ਪੰਜਾਬ 'ਚ ਅਗਲੇ ਸਾਲ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਸਿਆਸੀ ਹਲਚਲ ਚ ਵੱਡੇ ਪੱਧਰ ਉੱਤੇ ਹਲਚਲ ਦੇਖਣ ਨੂੰ ਮਿਲ ਰਹੀ ਹੈ। ਜੀ ਹਾਂ ਬਹੁਤ ਸਾਰੇ ਆਗੂ ਇੱਕ ਪਾਰਟੀ ਤੋਂ ਦੂਜੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਰਹੇ ਹਨ। ਇਸ ਲੜੀ ਦੇ ਤਹਿਤ ਕਾਂਗਰਸ ਦਾ ਇੱਕ ਹੋਰ ਵੱਡਾ ਚਿਹਰਾ ਆਪ ਦੇ ਵਿੱਚ ਸ਼ਾਮਿਲ ਹੋ ਗਿਆ ਹੈ।
ਪੰਜਾਬ ਦੀ ਸਿਆਸਤ ਵਿੱਚੋਂ ਇੱਕ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਇਸ ਦੌਰਾਨ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਗੁਰਪ੍ਰੀਤ ਸਿੰਘ ਬਲੀਏਵਾਲ (ਜੀ.ਪੀ.) ਨੇ ਕਾਂਗਰਸ ਦਾ ਸਾਥ ਛੱਡ ਕੇ ਆਮ ਆਦਮੀ ਪਾਰਟੀ (AAP) ਦਾ ਪੱਲਾ ਫੜ ਲਿਆ। ਹਰਦੀਪ ਸਿੰਘ ਮੁੰਡੀਆਂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਗੁਰਪ੍ਰੀਤ ਬਲੀਏਵਾਲ ਨੂੰ ਜੀ ਆਇਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਪਾਰਟੀ ਵਿੱਚ ਇਸ ਨਵੇਂ ਬਦਲਾਅ ਨਾਲ ਸੂਬੇ ਦੀ ਸਿਆਸਤ ਵਿੱਚ ਹੋਰ ਸਰਗਰਮੀ ਵੇਖਣ ਨੂੰ ਮਿਲ ਰਹੀ ਹੈ। ਆਗੂਆਂ ਦਾ ਮੰਨਣਾ ਹੈ ਕਿ ਇਸ ਨਾਲ ਪਾਰਟੀ ਦਾ ਅਧਾਰ ਹੋਰ ਮਜ਼ਬੂਤ ਹੋਵੇਗਾ।
ਦੱਸ ਦਈਏ ਹਾਲ ਦੇ ਵਿੱਚ ਹੀ ਕਈ ਨਾਮੀ ਹਸਤੀਆਂ ਸਣੇ ਖੇਡ ਜਗਤ ਤੋਂ ਵੀ ਕਈ ਜਾਣੇ ਆਪ ਦੇ ਵਿੱਚ ਸ਼ਾਮਿਲ ਹੋ ਚੁੱਕੇ ਹਨ। ਹਾਲ ਦੇ ਵਿੱਚ ਹੀ ਮੋਗਾ ਤੋਂ ਕਈ ਕੌਂਸਲਰ ਸਣੇ ਕਈ ਸਾਥੀਆਂ ਨੇ ਭਾਜਪਾ ਨੂੰ ਅਲਵਿਦਾ ਕਹਿ ਦਿੱਤਾ ਅਤੇ ਆਪ ਦਾ ਪੱਲਾ ਫੜ ਲਿਆ।
ਆਪ ਦੇ ਕੰਮ ਤੋਂ ਲੋਕ ਹੋ ਰਹੇ ਨੇ ਪ੍ਰਭਾਵਿਤ
ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਵੱਲੋਂ ਪੰਜਾਬ ਵਿੱਚ ਕਈ ਲੋਕ-ਪੱਖੀ ਕੰਮ ਕੀਤੇ ਗਏ ਹਨ। ਮੁੱਖ ਤੌਰ 'ਤੇ ਸੂਬੇ ਦੇ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ ਦੇਣ ਦੀ ਸਹੂਲਤ ਲਾਗੂ ਕੀਤੀ ਗਈ ਹੈ, ਜਿਸ ਨਾਲ ਲੱਖਾਂ ਘਰਾਂ ਦਾ ਬਿਜਲੀ ਬਿਲ ਜ਼ੀਰੋ ਆ ਰਿਹਾ ਹੈ। ਇਸ ਤੋਂ ਇਲਾਵਾ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ 'ਆਮ ਆਦਮੀ ਕਲੀਨਿਕ' ਖੋਲ੍ਹੇ ਗਏ ਹਨ ਜਿੱਥੇ ਮੁਫ਼ਤ ਇਲਾਜ ਅਤੇ ਟੈਸਟਾਂ ਦੀ ਸਹੂਲਤ ਮਿਲਦੀ ਹੈ। ਸਿੱਖਿਆ ਦੇ ਖੇਤਰ ਵਿੱਚ ਸਰਕਾਰੀ ਸਕੂਲਾਂ ਦੀ ਕਾਇਆ-ਕਲਪ ਕਰਕੇ ਉਨ੍ਹਾਂ ਨੂੰ 'ਸਕੂਲ ਆਫ਼ ਐਮੀਨੈਂਸ' ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। ਨੌਜਵਾਨਾਂ ਨੂੰ ਰੁਜ਼ਗਾਰ ਦੇਣ ਅਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਵੀ ਸਰਕਾਰ ਵੱਲੋਂ ਕਈ ਅਹਿਮ ਕਦਮ ਚੁੱਕੇ ਗਏ ਹਨ।