Friday, 15th of May 2026

ਪੰਜਾਬ 'ਚ ਪੈਟਰੋਲ ₹100 ਤੋਂ ਪਾਰ: ਚੰਡੀਗੜ੍ਹ 'ਚ ₹97.44, ਝੋਨੇ ਦੀ ਲਵਾਈ ਤੋਂ ਪਹਿਲਾਂ ਡੀਜ਼ਲ ₹3 ਮਹਿੰਗਾ

By: GTC News Desk | Edited By: Lajwinder Kaur | Updated at: May 15th 2026 10:28 AM
ਪੰਜਾਬ 'ਚ ਪੈਟਰੋਲ ₹100 ਤੋਂ ਪਾਰ: ਚੰਡੀਗੜ੍ਹ 'ਚ ₹97.44, ਝੋਨੇ ਦੀ ਲਵਾਈ ਤੋਂ ਪਹਿਲਾਂ ਡੀਜ਼ਲ ₹3 ਮਹਿੰਗਾ

ਪੰਜਾਬ 'ਚ ਪੈਟਰੋਲ ₹100 ਤੋਂ ਪਾਰ: ਚੰਡੀਗੜ੍ਹ 'ਚ ₹97.44, ਝੋਨੇ ਦੀ ਲਵਾਈ ਤੋਂ ਪਹਿਲਾਂ ਡੀਜ਼ਲ ₹3 ਮਹਿੰਗਾ

ਜਿਸ ਗੱਲ ਦਾ ਡਰ ਸੀ ਉਹੀ ਹੋਇਆ, ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਗਿਆ ਹੈ। ਕੀਮਤਾਂ ਵਿੱਚ ਇਸ ਵਾਧੇ ਦਾ ਮੁੱਖ ਕਾਰਨ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ (Crude Oil) ਦੀਆਂ ਕੀਮਤਾਂ ਵਿੱਚ ਭਾਰੀ ਤੇਜ਼ੀ ਹੈ। ਈਰਾਨ-ਅਮਰੀਕਾ ਤਣਾਅ ਅਤੇ ਦੁਨੀਆ ਭਰ ਵਿੱਚ ਚੱਲ ਰਹੀ ਉਥਲ-ਪੁਥਲ ਕਾਰਨ ਕੱਚੇ ਤੇਲ (Crude Oil) ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਇਆ ਹੈ। ਇਸ ਕਾਰਨ ਭਾਰਤ ਦੀਆਂ ਸਰਕਾਰੀ ਤੇਲ ਕੰਪਨੀਆਂ ਨੂੰ ਰੋਜ਼ਾਨਾ ਇੱਕ ਹਜ਼ਾਰ ਕਰੋੜ ਰੁਪਏ ਯਾਨੀ ਮਹੀਨੇ ਵਿੱਚ 30 ਹਜ਼ਾਰ ਕਰੋੜ ਰੁਪਏ ਦਾ ਵੱਡਾ ਨੁਕਸਾਨ ਹੋ ਰਿਹਾ ਸੀ। ਕੁਝ ਸਮਾਂ ਪਹਿਲਾਂ ਤੱਕ ਜੋ ਕੱਚਾ ਤੇਲ 70 ਡਾਲਰ ਪ੍ਰਤੀ ਬੈਰਲ ਦੇ ਆਸ-ਪਾਸ ਮਿਲ ਰਿਹਾ ਸੀ, ਉਹ ਹੁਣ ਵਧ ਕੇ 126 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਿਆ ਹੈ। ਪਹਿਲਾਂ ਜੋ ਕੱਚਾ ਤੇਲ ਘੱਟ ਕੀਮਤ 'ਤੇ ਮਿਲ ਰਿਹਾ ਸੀ, ਉਹ ਹੁਣ ਅਸਮਾਨੀ ਚੜ੍ਹ ਗਿਆ ਹੈ, ਜਿਸ ਦਾ ਸਿੱਧਾ ਅਸਰ ਆਮ ਜਨਤਾ ਦੀ ਜੇਬ 'ਤੇ ਪੈ ਰਿਹਾ ਹੈ। ਤੇਲ ਦੀਆਂ ਵਧੀਆਂ ਹੋਈਆਂ ਕੀਮਤਾਂ ਦਾ ਅਸਰ ਚੀਜ਼ਾਂ ਉੱਤੇ ਵੀ ਪਏਗਾ ਅਤੇ ਉਨ੍ਹਾਂ ਦੇ ਭਾਅ ਵੀ ਵੱਧਣਗੇ।

ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋ ਗਿਆ ਹੈ। ਇਸ ਵਾਧੇ ਤੋਂ ਬਾਅਦ ਹੁਣ ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਪੈਟਰੋਲ 100 ਰੁਪਏ ਦੇ ਪਾਰ ਪਹੁੰਚ ਗਿਆ ਹੈ। ਇਸੇ ਤਰ੍ਹਾਂ ਡੀਜ਼ਲ ਦੀ ਕੀਮਤ ਵੀ 87.83 ਰੁਪਏ ਤੋਂ ਵਧ ਕੇ 90.78 ਰੁਪਏ ਪ੍ਰਤੀ ਲੀਟਰ ਹੋ ਗਈ ਹੈ, ਹਾਲਾਂਕਿ ਵੱਖ-ਵੱਖ ਸ਼ਹਿਰਾਂ ਵਿੱਚ ਕੀਮਤਾਂ ਦਾ ਕੁਝ ਅੰਤਰ ਜ਼ਰੂਰ ਹੈ।

ਜੇਕਰ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਇੱਥੇ ਪੈਟਰੋਲ ਦੇ ਦਾਮ 94.30 ਰੁਪਏ ਤੋਂ ਵਧ ਕੇ ਹੁਣ 97.44 ਰੁਪਏ ਅਤੇ ਡੀਜ਼ਲ 82.45 ਰੁਪਏ ਤੋਂ ਵਧ ਕੇ 85.56 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ਦੂਜੇ ਪਾਸੇ, ਪੈਟਰੋਲ ਪੰਪ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਤੇਲ ਦੀਆਂ ਕੀਮਤਾਂ ਵਿੱਚ ਅਜੇ ਹੋਰ ਵਾਧਾ ਹੋ ਸਕਦਾ ਹੈ। ਪੈਟਰੋਲ ਦੀਆਂ ਕੀਮਤਾਂ ਵਧਣ ਦਾ ਮੁੱਖ ਕਾਰਨ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਛਾਲ ਅਤੇ ਤੇਲ ਵਿੱਚ ਮਿਲਾਏ ਜਾਣ ਵਾਲੇ ਐਡਿਟਿਵਜ਼ (Additives) ਦੀ ਲਾਗਤ ਦਾ ਵਧਣਾ ਮੰਨਿਆ ਜਾ ਰਿਹਾ ਹੈ।

ਜਲੰਧਰ ਵਿੱਚ ਪੈਟਰੋਲ 100 ਰੁਪਏ ਦੇ ਪਾਰ:

ਜਲੰਧਰ ਵਿੱਚ ਪੈਟਰੋਲ ਦੀ ਕੀਮਤ ਹੁਣ 100.54 ਰੁਪਏ (ਪਹਿਲਾਂ ₹97.57) ਹੋ ਗਈ ਹੈ। ਉੱਥੇ ਹੀ ਡੀਜ਼ਲ ਦੀ ਕੀਮਤ 87.41 ਰੁਪਏ ਤੋਂ ਵਧ ਕੇ ਹੁਣ 90.35 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

ਪਠਾਨਕੋਟ ਵਿੱਚ ਹੁਣ ਨਵੇਂ ਰੇਟ:

ਪਠਾਨਕੋਟ ਵਿੱਚ ਪੈਟਰੋਲ ਪਹਿਲਾਂ 98.63 ਰੁਪਏ ਸੀ, ਜੋ ਹੁਣ ਵਧ ਕੇ 101.60 ਰੁਪਏ ਹੋ ਗਿਆ ਹੈ। ਡੀਜ਼ਲ ਦੀ ਕੀਮਤ ਵੀ 88.42 ਰੁਪਏ ਤੋਂ ਵਧ ਕੇ 91.36 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਈ ਹੈ।

ਡੀਜ਼ਲ ਦੀਆਂ ਕੀਮਤਾਂ ਵਧਣ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ ਅਤੇ ਰਸੋਈ ਦੇ ਬਜਟ 'ਤੇ ਪੈਂਦਾ ਹੈ। 

ਮਾਲ-ਭਾੜਾ ਵਧੇਗਾ: ਟਰੱਕਾਂ ਅਤੇ ਟੈਂਪੂਆਂ ਦਾ ਕਿਰਾਇਆ ਵਧਣ ਕਾਰਨ ਦੂਜੇ ਰਾਜਾਂ ਤੋਂ ਆਉਣ ਵਾਲੀਆਂ ਸਬਜ਼ੀਆਂ, ਫਲ ਅਤੇ ਰਾਸ਼ਨ ਮਹਿੰਗਾ ਹੋ ਜਾਵੇਗਾ।

ਖੇਤੀਬਾੜੀ ਦੀ ਲਾਗਤ: ਟਰੈਕਟਰ ਅਤੇ ਪੰਪਿੰਗ ਸੈੱਟ ਚਲਾਉਣ ਲਈ ਕਿਸਾਨਾਂ ਨੂੰ ਜ਼ਿਆਦਾ ਪੈਸੇ ਖਰਚਣੇ ਪੈਣਗੇ, ਜਿਸ ਨਾਲ ਅਨਾਜ ਪੈਦਾ ਕਰਨ ਦੀ ਲਾਗਤ ਵਧੇਗੀ।

ਬੱਸ ਤੇ ਆਟੋ ਦਾ ਕਿਰਾਇਆ: ਜਨਤਕ ਸੇਵਾਵਾਂ (ਬੱਸਾਂ, ਆਟੋ) ਅਤੇ ਸਕੂਲੀ ਬੱਸਾਂ ਦੇ ਕਿਰਾਏ ਵਿੱਚ ਵੀ ਵਾਧਾ ਦੇਖਣ ਨੂੰ ਮਿਲ ਸਕਦਾ ਹੈ।

PM ਮੋਦੀ ਨੇ ਲੋਕਾਂ ਨੂੰ ਈਂਧਣ ਦੀ ਵਰਤੋਂ ਘੱਟ ਕਰਨ ਦੀ ਸਲਾਹ ਦਿੱਤੀ ਸੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਤੇਲੰਗਾਨਾ ਵਿੱਚ ਇੱਕ ਪ੍ਰੋਗਰਾਮ ਦੌਰਾਨ ਪੱਛਮੀ ਏਸ਼ੀਆ ਦੇ ਭੂ-ਰਾਜਨੀਤਿਕ ਹਾਲਾਤ ਨੂੰ ਦੇਖਦੇ ਹੋਏ ਪੈਟਰੋਲੀਅਮ ਉਤਪਾਦਾਂ ਦੀ ਸਾਵਧਾਨੀ ਨਾਲ ਵਰਤੋਂ ਕਰਨ ਦਾ ਸੁਝਾਅ ਦਿੱਤਾ ਸੀ।

ਪੀਐਮ ਨੇ ਕਿਹਾ ਸੀ ਕਿ ਅੱਜ ਸਮੇਂ ਦੀ ਮੰਗ ਹੈ ਕਿ ਪੈਟਰੋਲ, ਗੈਸ ਅਤੇ ਡੀਜ਼ਲ ਦੀ ਵਰਤੋਂ ਬਹੁਤ ਹੀ ਸੰਜਮ ਨਾਲ ਕੀਤੀ ਜਾਵੇ। ਸਾਨੂੰ ਬਾਹਰੋਂ ਮੰਗਵਾਏ ਗਏ ਪੈਟਰੋਲ ਉਤਪਾਦਾਂ ਦੀ ਵਰਤੋਂ ਸਿਰਫ਼ ਲੋੜ ਅਨੁਸਾਰ ਹੀ ਕਰਨੀ ਚਾਹੀਦੀ ਹੈ। ਇਸ ਨਾਲ ਨਾ ਸਿਰਫ਼ ਵਿਦੇਸ਼ੀ ਮੁਦਰਾ ਦੀ ਬੱਚਤ ਹੋਵੇਗੀ, ਸਗੋਂ ਜੰਗ ਦੇ ਮਾੜੇ ਪ੍ਰਭਾਵਾਂ ਨੂੰ ਘਟਾਉਣ ਵਿੱਚ ਵੀ ਮਦਦ ਮਿਲੇਗੀ।

Latest News