ਪੰਜਾਬ ਦੇ ਕਿਸਾਨਾਂ ਦਾ ਦਿੱਲੀ ਵੱਲ ਕੂਚ ਮੁਲਤਵੀ, ਪਰ ਕਿਸਾਨ ਆਗੂਆਂ ਦੀ ਰਿਹਾਈ ਤੱਕ ਚੱਲੂਗਾ ਧਰਨਾ, ਅੰਦੋਲਨ ਦੀ ਅੱਗੇ ਦੀ ਰਣਨੀਤੀ….
ਪੰਜਾਬ ਦੇ ਕਿਸਾਨਾਂ ਵੱਲੋਂ ਮੰਗਲਵਾਰ (21 ਜੁਲਾਈ) ਨੂੰ ਅਮਰੀਕਾ-ਭਾਰਤ ਟਰੇਡ ਡੀਲ ਦੇ ਵਿਰੋਧ ਵਿੱਚ ਦਿੱਲੀ ਵੱਲ ਕੀਤਾ ਜਾ ਰਿਹਾ ਮਾਰਚ ਹੁਣ ਮੁਲਤਵੀ ਕਰ ਦਿੱਤਾ ਗਿਆ ਹੈ। ਪਰ ਅੰਦੋਲਨ ਖਤਮ ਕਰਨ ਨੂੰ ਲੈ ਕੇ ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਸਾਡੇ ਕਿਸਾਨ ਸਾਥੀਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਤੱਦ ਤੱਕ ਕਿਸਾਨੀ ਧਰਨਾ ਜਾਰੀ ਰਹੇਗਾ।
ਕਿਸਾਨ ਆਗੂ ਦਿਲਬਾਗ ਸਿੰਘ ਦਿਰਾਜਕੇ ਨੇ ਦੱਸਿਆ ਕਿ ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ ਨਾਲ ਮੀਟਿੰਗ ਹੋਈ, ਜਿਸ ਵਿੱਚ ਗ੍ਰਿਫ਼ਤਾਰ ਕੀਤੇ ਕਿਸਾਨ ਆਗੂਆਂ ਨੂੰ ਛੱਡਣ ਅਤੇ ਕੇਂਦਰ ਸਰਕਾਰ ਨਾਲ ਮੀਟਿੰਗ ਕਰਨ ਦੀ ਮੰਗ ਰੱਖੀ ਗਈ ਸੀ। ਇਨ੍ਹਾਂ ਦੋਵਾਂ ਮੰਗਾਂ 'ਤੇ ਸਹਿਮਤੀ ਬਣਨ ਕਾਰਨ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ।
ਅੰਦੋਲਨ ਦੀ ਅੱਗੇ ਦੀ ਰਣਨੀਤੀ ਤੈਅ ਕੀਤੀ ਜਾਏਗੀ
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਰਾਣਾ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਕਿਸਾਨ ਆਗੂਆਂ ਨੂੰ ਜਲਦੀ ਰਿਹਾਅ ਕਰ ਦਿੱਤਾ ਜਾਵੇਗਾ ਅਤੇ ਅਗਲੇ 8-10 ਦਿਨਾਂ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਨਾਲ ਗੱਲਬਾਤ ਸ਼ੁਰੂ ਕਰਵਾਈ ਜਾਵੇਗੀ। ਪੰਧੇਰ ਨੇ ਇਹ ਵੀ ਕਿਹਾ ਕਿ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਅਤੇ ਕਈ ਹੋਰ ਆਗੂਆਂ ਦੀ ਰਿਹਾਈ ਤੋਂ ਬਾਅਦ ਅੰਦੋਲਨ ਦੀ ਅੱਗੇ ਦੀ ਰਣਨੀਤੀ ਤੈਅ ਕੀਤੀ ਜਾਵੇਗੀ ਅਤੇ ਇਸ ਦੌਰਾਨ ਅਮਰੀਕਾ-ਭਾਰਤ ਟਰੇਡ ਡੀਲ 'ਤੇ ਵੀ ਚਰਚਾ ਹੋਵੇਗੀ।
ਜ਼ਿਕਰਯੋਗ ਹੈ ਕਿ ਕਿਸਾਨ ਸਵੇਰੇ ਹੀ ਦਿੱਲੀ ਜਾਣ ਲਈ ਪਟਿਆਲਾ-ਅੰਬਾਲਾ ਦੇ ਵਿਚਕਾਰ ਸ਼ੰਭੂ ਬਾਰਡਰ ਅਤੇ ਸੰਗਰੂਰ-ਜੀਂਦ ਦੇ ਖਨੌਰੀ ਬਾਰਡਰ 'ਤੇ ਪਹੁੰਚ ਗਏ ਸਨ, ਪਰ ਹਰਿਆਣਾ ਪੁਲਿਸ ਨੇ ਬੈਰੀਕੇਡਿੰਗ ਕਰਕੇ ਬਾਰਡਰ ਸੀਲ ਕਰ ਦਿੱਤੇ ਸਨ ਜਿਸ ਕਾਰਨ ਕਿਸਾਨ ਅੱਗੇ ਨਹੀਂ ਵਧ ਸਕੇ ਸਨ।