀ ਖੁਸ਼ਖਬਰੀ! ਪੰਜਾਬ ਬਿਜਲੀ ਵਿਭਾਗ ‘ਚ ਹੋਏਗੀ ਬੰਪਰ ਭਰਤੀ, ਅਸਿਸਟੈਂਟ ਲਾਈਨਮੈਨ ਵਜੋਂ ਹੋਵੇਗੀ ਨਿਯੁਕਤੀ

Edited By: Lajwinder Kaur | Updated at: June 20th 2026 12:30 PM
Trending News
ਪੰਜਾਬੀਆਂ ਦੇ ਲਈ ਵੱਡੀ ਖੁਸ਼ਖਬਰੀ! ਪੰਜਾਬ ਬਿਜਲੀ ਵਿਭਾਗ ‘ਚ ਹੋਏਗੀ ਬੰਪਰ ਭਰਤੀ, ਅਸਿਸਟੈਂਟ ਲਾਈਨਮੈਨ ਵਜੋਂ ਹੋਵੇਗੀ ਨਿਯੁਕਤੀ

ਪੰਜਾਬੀਆਂ ਦੇ ਲਈ ਵੱਡੀ ਖੁਸ਼ਖਬਰੀ! ਪੰਜਾਬ ਬਿਜਲੀ ਵਿਭਾਗ ‘ਚ ਹੋਏਗੀ ਬੰਪਰ ਭਰਤੀ, ਅਸਿਸਟੈਂਟ ਲਾਈਨਮੈਨ ਵਜੋਂ ਹੋਵੇਗੀ ਨਿਯੁਕਤੀ

ਅੱਜ ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ ਕਰ ਦਿੱਤਾ ਹੈ। ਜੀ ਹਾਂ ਪੰਜਾਬ ਸਰਕਾਰ ਨੇ ਸੂਬੇ ਦੇ ਹਜ਼ਾਰਾਂ ਨੌਜਵਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਸਰਕਾਰ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਵਿੱਚ ਸਿਖਲਾਈ ਲੈ ਰਹੇ 2,437 ਅਪ੍ਰੈਂਟਿਸ ਨੌਜਵਾਨਾਂ ਨੂੰ ਵਿਭਾਗ ਵਿੱਚ ਰੈਗੂਲਰ ਭਰਤੀ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਨੌਜਵਾਨਾਂ ਨੂੰ ਅਸਿਸਟੈਂਟ ਲਾਈਨਮੈਨ (ALM) ਦੇ ਅਹੁਦੇ 'ਤੇ ਨਿਯੁਕਤ ਕੀਤਾ ਜਾਵੇਗਾ।

ਆਪ ਸਰਕਾਰ ਹਮੇਸ਼ਾ ਨੌਜਵਾਨਾਂ ਨੂੰ ਰੁਜ਼ਗਾਰ ਦੇ ਲਈ ਵਚਨਵੱਧ ਹੈ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਹਮੇਸ਼ਾ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਹੱਕ ਵਿੱਚ ਰਹੇ ਹਨ। ਇਸ ਨੀਤੀ ਤਹਿਤ, ਮੁੱਖ ਮੰਤਰੀ ਨੇ ਵਿਭਾਗ ਨੂੰ ਹਦਾਇਤ ਕੀਤੀ ਕਿ ਸਿਖਲਾਈ ਲੈ ਰਹੇ ਨੌਜਵਾਨਾਂ ਨੂੰ ਨਿਯਮਿਤ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ। ਇਸ ਸਬੰਧੀ ਐਡਵੋਕੇਟ ਜਨਰਲ ਤੋਂ ਕਾਨੂੰਨੀ ਸਲਾਹ ਲਈ ਗਈ ਸੀ। ਕਾਨੂੰਨੀ ਪ੍ਰਕਿਰਿਆ ਅਤੇ ਵਿਭਾਗੀ ਨਿਯਮਾਂ ਦੀ ਸਮੀਖਿਆ ਤੋਂ ਬਾਅਦ ਇਹ ਸਪੱਸ਼ਟ ਹੋਇਆ ਕਿ ਜੋ ਸਿਖਿਆਰਥੀ ਨਿਰਧਾਰਤ ਯੋਗਤਾ ਪੂਰੀ ਕਰਦੇ ਹਨ, ਉਨ੍ਹਾਂ ਨੂੰ ਵਿਭਾਗ ਵਿੱਚ ਨਿਯੁਕਤ ਕੀਤਾ ਜਾ ਸਕਦਾ ਹੈ।

PSPCL 'ਚ ਜਲਦ ਹੀ ਲਾਈਨਮੈਨ ਵਜੋਂ ਹੋਏਗੀ ਨਿਯੁਕਤੀ

ਚੀਮਾ ਨੇ ਕਿਹਾ ਕਿ ਇਸ ਸਮੇਂ ਬਿਜਲੀ ਵਿਭਾਗ 'ਤੇ ਕੰਮ ਦਾ ਬੋਝ ਕਾਫੀ ਜ਼ਿਆਦਾ ਹੈ। ਗਰਮੀ ਆਪਣੇ ਸਿਖਰ 'ਤੇ ਹੈ ਅਤੇ ਮਾਨਸੂਨ ਵੀ ਆਉਣ ਵਾਲਾ ਹੈ। ਅਜਿਹੇ ਵਿੱਚ ਫੀਲਡ ਪੱਧਰ 'ਤੇ ਵਾਧੂ ਤਕਨੀਕੀ ਸਟਾਫ ਦੀ ਲੋੜ ਨੂੰ ਦੇਖਦੇ ਹੋਏ ਇਨ੍ਹਾਂ ਨੌਜਵਾਨਾਂ ਦੀਆਂ ਸੇਵਾਵਾਂ ਵਿਭਾਗ ਵਿੱਚ ਲਈਆਂ ਜਾਣਗੀਆਂ। ਭਰਤੀ ਪ੍ਰਕਿਰਿਆ ਲਗਭਗ ਪੂਰੀ ਹੋ ਚੁੱਕੀ ਹੈ ਅਤੇ ਜਲਦੀ ਹੀ ਇਨ੍ਹਾਂ ਨੌਜਵਾਨਾਂ ਨੂੰ ਪੀ.ਐਸ.ਪੀ.ਸੀ.ਐਲ. (PSPCL) ਵਿੱਚ ਅਸਿਸਟੈਂਟ ਲਾਈਨਮੈਨ ਵਜੋਂ ਨਿਯੁਕਤ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਸੁਪਨਾ ਹੈ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਣ। ਮੁੱਖ ਮੰਤਰੀ ਦਾ ਮੰਨਣਾ ਹੈ ਕਿ ਜੋ ਵੀ ਨੌਜਵਾਨ ਪ੍ਰੀਖਿਆ ਪਾਸ ਕਰਦਾ ਹੈ ਅਤੇ ਨਿਰਧਾਰਿਤ ਘੱਟੋ-ਘੱਟ ਯੋਗਤਾਵਾਂ ਪੂਰੀਆਂ ਕਰਦਾ ਹੈ, ਉਸ ਨੂੰ ਰੁਜ਼ਗਾਰ ਦਾ ਮੌਕਾ ਮਿਲਣਾ ਚਾਹੀਦਾ ਹੈ। ਇਸੇ ਸੋਚ ਤਹਿਤ ਇਹ ਭਰਤੀ ਪ੍ਰਕਿਰਿਆ ਪੂਰੀ ਕੀਤੀ ਗਈ ਹੈ।

ਦੇਣਾ ਹੋਏਗਾ ਬੇਸਿਕ ਟੈਸਟ

ਵਿੱਤ ਮੰਤਰੀ ਨੇ ਦੱਸਿਆ ਕਿ ਹੁਣ ਇਨ੍ਹਾਂ ਨੌਜਵਾਨਾਂ ਨੂੰ ਇੱਕ ਬੇਸਿਕ ਟੈਸਟ ਦੇਣਾ ਹੋਵੇਗਾ, ਜਿਸ ਵਿੱਚ ਪੰਜਾਬੀ ਭਾਸ਼ਾ ਦਾ ਗਿਆਨ ਲਾਜ਼ਮੀ ਹੋਵੇਗਾ। ਉਨ੍ਹਾਂ ਨੂੰ ਪੰਜਾਬੀ ਭਾਸ਼ਾ ਦਾ ਇਹ ਟੈਸਟ ਪਾਸ ਕਰਨਾ ਜ਼ਰੂਰੀ ਹੈ। ਜੇਕਰ ਉਹ ਇਸ ਨੂੰ ਸਫਲਤਾਪੂਰਵਕ ਪਾਸ ਕਰ ਲੈਂਦੇ ਹਨ, ਤਾਂ ਵਿਭਾਗ ਉਨ੍ਹਾਂ ਨੂੰ ਤੁਰੰਤ ਨਿਯੁਕਤ ਕਰ ਦੇਵੇਗਾ। ਵਿਭਾਗ ਵੱਲੋਂ ਹੀ ਇਹ ਟੈਸਟ ਲਿਆ ਜਾਵੇਗਾ ਅਤੇ ਪ੍ਰੀਖਿਆ ਪੂਰੀ ਹੋਣ ਤੋਂ ਬਾਅਦ ਸਫਲ ਉਮੀਦਵਾਰਾਂ ਨੂੰ ਤੁਰੰਤ ਨਿਯੁਕਤੀ ਦੇ ਦਿੱਤੀ ਜਾਵੇਗੀ।

ਟੈਸਟ ਦੇਣਾ ਲਾਜ਼ਮੀ ਹੋਵੇਗਾ

ਪੰਜਾਬ ਅਤੇ ਰਾਜ ਤੋਂ ਬਾਹਰੋਂ ਆਉਣ ਵਾਲੇ ਸਾਰੇ ਉਮੀਦਵਾਰਾਂ ਲਈ ਇਹ ਟੈਸਟ ਦੇਣਾ ਲਾਜ਼ਮੀ ਹੋਵੇਗਾ। ਇਹ ਇੱਕ ਭਾਸ਼ਾ ਸਬੰਧੀ ਪ੍ਰੀਖਿਆ ਹੈ, ਜਿਸ ਨੂੰ ਪਾਸ ਕੀਤੇ ਬਿਨਾਂ ਪੰਜਾਬ ਸਰਕਾਰ ਵਿੱਚ ਨਿਯੁਕਤੀ ਨਹੀਂ ਹੋ ਸਕੇਗੀ। ਇਹ ਲੈਂਗੂਏਜ ਟੈਸਟ ਇਸ ਲਈ ਜ਼ਰੂਰੀ ਕੀਤਾ ਗਿਆ ਹੈ ਕਿਉਂਕਿ ਕਰਮਚਾਰੀਆਂ ਦੀ ਤਾਇਨਾਤੀ ਕਿਸੇ ਵੀ ਪਿੰਡ ਜਾਂ ਸ਼ਹਿਰ ਵਿੱਚ ਹੋ ਸਕਦੀ ਹੈ।

ਜਲਦ ਜਾਰੀ ਕੀਤਾ ਜਾਏਗਾ ਪ੍ਰੀਖਿਆ ਦਾ ਸਿਲੇਬਸ

ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬੀ ਭਾਸ਼ਾ ਦਾ ਗਿਆਨ ਹੋਣ 'ਤੇ ਹੀ ਇਹ ਮੁਲਾਜ਼ਮ ਆਮ ਲੋਕਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਗੱਲਬਾਤ ਕਰ ਸਕਣਗੇ ਅਤੇ ਆਪਣਾ ਕੰਮ ਬਿਹਤਰ ਤਰੀਕੇ ਨਾਲ ਕਰ ਸਕਣਗੇ। ਇਸੇ ਉਦੇਸ਼ ਨਾਲ ਇਹ ਬੇਸਿਕ ਪੰਜਾਬੀ ਭਾਸ਼ਾ ਟੈਸਟ ਲਾਗੂ ਕੀਤਾ ਗਿਆ ਹੈ। ਵਿਭਾਗ ਜਲਦੀ ਹੀ ਆਪਣੀ ਵੈੱਬਸਾਈਟ 'ਤੇ ਇਸ ਪ੍ਰੀਖਿਆ ਦਾ ਸਿਲੇਬਸ ਅਤੇ ਤਰੀਕ ਜਾਰੀ ਕਰੇਗਾ, ਤਾਂ ਜੋ ਉਮੀਦਵਾਰ ਸਮਾਂ ਰਹਿੰਦਿਆਂ ਤਿਆਰੀ ਕਰ ਸਕਣ ਅਤੇ ਪ੍ਰੀਖਿਆ ਵਿੱਚ ਸ਼ਾਮਲ ਹੋ ਸਕਣ।

Latest News