Friday, 2nd of October 2026

ਚੰਨੀ ਵੱਲੋਂ ਸੱਦੀ ਗਈ ਅਹਿਮ ਮੀਟਿੰਗ; ਪਹੁੰਚੇ ਨਾਮੀ ਆਗੂ…ਹੋ ਸਕਦਾ ਸਿਆਸੀ ਧਮਾਕਾ!

Edited By: Lajwinder Kaur | Updated at:
ਚੰਨੀ ਵੱਲੋਂ ਸੱਦੀ ਗਈ ਅਹਿਮ ਮੀਟਿੰਗ; ਪਹੁੰਚੇ ਨਾਮੀ ਆਗੂ…ਹੋ ਸਕਦਾ ਸਿਆਸੀ ਧਮਾਕਾ!

ਚੰਨੀ ਵੱਲੋਂ ਸੱਦੀ ਗਈ ਅਹਿਮ ਮੀਟਿੰਗ; ਪਹੁੰਚੇ ਨਾਮੀ ਆਗੂ…ਹੋ ਸਕਦਾ ਸਿਆਸੀ ਧਮਾਕਾ!

ਪੰਜਾਬ ਦੇ ਵਿੱਚ ਇਸ ਸਮੇਂ ਸਿਆਸੀ ਹਲਚਲ ਤੇਜ਼ ਚੱਲ ਰਹੀਆਂ ਹਨ। ਅੱਜ ਪੰਜਾਬ ਕਾਂਗਰਸ ਦੇ ਲਈ ਅਹਿਮ ਦਿਨ ਹੋਣ ਜਾ ਰਿਹਾ ਹੈ, ਕਿਉਂਕਿ ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ਵੱਲੋਂ ਅਹਿਮ ਮੀਟਿੰਗ ਸੱਦੀ ਗਈ ਹੈ। ਜਿਸ ਕਰਕੇ ਹਰ ਕਿਸੇ ਦੀ ਨਜ਼ਰ ਅੱਜ ਇਸ ਖਬਰ ਉੱਤੇ ਬਣੀ ਰਹੇਗੀ।

ਪੰਜਾਬ ਕਾਂਗਰਸ ‘ਚ ਫਿਰ ਸਿਆਸੀ ਉਥਲ-ਪੁਥਲ

ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਵਿੱਚ ਇੱਕ ਵਾਰ ਫਿਰ ਬਗਾਵਤ ਦੇ ਸੁਰ ਉੱਠਣ ਲੱਗੇ ਹਨ। ਸੂਬਾ ਪ੍ਰਧਾਨ ਦਾ ਅਹੁਦਾ ਨਾ ਮਿਲਣ ਕਾਰਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਫ਼ੀ ਨਾਰਾਜ਼ ਚੱਲ ਰਹੇ ਹਨ। ਇਸੇ ਨਾਰਾਜ਼ਗੀ ਦੇ ਚੱਲਦਿਆਂ, ਜਦੋਂ ਉਨ੍ਹਾਂ ਨੂੰ ਕੈਂਪੇਨਿੰਗ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ, ਤਾਂ ਉਨ੍ਹਾਂ ਨੇ ਹਾਈਕਮਾਨ ਦਾ ਧੰਨਵਾਦ ਤੱਕ ਨਹੀਂ ਕੀਤਾ।

ਆਪਣੀ ਨਾਰਾਜ਼ਗੀ ਜ਼ਾਹਿਰ ਕਰਨ ਲਈ, ਚਰਨਜੀਤ ਸਿੰਘ ਚੰਨੀ ਨੇ ਅੱਜ ਸ਼ੁੱਕਰਵਾਰ ਨੂੰ ਮੋਰਿੰਡਾ ਸਥਿਤ ਆਪਣੇ ਘਰ ਇੱਕ ਅਹਿਮ ਮੀਟਿੰਗ ਬੁਲਾਈ ਹੈ। ਇਸ ਮੀਟਿੰਗ ਵਿੱਚ ਪਾਰਟੀ ਦੇ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਨੂੰ ਸੱਦਾ ਦਿੱਤਾ ਗਿਆ ਹੈ। ਚੰਨੀ ਦੇ ਬੁਲਾਵੇ 'ਤੇ ਲੁਧਿਆਣਾ ਤੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਬਾਘਾਪੁਰਾਣਾ ਤੋਂ ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਮੋਰਿੰਡਾ ਪਹੁੰਚ ਚੁੱਕੇ ਹਨ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਰਸ਼ਨ ਸਿੰਘ ਬਰਾੜ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਚਰਨਜੀਤ ਸਿੰਘ ਚੰਨੀ ਨੂੰ ਪਾਰਟੀ ਦਾ ਪ੍ਰਧਾਨ ਨਹੀਂ ਬਣਾਇਆ ਗਿਆ, ਤਾਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨੀ ਮੁਸ਼ਕਲ ਹੋਵੇਗੀ। 

ਹੋ ਸਕਦਾ ਵੱਡਾ ਸਿਆਸੀ ਧਮਾਕਾ

ਚੰਨੀ ਦੇ ਇਸ ਰਵੱਈਏ ਤੋਂ ਲੱਗ ਰਿਹਾ ਹੈ ਕਿ ਅੱਜ ਪੰਜਾਬ ਕਾਂਗਰਸ ਵਿੱਚ ਕੋਈ ਵੱਡਾ ਸਿਆਸੀ ਧਮਾਕਾ ਹੋ ਸਕਦਾ ਹੈ। ਸੂਤਰਾਂ ਨੇ ਦੱਸਿਆ ਹੈ ਕਿ ਚਰਨਜੀਤ ਸਿੰਘ ਚੰਨੀ ਪ੍ਰਧਾਨ ਨਾ ਬਣਾਏ ਜਾਣ ਕਾਰਨ ਕਾਫ਼ੀ ਨਾਰਾਜ਼ ਹਨ ਅਤੇ ਹੁਣ ਉਨ੍ਹਾਂ ਨੇ 'ਆਰ-ਪਾਰ' ਦੀ ਲੜਾਈ ਲੜਨ ਦਾ ਫੈਸਲਾ ਕਰ ਲਿਆ ਹੈ। ਉਹ ਅੱਜ ਸ਼ਕਤੀ ਪ੍ਰਦਰਸ਼ਨ ਕਰਕੇ ਪਾਰਟੀ ਹਾਈਕਮਾਨ ਨੂੰ ਆਪਣੀ ਅਸਲ ਤਾਕਤ ਦਾ ਅਹਿਸਾਸ ਕਰਵਾਉਣਾ ਚਾਹੁੰਦੇ ਹਨ।

ਚੰਨੀ ਦੇ ਸਮਰਥਕਾਂ ਦਾ ਕੀ ਹੈ ਰੁਖ਼?

ਚੰਨੀ ਖੇਮੇ ਦੇ ਕਿਸੇ ਵੀ ਵੱਡੇ ਆਗੂ ਨੇ ਹਾਈਕਮਾਨ ਦੇ ਫੈਸਲੇ 'ਤੇ ਕੋਈ ਧੰਨਵਾਦ ਨਹੀਂ ਕੀਤਾ ਹੈ। ਇਨ੍ਹਾਂ ਵਿੱਚ ਵਿਧਾਇਕ ਰਾਣਾ ਗੁਰਜੀਤ ਸਿੰਘ, ਵਿਧਾਇਕ ਪਰਗਟ ਸਿੰਘ, ਸਾਬਕਾ ਡਿਪਟੀ ਸੀਐਮ ਓਪੀ ਸੋਨੀ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਵਰਗੇ ਪ੍ਰਮੁੱਖ ਆਗੂ ਸ਼ਾਮਲ ਹਨ। 

ਚੰਨੀ ਦੇ ਹੱਕ 'ਚ ਖੁੱਲ੍ਹ ਕੇ ਨਿੱਤਰੇ ਪੰਜਾਬ ਕਾਂਗਰਸ ਦੇ ਵੱਡੇ ਆਗੂ

ਮੋਰਿੰਡਾ ਵਿਖੇ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ 'ਤੇ ਹੋਣ ਵਾਲੀ ਮੀਟਿੰਗ ਨੂੰ ਲੈ ਕੇ ਪਾਰਟੀ ਦੇ ਕਈ ਦਿੱਗਜ ਆਗੂਆਂ ਨੇ ਖੁੱਲ੍ਹ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਬਾਘਾਪੁਰਾਣਾ ਤੋਂ ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਉਹ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪਾਰਟੀ ਪ੍ਰਧਾਨ ਵਜੋਂ ਨਹੀਂ ਮੰਨਦੇ। ਉਨ੍ਹਾਂ ਸਪੱਸ਼ਟ ਕਿਹਾ ਕਿ ਪਾਰਟੀ ਹਾਈਕਮਾਨ ਦਾ ਫੈਸਲਾ ਗਲਤ ਹੈ ਅਤੇ ਚਰਨਜੀਤ ਸਿੰਘ ਚੰਨੀ ਨੂੰ ਹੀ ਪ੍ਰਧਾਨ ਬਣਾਇਆ ਜਾਣਾ ਚਾਹੀਦਾ ਸੀ।

ਇਸ ਮੀਟਿੰਗ ਵਿੱਚ ਕਈ ਹੋਰ ਪ੍ਰਮੁੱਖ ਆਗੂ ਵੀ ਸ਼ਾਮਲ ਹੋਏ, ਜਿਨ੍ਹਾਂ ਵਿੱਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਸਾਬਕਾ ਡਿਪਟੀ ਸੀਐਮ ਓਪੀ ਸੋਨੀ, ਸਾਬਕਾ ਵਿਧਾਇਕ ਤਰਸੇਮ ਸਿੰਘ (ਅਟਾਰੀ), ਇੰਦਰਬੀਰ ਸਿੰਘ ਬੁਲਾਰੀਆ ਅਤੇ ਸਾਬਕਾ ਵਿਧਾਇਕ ਸੁਰਿੰਦਰ ਚੌਧਰੀ (ਕਰਤਾਰਪੁਰ) ਸ਼ਾਮਲ ਸਨ। ਇਨ੍ਹਾਂ ਸਾਰੇ ਆਗੂਆਂ ਨੇ ਇੱਕਸੁਰ ਹੋ ਕੇ ਮੰਗ ਕੀਤੀ ਕਿ ਚਰਨਜੀਤ ਸਿੰਘ ਚੰਨੀ ਨੂੰ ਪਾਰਟੀ ਦੀ ਕਮਾਨ ਸੌਂਪੀ ਜਾਣੀ ਚਾਹੀਦੀ ਸੀ ਅਤੇ ਉਨ੍ਹਾਂ ਨੂੰ ਰਾਜਾ ਵੜਿੰਗ ਦੀ ਪ੍ਰਧਾਨਗੀ ਮਨਜ਼ੂਰ ਨਹੀਂ ਹੈ।