Trending:
Moosewala Murder Case: ਬਹੁ-ਚਰਚਿਤ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਜੇਲ੍ਹ ਵਿੱਚ ਬੰਦ ਪਵਨ ਕੁਮਾਰ ਬਿਸ਼ਨੋਈ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਪਵਨ ਕੁਮਾਰ ਬਿਸ਼ਨੋਈ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ। ਇਸ ਤੋਂ ਇਲਾਵਾ ਜਗਤਾਰ ਸਿੰਘ ਨੂੰ ਹਿਰਾਸਤ ਵਿੱਚੋਂ ਰਿਹਾਅ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ 29 ਮਈ 2022 ਵਿੱਚ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਗੋਲੀਆਂ ਮਾਰ ਕੇ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਪਵਨ ਬਿਸ਼ਨੋਈ ਇਸ ਮਾਮਲੇ ਵਿੱਚ ਇੱਕ ਮੁਲਜ਼ਮ ਵਜੋਂ ਨਾਮਜ਼ਦ ਹੈ।
ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੀ ਬੈਂਚ ਨੇ ਸਹਿ-ਮੁਲਜ਼ਮ ਜਗਤਾਰ ਸਿੰਘ ਨੂੰ ਵੀ ਜ਼ਮਾਨਤ ਦੇ ਦਿੱਤੀ ਹੈ। ਉਸ 'ਤੇ ਗਾਇਕ ਦੇ ਘਰ ਦੀ ਰੇਕੀ ਵਿੱਚ ਮਦਦ ਕਰਨ ਦਾ ਇਲਜ਼ਾਮ ਹੈ। ਦੂਜੇ ਪਾਸੇ, ਪਵਨ ਬਿਸ਼ਨੋਈ 'ਤੇ ਲਾਰੈਂਸ ਬਿਸ਼ਨੋਈ ਗੈਂਗ ਦਾ ਹਿੱਸਾ ਹੋਣ ਦਾ ਦੋਸ਼ ਹੈ। ਉਸ 'ਤੇ ਇਕ ਅਜਿਹੇ ਮਾਡਿਊਲ ਦਾ ਹਿੱਸਾ ਹੋਣ ਦਾ ਵੀ ਇਲਜ਼ਾਮ ਹੈ ਜਿਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੰਜਾਮ ਦੇਣ ਲਈ ਲੌਜਿਸਟਿਕ ਸਪੋਰਟ (ਹਥਿਆਰ ਜਾਂ ਵਾਹਨ ਆਦਿ ਦੀ ਸਹੂਲਤ) ਮੁਹੱਈਆ ਕਰਵਾਈ ਅਤੇ ਮਦਦ ਕੀਤੀ ਸੀ।
ਅਦਾਲਤ ਨੇ ਦਲੀਲਾਂ ਸੁਣਨ ਤੋਂ ਬਾਅਦ ਦਿੱਤੀ ਜ਼ਮਾਨਤ: ਵਾਰਦਾਤ ਵਿੱਚ ਵਰਤੀ ਗਈ ਗੱਡੀ ਦਾ ਸੀ ਮਾਮਲਾ
ਬੈਂਚ ਨੇ ਅਪਰਾਧ ਵਿੱਚ ਇਸਤੇਮਾਲ ਕੀਤੀ ਗਈ ਗੱਡੀ ਦਾ ਪ੍ਰਬੰਧ ਕਰਨ ਵਿੱਚ ਉਨ੍ਹਾਂ ਦੀ ਕਥਿਤ ਭੂਮਿਕਾ ਬਾਰੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ 28 ਸਾਲਾ ਮੂਸੇਵਾਲਾ ਨੂੰ ਮਈ 2022 ਵਿੱਚ ਪੰਜਾਬ ਵਿੱਚ ਆਪਣੀ ਸਪੋਰਟਸ ਯੂਟਿਲਿਟੀ ਗੱਡੀ (SUV) ਵਿੱਚ ਸਫ਼ਰ ਕਰਦੇ ਸਮੇਂ ਹਮਲਾਵਰਾਂ ਨੇ ਗੋਲੀਆਂ ਮਾਰ ਦਿੱਤੀਆਂ ਸਨ।
ਸੁਣਵਾਈ ਦੌਰਾਨ ਕੀ ਹੋਇਆ?
ਤਫਤੀਸ਼ੀ ਅਧਿਕਾਰੀਆਂ ਨੇ ਦੋਸ਼ ਲਾਇਆ ਸੀ ਕਿ ਇਸ ਕਤਲ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਸ਼ਾਮਲ ਸਨ। ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ, ਜਿਸ ਨੂੰ ਲਾਰੈਂਸ ਬਿਸ਼ਨੋਈ ਦਾ ਕਰੀਬੀ ਸਾਥੀ ਮੰਨਿਆ ਜਾਂਦਾ ਹੈ। ਅੱਜ ਸੁਣਵਾਈ ਦੌਰਾਨ ਪਵਨ ਬਿਸ਼ਨੋਈ ਦੇ ਵਕੀਲ ਨੇ ਦਲੀਲ ਦਿੱਤੀ ਕਿ ਉਨ੍ਹਾਂ ਦੇ ਕਲਾਇੰਟ 'ਤੇ ਲੱਗੇ ਦੋਸ਼ ਸਿਰਫ਼ ਜ਼ੁਰਮ ਵਿੱਚ ਵਰਤੀ ਗਈ ਬੋਲੈਰੋ ਗੱਡੀ ਦਾ ਪ੍ਰਬੰਧ ਕਰਨ ਤੱਕ ਹੀ ਸੀਮਤ ਹਨ।
ਵਕੀਲ ਨੇ ਕਿਹਾ, "ਦੋਸ਼ ਇਹ ਹੈ ਕਿ ਮੈਂ (ਪਵਨ ਬਿਸ਼ਨੋਈ) ਉਹ ਬੋਲੈਰੋ ਦਿੱਤੀ ਸੀ ਜਿਸ ਦੀ ਵਰਤੋਂ ਅਪਰਾਧ ਵਿੱਚ ਹੋਈ ਸੀ।" ਇਸ ਦੌਰਾਨ ਬੈਂਚ ਨੇ ਇੱਕ ਅਹਿਮ ਟਿੱਪਣੀ ਕਰਦਿਆਂ ਕਿਹਾ ਕਿ ਬਿਸ਼ਨੋਈ ਜੇਲ੍ਹ ਵਿੱਚ ਜ਼ਿਆਦਾ ਸੁਰੱਖਿਅਤ ਰਹੇਗਾ। ਅਦਾਲਤ ਨੇ ਕਿਹਾ, "ਇਹ ਤੁਹਾਡੀ ਆਪਣੀ ਸੁਰੱਖਿਆ ਲਈ ਹੈ ਕਿ ਤੁਹਾਨੂੰ ਜੇਲ੍ਹ ਵਿੱਚ ਰਹਿਣਾ ਚਾਹੀਦਾ ਹੈ।"
'ਬਿਸ਼ਨੋਈ' ਸਰਨੇਮ ਨੂੰ ਲੈ ਕੇ ਦਿੱਤੀ ਦਲੀਲ
ਬਿਸ਼ਨੋਈ ਦੇ ਵਕੀਲ ਨੇ ਅਦਾਲਤ ਵਿੱਚ ਕਿਹਾ ਕਿ ਉਨ੍ਹਾਂ ਦੇ ਕਲਾਇੰਟ ਦਾ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਦਲੀਲ ਦਿੱਤੀ ਕਿ ਸਿਰਫ਼ ਸਰਨੇਮ ਮੇਲ ਖਾਂਦਾ ਹੈ ਅਤੇ ਲਾਰੈਂਸ ਬਿਸ਼ਨੋਈ ਨਾਲ ਉਨ੍ਹਾਂ ਦਾ ਕੋਈ ਹੋਰ ਰਿਸ਼ਤਾ ਨਹੀਂ ਹੈ। ਦੂਜੇ ਪਾਸੇ, ਰਾਜ ਸਰਕਾਰ ਨੇ ਜ਼ਮਾਨਤ ਪਟੀਸ਼ਨ ਦਾ ਸਖ਼ਤ ਵਿਰੋਧ ਕੀਤਾ। ਸਰਕਾਰੀ ਪੱਖ ਨੇ ਕਿਹਾ ਕਿ ਪਟੀਸ਼ਨਰ (ਪਵਨ ਬਿਸ਼ਨੋਈ) ਨੂੰ ਕਤਲ ਵਿੱਚ ਵਰਤੀ ਗਈ ਗੱਡੀ ਦਾ ਪ੍ਰਬੰਧ ਕਰਨ ਲਈ ਸਹਿ-ਮੁਲਜ਼ਮਾਂ ਵੱਲੋਂ 41 ਕਾਲਾਂ ਆਈਆਂ ਸਨ।
ਦੱਸ ਦਈਏ ਸਿੱਧੂ ਮਸੂੇਵਾਲਾ ਕਤਲ ਹੋਏ ਨੂੰ ਲਗਭਗ ਚਾਰ ਸਾਲ ਹੋਣ ਵਾਲੇ ਹਨ, ਪਰ ਅਜੇ ਵੀ ਉਨ੍ਹਾਂ ਮਾਪੇ ਅਤੇ ਫੈਨਜ਼ ਇਨਸਾਫ ਦੀ ਉਡੀਕ ਕਰ ਰਹੇ ਹਨ। ਸਿੱਧੂ ਮੂਸੇਵਾਲਾ ਅਜਿਹਾ ਗਾਇਕ ਸੀ ਜਿਸ ਨੇ ਪੰਜਾਬੀ ਮਿਊਜ਼ਿਕ ਨੂੰ ਵੱਖਰੇ ਹੀ ਮੁਕਾਮ ਉੱਤੇ ਪਹੁੰਚਾ ਦਿੱਤਾ ਸੀ। ਅੱਜ ਵੀ ਗਾਇਕ ਦੇ ਫੈਨਜ਼ ਸਿੱਧੂ ਲਈ ਜਸਟਿਸ ਦੀ ਮੰਗ ਕਰ ਰਹੇ ਹਨ।