Thursday, 24th of September 2026

ਪੰਜਾਬ ਵਿਧਾਨ ਸਭਾ: ਫਲੋਰ ਟੈਸਟ 'ਚ ਪਾਸ ਹੋਈ ‘ਆਪ’ ਸਰਕਾਰ, 94 ‘ਚੋਂ 88 ਵਿਧਾਇਕਾਂ ਨੇ ਕੀਤਾ ਸਮਰਥਨ

Edited By: Lajwinder Kaur | Updated at:
ਪੰਜਾਬ ਵਿਧਾਨ ਸਭਾ: ਫਲੋਰ ਟੈਸਟ 'ਚ ਪਾਸ ਹੋਈ ‘ਆਪ’ ਸਰਕਾਰ, 94 ‘ਚੋਂ 88 ਵਿਧਾਇਕਾਂ ਨੇ ਕੀਤਾ ਸਮਰਥਨ

ਪੰਜਾਬ ਵਿਧਾਨ ਸਭਾ: ਫਲੋਰ ਟੈਸਟ 'ਚ ਪਾਸ ਹੋਈ ‘ਆਪ’ ਸਰਕਾਰ, 94 ‘ਚੋਂ 88 ਵਿਧਾਇਕਾਂ ਨੇ ਕੀਤਾ ਸਮਰਥਨ

ਪੰਜਾਬ ਵਿਧਾਨ ਸਭਾ ਵਿੱਚ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ (AAP) ਦੀ ਸਰਕਾਰ ਨੇ ਫਲੋਰ ਟੈਸਟ ਪਾਸ ਕਰ ਲਿਆ ਹੈ। ਸਦਨ ਵਿੱਚ ਮੌਜੂਦ 94 ਵਿਧਾਇਕਾਂ ਵਿੱਚੋਂ 88 ਵਿਧਾਇਕਾਂ ਨੇ ਸਰਕਾਰ ਦੇ ਪੱਖ ਵਿੱਚ ਵੋਟ ਪਾਈ। ਇਸ ਦੌਰਾਨ 4 ਵਿਧਾਇਕ ਗੈਰ-ਹਾਜ਼ਰ ਰਹੇ, ਜਦਕਿ 2 ਵਿਧਾਇਕ-ਲਾਲਜੀਤ ਸਿੰਘ ਭੁੱਲਰ ਅਤੇ ਹਰਮੀਤ ਸਿੰਘ ਪਠਾਨਮਾਜਰਾ ਜੇਲ੍ਹ ਵਿੱਚ ਬੰਦ ਹੋਣ ਕਾਰਨ ਵੋਟਿੰਗ ਵਿੱਚ ਸ਼ਾਮਲ ਨਹੀਂ ਹੋ ਸਕੇ।

ਇਸ ਪ੍ਰਕਿਰਿਆ ਦੌਰਾਨ ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸਦਨ ਵਿੱਚ ਮੌਜੂਦ ਨਹੀਂ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਉਹ ਇਸ ਜਿੱਤ ਦੀ ਕਾਪੀ ਰਾਸ਼ਟਰਪਤੀ ਕੋਲ ਲੈ ਕੇ ਜਾਣਗੇ। ਵੋਟਿੰਗ ਤੋਂ ਪਹਿਲਾਂ ਸਦਨ ਵਿੱਚ ਉਸ ਵੇਲੇ ਕਾਫੀ ਹੰਗਾਮਾ ਹੋਇਆ, ਜਦੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਪੀਕਰ ਨੂੰ ਪੱਤਰ ਸੌਂਪ ਕੇ ਮੁੱਖ ਮੰਤਰੀ ਅਤੇ ਸਾਰੇ ਵਿਧਾਇਕਾਂ ਦਾ 'ਡੋਪ ਟੈਸਟ' ਕਰਵਾਉਣ ਦੀ ਮੰਗ ਕੀਤੀ। ਹਾਲਾਂਕਿ, ਸਪੀਕਰ ਨੇ ਇਸ ਮੰਗ ਨੂੰ ਸਿਰੇ ਤੋਂ ਨਕਾਰ ਦਿੱਤਾ।

ਸਦਨ ਦੀ ਕਾਰਵਾਈ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸੀ ਵਿਧਾਇਕਾਂ 'ਤੇ ਤੰਜ ਕੱਸਦਿਆਂ ਕਿਹਾ ਕਿ ਉਹ ਸਦਨ ਦੇ ਅੰਦਰ ਮੋਬਾਈਲ ਫੋਨ ਦੀ ਵਰਤੋਂ ਕਰ ਰਹੇ ਹਨ। ਇਸ ਤੋਂ ਬਾਅਦ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਬੈਠਣ ਦੇ ਤਰੀਕੇ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ, ਜਿਸ ਕਾਰਨ ਦੋਵਾਂ ਪੱਖਾਂ ਵਿਚਾਲੇ ਤਿੱਖੀ ਬਹਿਸ ਹੋਈ।

ਇਸ ਬਹਿਸ ਦੌਰਾਨ ਖਹਿਰਾ ਵੱਲੋਂ ਮੁੱਖ ਮੰਤਰੀ ਨੂੰ ਲੈ ਕੇ ਕੁਝ ਇਤਰਾਜ਼ਯੋਗ ਇਲਜ਼ਾਮ ਲਗਾਏ ਗਏ, ਜਿਸ ਕਾਰਨ ਸਦਨ ਵਿੱਚ ਭਾਰੀ ਹੰਗਾਮਾ ਹੋ ਗਿਆ। ਸਥਿਤੀ ਤਣਾਅਪੂਰਨ ਹੁੰਦੀ ਦੇਖ ਕਾਂਗਰਸੀ ਵਿਧਾਇਕ ਸਦਨ ਵਿੱਚੋਂ ਵਾਕਆਊਟ ਕਰ ਗਏ।