Saturday, 4th of July 2026

ਚੋਣਾਂ ਤੋਂ ਪਹਿਲਾਂ ਕਾਂਗਰਸ 'ਚ CM ਚਿਹਰੇ ਨੂੰ ਲੈ ਕੇ ਸਿਆਸੀ ਖਿੱਚੋਤਾਣ! ਚੰਨੀ ਦੇ ਘਰ ਹੋਈ ਮੀਟਿੰਗ ਨੂੰ ਲੈ ਕੇ ਰਾਜਾ ਵੜਿੰਗ ਦੇ ਪਹਿਲੇ ਬਿਆਨ ਨੇ….

Edited By: Lajwinder Kaur | Updated at: July 04th 2026 06:28 PM
Trending News
ਚੋਣਾਂ ਤੋਂ ਪਹਿਲਾਂ ਕਾਂਗਰਸ 'ਚ CM ਚਿਹਰੇ ਨੂੰ ਲੈ ਕੇ ਸਿਆਸੀ ਖਿੱਚੋਤਾਣ! ਚੰਨੀ ਦੇ ਘਰ ਹੋਈ ਮੀਟਿੰਗ ਨੂੰ ਲੈ ਕੇ ਰਾਜਾ ਵੜਿੰਗ ਦੇ ਪਹਿਲੇ ਬਿਆਨ ਨੇ….

ਚੋਣਾਂ ਤੋਂ ਪਹਿਲਾਂ ਕਾਂਗਰਸ 'ਚ CM ਚਿਹਰੇ ਨੂੰ ਲੈ ਕੇ ਸਿਆਸੀ ਖਿੱਚੋਤਾਣ! ਚੰਨੀ ਦੇ ਘਰ ਹੋਈ ਮੀਟਿੰਗ ਨੂੰ ਲੈ ਕੇ ਰਾਜਾ ਵੜਿੰਗ ਦੇ ਪਹਿਲੇ ਬਿਆਨ ਨੇ….

ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਕਾਂਗਰਸ ਦੇ ਅੰਦਰੂਨੀ ਕਾਟੋ ਕਲੇਸ਼ ਖੁੱਲ੍ਹ ਕੇ ਜੱਗ ਜ਼ਾਹਿਰ ਹੋ ਗਿਆ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸ਼ਕਤੀ ਪ੍ਰਦਰਸ਼ਨ ਤੋਂ ਇੱਕ ਦਿਨ ਬਾਅਦ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੀ ਚੁੱਪੀ ਤੋੜੀ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਉਹ ਮੁੱਖ ਮੰਤਰੀ ਦੇ ਅਹੁਦੇ ਦੀ ਦੌੜ ਵਿੱਚ ਨਹੀਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਪਾਰਟੀ ਵਿੱਚ ਅਨੁਸ਼ਾਸਨ ਸਭ ਤੋਂ ਵੱਧ ਜ਼ਰੂਰੀ ਹੈ ਅਤੇ ਸਾਰੇ ਆਗੂਆਂ ਨੂੰ ਆਪਣੀ ਮਰਿਆਦਾ ਵਿੱਚ ਰਹਿ ਕੇ ਹੀ ਬਿਆਨਬਾਜ਼ੀ ਕਰਨੀ ਚਾਹੀਦੀ ਹੈ।

ਚੰਨੀ ਦੇ ਘਰ ਹੋਈ ਮੀਟਿੰਗ ਤੋਂ ਬਾਅਦ ਸਿਆਸੀ ਹਲਚਲ...

ਦਰਅਸਲ, ਸ਼ੁੱਕਰਵਾਰ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ 'ਤੇ ਕਾਂਗਰਸ ਦੇ 50 ਤੋਂ ਵੱਧ ਆਗੂਆਂ ਦੀ ਇੱਕ ਅਹਿਮ ਮੀਟਿੰਗ ਹੋਈ ਸੀ। ਇਸ ਮੀਟਿੰਗ ਵਿੱਚ ਕਈ ਆਗੂਆਂ ਨੇ ਰਾਜਾ ਵੜਿੰਗ ਨੂੰ ਸੂਬਾ ਪ੍ਰਧਾਨ ਬਣਾਏ ਰੱਖਣ ਦੇ ਫੈਸਲੇ 'ਤੇ ਸਵਾਲ ਚੁੱਕੇ ਅਤੇ ਪਾਰਟੀ ਹਾਈਕਮਾਨ ਤੋਂ ਇਸ ਫੈਸਲੇ 'ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ। ਮੰਨਿਆ ਜਾ ਰਿਹਾ ਹੈ ਕਿ ਚੰਨੀ ਖੁਦ ਨੂੰ ਸੂਬਾ ਪ੍ਰਧਾਨ ਨਾ ਬਣਾਏ ਜਾਣ ਕਾਰਨ ਨਾਰਾਜ਼ ਚੱਲ ਰਹੇ ਹਨ।

ਕੋਈ ਵੀ ਹੋ ਸਕਦਾ CM ਦਾ ਚਿਹਰਾ

ਇਸ ਪੂਰੇ ਘਟਨਾਕ੍ਰਮ 'ਤੇ ਪ੍ਰਤੀਕਿਰਿਆ ਦਿੰਦਿਆਂ ਰਾਜਾ ਵੜਿੰਗ ਨੇ ਕਿਹਾ, "ਚੰਨੀ ਸਾਹਿਬ ਹੋਣ ਜਾਂ ਕੋਈ ਹੋਰ, ਕੋਈ ਵੀ ਮੁੱਖ ਮੰਤਰੀ ਦਾ ਚਿਹਰਾ ਹੋ ਸਕਦਾ ਹੈ। ਮੈਂ ਇਸ ਦੌੜ ਵਿੱਚ ਨਹੀਂ ਹਾਂ। ਰਾਜਾ ਵੜਿੰਗ ਮੁੱਖ ਮੰਤਰੀ ਦੇ ਅਹੁਦੇ ਦੀ ਰੇਸ ਵਿੱਚ ਨਹੀਂ ਹੈ। ਰਾਹੁਲ ਗਾਂਧੀ ਜਿਸ ਸ਼ਖ਼ਸ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣਗੇ, ਮੈਂ ਉਸ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਰਹਾਂਗਾ। ਮੇਰਾ ਸਿਰਫ਼ ਇੱਕ ਹੀ ਟੀਚਾ ਹੈ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਵਾਪਸ ਲਿਆਉਣੀ ਹੈ। ਮੈਂ ਮੁੱਖ ਮੰਤਰੀ ਬਣਨ ਦੇ ਸੁਪਨੇ ਨਹੀਂ ਦੇਖਦਾ।"

ਪਾਰਟੀ ਵਿੱਚ ਕੋਈ ਫੁੱਟ ਜਾਂ ਟਕਰਾਅ ਨਹੀਂ-ਰਾਜਾ ਵੜਿੰਗ

ਚਰਨਜੀਤ ਸਿੰਘ ਚੰਨੀ ਦੇ ਘਰ ਹੋਈ ਮੀਟਿੰਗ ਬਾਰੇ ਰਾਜਾ ਵੜਿੰਗ ਨੇ ਕਿਹਾ ਕਿ ਇਸ ਵਿੱਚ ਕੋਈ ਵਿਵਾਦ ਨਹੀਂ ਹੈ। ਉਨ੍ਹਾਂ ਕਿਹਾ, "ਚੰਨੀ ਸਾਹਿਬ ਇੱਕ ਸੀਨੀਅਰ ਅਤੇ ਸਤਿਕਾਰਯੋਗ ਆਗੂ ਹਨ। ਉਹ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਹਨ। ਉਨ੍ਹਾਂ ਦੇ ਘਰ ਕਾਂਗਰਸੀ ਆਗੂਆਂ ਦਾ ਇਕੱਠਾ ਹੋਣਾ ਕੋਈ ਸਮੱਸਿਆ ਨਹੀਂ ਹੈ। ਕਿਸੇ ਵੀ ਆਗੂ ਦੇ ਘਰ ਮੀਟਿੰਗ ਹੋ ਸਕਦੀ ਹੈ। ਜੇਕਰ ਕੋਈ ਮੁੱਦੇ ਹਨ, ਤਾਂ ਬੈਠ ਕੇ ਚਰਚਾ ਕੀਤੀ ਜਾ ਸਕਦੀ ਹੈ। ਇਸ ਦਾ ਮਤਲਬ ਇਹ ਨਹੀਂ ਕਿ ਪਾਰਟੀ ਵਿੱਚ ਕੋਈ ਫੁੱਟ ਜਾਂ ਟਕਰਾਅ ਹੈ।"

ਕੋਈ ਕਿਸੇ ਤੋਂ ਨਹੀਂ ਨਾਰਾਜ਼

ਪੰਜਾਬ ਕਾਂਗਰਸ ਪ੍ਰਧਾਨ ਨੇ ਇਹ ਵੀ ਕਿਹਾ ਕਿ ਮੀਟਿੰਗ ਵਿੱਚ ਕਿਸੇ ਵੀ ਸੀਨੀਅਰ ਆਗੂ ਨੇ ਉਨ੍ਹਾਂ ਦੇ ਖਿਲਾਫ ਕੁਝ ਨਹੀਂ ਕਿਹਾ। ਉਨ੍ਹਾਂ ਕਿਹਾ, "ਨਾ ਤਾਂ ਚੰਨੀ ਸਾਹਿਬ ਨੇ ਮੇਰੇ ਖਿਲਾਫ ਕੁਝ ਕਿਹਾ ਹੈ ਅਤੇ ਨਾ ਹੀ ਕਿਸੇ ਸੀਨੀਅਰ ਆਗੂ ਨੇ। ਜਿਨ੍ਹਾਂ ਨੇ ਬਿਆਨ ਦਿੱਤੇ ਹਨ, ਉਹ ਪਾਰਟੀ ਵਿੱਚ ਨਹੀਂ ਹਨ। ਬਹੁਤ ਜਲਦ ਤੁਸੀਂ ਸਾਰੇ ਆਗੂਆਂ ਨੂੰ ਇੱਕ ਮੰਚ 'ਤੇ ਇਕੱਠੇ ਬੈਠ ਕੇ ਪੰਜਾਬ ਦੀ ਖ਼ਾਤਰ ਲੜਦੇ ਹੋਏ ਦੇਖੋਗੇ।"

ਭਾਜਪਾ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ, "ਉਨ੍ਹਾਂ ਨੂੰ ਇੱਕ-ਦੋ ਦਿਨ ਖੁਸ਼ ਰਹਿਣ ਦਿਓ। ਕਾਂਗਰਸ ਪਾਰਟੀ ਭਾਜਪਾ ਨੂੰ ਪੰਜਾਬ ਵਿੱਚ ਪੈਰ ਤੱਕ ਨਹੀਂ ਜਮਾਉਣ ਦੇਵੇਗੀ।"

ਅੰਤਿਮ ਫੈਸਲਾ ਕਾਂਗਰਸ ਹਾਈਕਮਾਨ ਦਾ ਹੋਏਗਾ

ਪੰਜਾਬ ਕਾਂਗਰਸ ਵਿੱਚ ਫਿਲਹਾਲ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਚਰਚਾਵਾਂ ਕਾਫੀ ਤੇਜ਼ ਹਨ। ਹਾਲਾਂਕਿ, ਰਾਜਾ ਵੜਿੰਗ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਅੰਤਿਮ ਫੈਸਲਾ ਰਾਹੁਲ ਗਾਂਧੀ ਅਤੇ ਪਾਰਟੀ ਹਾਈਕਮਾਨ ਦਾ ਹੀ ਹੋਵੇਗਾ, ਅਤੇ ਉਹ ਹਾਈਕਮਾਨ ਦੇ ਉਸ ਫੈਸਲੇ ਨੂੰ ਪੂਰੀ ਤਰ੍ਹਾਂ ਸਵੀਕਾਰ ਕਰਨਗੇ।

Punjabi Shorts

Latest News