Tuesday, 23rd of June 2026

ਸੰਜੀਵ ਅਰੋੜਾ ਦੇ ਘਰ ਛਾਪੇਮਾਰੀ 'ਤੇ ਗਰਮਾਈ ਸਿਆਸਤ, CM ਮਾਨ ਵੀ ਹੋਏ ਤੱਤੇ, ਬੋਲੇ- ‘ED-BJP ਗੱਠਜੋੜ ਦਾ ਅੰਤ ਪੰਜਾਬ ਹੀ ਕਰੇਗਾ’

Edited By: Lajwinder Kaur | Updated at: May 09th 2026 10:47 AM
Trending News
ਸੰਜੀਵ ਅਰੋੜਾ ਦੇ ਘਰ ਛਾਪੇਮਾਰੀ 'ਤੇ ਗਰਮਾਈ ਸਿਆਸਤ, CM ਮਾਨ ਵੀ ਹੋਏ ਤੱਤੇ, ਬੋਲੇ- ‘ED-BJP ਗੱਠਜੋੜ ਦਾ ਅੰਤ ਪੰਜਾਬ ਹੀ ਕਰੇਗਾ’

ਸੰਜੀਵ ਅਰੋੜਾ ਦੇ ਘਰ ਛਾਪੇਮਾਰੀ 'ਤੇ ਗਰਮਾਈ ਸਿਆਸਤ, CM ਮਾਨ ਵੀ ਹੋਏ ਤੱਤੇ, ਬੋਲੇ- ‘ED-BJP ਗੱਠਜੋੜ ਦਾ ਅੰਤ ਪੰਜਾਬ ਹੀ ਕਰੇਗਾ’

ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਅਤੇ Hampton Sky Realty Limited ਨਾਲ ਜੁੜੀਆਂ ਦਿੱਲੀ, ਗੁਰੂਗ੍ਰਾਮ ਅਤੇ ਚੰਡੀਗੜ੍ਹ ਦੀਆਂ 5 ਥਾਵਾਂ 'ਤੇ ED ਦੀ ਛਾਪੇਮਾਰੀ ਜਾਰੀ ਹੈ। ਇਸ ਕਾਰਵਾਈ ਵਿੱਚ ਮੰਤਰੀ ਦੀ ਰਿਹਾਇਸ਼ ਸਮੇਤ ਕੰਪਨੀ ਦੇ ਦਫ਼ਤਰਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਜਾਂਚ ਏਜੰਸੀ ਮੁਤਾਬਕ ਇਹ ਮਾਮਲਾ ਕਰੀਬ 100 ਕਰੋੜ ਰੁਪਏ ਦੇ ਜਾਅਲੀ GST, ਮੋਬਾਈਲ ਫ਼ੋਨ ਖ਼ਰੀਦ ਅਤੇ ਐਕਸਪੋਰਟ ਰੈਕੇਟ ਨਾਲ ਜੁੜਿਆ ਹੋਇਆ ਹੈ। ਇਲਜ਼ਾਮ ਹੈ ਕਿ ਦਿੱਲੀ ਦੀਆਂ ਫ਼ਰਜ਼ੀ ਫਰਮਾਂ ਦੇ ਨਾਂ 'ਤੇ ਜਾਅਲੀ ਬਿੱਲ ਬਣਾ ਕੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਾਇਆ ਗਿਆ ਅਤੇ ITC ਤੇ ਐਕਸਪੋਰਟ ਰਿਫੰਡ ਦਾ ਨਾਜਾਇਜ਼ ਫਾਇਦਾ ਲਿਆ ਗਿਆ। ED ਇਸ ਮਾਮਲੇ ਨੂੰ ਮਨੀ ਲਾਂਡਰਿੰਗ ਅਤੇ ਦੁਬਈ ਤੋਂ ਫੰਡਾਂ ਦੀ ਗੈਰ-ਕਾਨੂੰਨੀ ਹੇਰਾਫੇਰੀ (Round-tripping) ਨਾਲ ਜੋੜ ਕੇ ਦੇਖ ਰਹੀ ਹੈ। 

ਮੰਤਰੀ ਸੰਜੀਵ ਅਰੋੜਾ ਦੇ ਹੱਕ ‘ਚ ਪੰਜਾਬ ਸਰਕਾਰ ਦੀ ਬੜ੍ਹਕ: "ਝੁਕੇਗਾ ਨਹੀਂ ਪੰਜਾਬ"

ਮੰਤਰੀ ਸੰਜੀਵ ਅਰੋੜਾ ਦੇ ਘਰ ਹੋਈ ਤਾਜ਼ਾ ਛਾਪੇਮਾਰੀ ਤੋਂ ਬਾਅਦ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ਅਤੇ ED 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਗਿਆ ਹੈ ਕਿ ਇੱਕ ਸਾਲ ਵਿੱਚ ਤੀਜੀ ਵਾਰ ਅਤੇ ਮਹੀਨੇ ਵਿੱਚ ਦੂਜੀ ਵਾਰ ਹੋਈ ਇਸ ਕਾਰਵਾਈ ਵਿੱਚ ਏਜੰਸੀਆਂ ਦੇ ਹੱਥ ਕੁਝ ਵੀ ਨਹੀਂ ਲੱਗਿਆ। 

CM ਮਾਨ ਵੱਲੋਂ ਇਸ ਈਡੀ ਦੀ ਰੇਡ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਨੇ ਐਕਸ ਉੱਤੇ ਗੁੱਸਾ ਜ਼ਾਹਿਰ ਕਰਦੇ ਹੋਏ ਲਿਖਿਆ ਹੈ- ‘ਅੱਜ ਫ਼ਿਰ ਤੋਂ BJP ਦੀ ED ਸੰਜੀਵ ਅਰੋੜਾ ਦੇ ਘਰ ਆਈ ਹੈ। ਇੱਕ ਸਾਲ ਵਿੱਚ ਇਹ ਤੀਜੀ ਵਾਰ ਉਹਨਾਂ ਦੇ ਘਰ BJP ਦੀ ED ਆਈ ਹੈ ਤੇ ਇੱਕ ਮਹੀਨੇ 'ਚ ਦੂਜੀ ਵਾਰ। ਫ਼ਿਰ ਵੀ ਕੁਝ ਨਹੀਂ ਮਿਲਿਆ ਉਨ੍ਹਾਂ ਨੂੰ। ਮੈਂ ਮੋਦੀ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ, ਔਰੰਗਜ਼ੇਬ ਵੀ ਨਹੀਂ ਝੁਕਾ ਸਕਿਆ ਸੀ। ਇਹ ਭਗਤ ਸਿੰਘ ਦੀ ਧਰਤੀ ਹੈ ਜੋ ਅੰਗਰੇਜ਼ਾਂ ਦੇ ਅੱਗੇ ਕਦੇ ਵੀ ਨਹੀਂ ਝੁਕੇ, ਤਾਂ ਮੋਦੀ ਦੀਆਂ ਚਾਲਾਂ ਅੱਗੇ ਪੰਜਾਬ ਕਦੇ ਵੀ ਨਹੀਂ ਝੁਕੇਗਾ। ED-BJP ਦੇ ਇਸ ਅਨੈਤਿਕ ਗੱਠਜੋੜ ਦਾ ਅੰਤ ਪੰਜਾਬ ਹੀ ਕਰੇਗਾ।’

ਮੰਤਰੀ ਹਰਪਾਲ ਸਿੰਘ ਚੀਮਾ ਨੇ ED ਦੀ ਕਾਰਵਾਈ 'ਤੇ ਭਾਜਪਾ ਨੂੰ ਘੇਰਿਆ

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੰਜੀਵ ਅਰੋੜਾ ਦੇ ਘਰ ਹੋਈ ED ਦੀ ਛਾਪੇਮਾਰੀ ਨੂੰ ਲੈ ਕੇ ਭਾਜਪਾ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਿਰੋਧੀ ਧਿਰ ਦੇ ਆਗੂਆਂ ਨੂੰ ਡਰਾਉਣ ਲਈ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ। ਚੀਮਾ ਨੇ ਸਪੱਸ਼ਟ ਕੀਤਾ ਕਿ ਭਾਵੇਂ ED ਵਾਰ-ਵਾਰ ਛਾਪੇਮਾਰੀ ਕਰ ਰਹੀ ਹੈ, ਪਰ ਉਨ੍ਹਾਂ ਨੂੰ ਪਹਿਲਾਂ ਵੀ ਕੁਝ ਨਹੀਂ ਮਿਲਿਆ ਅਤੇ ਨਾ ਹੀ ਹੁਣ ਕੁਝ ਮਿਲੇਗਾ। ਉਨ੍ਹਾਂ ਅਨੁਸਾਰ ਭਾਜਪਾ ਪੰਜਾਬ ਵਿੱਚ ਆਪਣੀ ਸਿਆਸੀ ਜ਼ਮੀਨ ਖਿਸਕਦੀ ਦੇਖ ਕੇ ਅਜਿਹੀਆਂ ਚਾਲਾਂ ਚੱਲ ਰਹੀ ਹੈ, ਪਰ ਪੰਜਾਬ ਦੇ ਲੋਕ ਇਨ੍ਹਾਂ ਦਾ ਮੂੰਹਤੋੜ ਜਵਾਬ ਦੇਣਗੇ।

Latest News