ਪੰਜਾਬ ‘ਚ ਮੱਚੀ ਹਲਚਲ! ਵਿਜੀਲੈਂਸ ਹੈੱਡਕੁਆਰਟਰ 'ਤੇ ਮੁੜ CBI ਦੀ ਦਬਿਸ਼, ਸੀਨੀਅਰ ਅਫ਼ਸਰ ਦਾ ਰੀਡਰ ਤੇ ਵਿਚੋਲਾ ਪਹਿਲਾਂ ਹੀ ਹਿਰਾਸਤ 'ਚ, ਜਾਣੋ ਪੂਰਾ ਮਾਮਲਾ…
ਪੰਜਾਬ ਵਿਜੀਲੈਂਸ ਹੈੱਡਕੁਆਰਟਰ 'ਤੇ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ (CBI) ਦੀ ਟੀਮ ਨੇ ਛਾਪੇਮਾਰੀ ਕੀਤੀ ਹੈ। ਸੋਮਵਾਰ ਦੇਰ ਰਾਤ ਛਾਪਾ ਮਾਰਨ ਤੋਂ ਬਾਅਦ ਟੀਮ ਮੰਗਲਵਾਰ ਸਵੇਰੇ ਮੁੜ ਪੰਜਾਬ ਵਿਜੀਲੈਂਸ ਚੀਫ਼ ਦੇ ਦਫ਼ਤਰ ਪਹੁੰਚੀ। ਦੱਸਿਆ ਜਾ ਰਿਹਾ ਹੈ ਕਿ ਟੀਮ ਕਥਿਤ ਰਿਸ਼ਵਤਖੋਰੀ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਸੋਮਵਾਰ ਦੇਰ ਰਾਤ ਸੀ.ਬੀ.ਆਈ. (CBI) ਦੀ ਟੀਮ ਨੇ ਮੋਹਾਲੀ ਸਥਿਤ ਵਿਜੀਲੈਂਸ ਦਫ਼ਤਰ ਵਿੱਚ ਦਸਤਕ ਦਿੱਤੀ ਅਤੇ ਵਿਜੀਲੈਂਸ ਦੇ ਇੱਕ ਸੀਨੀਅਰ ਅਧਿਕਾਰੀ ਦੇ ਰੀਡਰ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਤੋਂ ਇਲਾਵਾ, ਟੀਮ ਨੇ ਮਲੋਟ ਦੀ ਕ੍ਰਿਸ਼ਨਾ ਕਲੋਨੀ ਦੇ ਰਹਿਣ ਵਾਲੇ ਰਾਘਵ ਗੋਇਲ ਅਤੇ ਵਿਕਾਸ ਗੋਇਲ ਦੇ ਟਿਕਾਣਿਆਂ 'ਤੇ ਵੀ ਛਾਪੇਮਾਰੀ ਕੀਤੀ, ਜਿਸ ਤੋਂ ਬਾਅਦ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇਹ ਮਾਮਲਾ 20 ਲੱਖ ਰੁਪਏ ਦੀ ਰਿਸ਼ਵਤ ਮੰਗਣ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ। ਹਾਲਾਂਕਿ, ਸੀ.ਬੀ.ਆਈ. (CBI) ਵੱਲੋਂ ਅਜੇ ਤੱਕ ਇਸ ਬਾਰੇ ਅਧਿਕਾਰਤ ਤੌਰ 'ਤੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।
ਟੀਮ ਨੇ 13 ਲੱਖ ਕੀਤੇ ਬਰਾਮਦ
ਮੀਡੀਆ ਰਿਪੋਰਟਾਂ ਅਨੁਸਾਰ, CBI ਨੇ ਚੰਡੀਗੜ੍ਹ ਦੇ ਇੱਕ ਪੰਜ ਸਿਤਾਰਾ ਹੋਟਲ ਵਿੱਚ ਛਾਪਾ ਮਾਰਿਆ, ਜਿੱਥੇ ਇੱਕ ਸੀਨੀਅਰ ਵਿਜੀਲੈਂਸ ਅਧਿਕਾਰੀ ਦਾ ਰੀਡਰ ਓ.ਪੀ. ਰਾਣਾ ਅਤੇ ਵਿਚੋਲੇ ਰਾਘਵ ਗੋਇਲ ਤੇ ਵਿਕਾਸ ਗੋਇਲ ਕਥਿਤ ਤੌਰ 'ਤੇ ਇੱਕ ਸ਼ਿਕਾਇਤਕਰਤਾ ਨਾਲ ਸੌਦਾ ਕਰ ਰਹੇ ਸਨ। ਇਹ ਸੌਦਾ 20 ਲੱਖ ਰੁਪਏ ਵਿੱਚ ਹੋਣਾ ਸੀ, ਪਰ ਵਿਅਕਤੀ 13 ਲੱਖ ਰੁਪਏ ਲੈ ਕੇ ਆਇਆ ਸੀ, ਜਿਸ ਨੂੰ ਟੀਮ ਨੇ ਬਰਾਮਦ ਕਰ ਲਿਆ ਹੈ।
FIR ਵੀ ਹੋਈ ਦਰਜ
ਸੀ.ਬੀ.ਆਈ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰਾਘਵ ਗੋਇਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਹ ਮੁਕਤਸਰ ਦੇ ਮਲੋਟ ਦਾ ਰਹਿਣ ਵਾਲਾ ਹੈ ਅਤੇ ਵਿਜੀਲੈਂਸ ਅਧਿਕਾਰੀ ਦਾ ਕਰੀਬੀ ਦੱਸਿਆ ਜਾਂਦਾ ਹੈ। ਖਾਸ ਗੱਲ ਇਹ ਹੈ ਕਿ ਉਸ ਨੂੰ ਪੰਜਾਬ ਸਰਕਾਰ ਵੱਲੋਂ ਪੁਲਿਸ ਸੁਰੱਖਿਆ ਵੀ ਦਿੱਤੀ ਗਈ ਸੀ। ਸੀ.ਬੀ.ਆਈ. ਅਧਿਕਾਰੀਆਂ ਅਨੁਸਾਰ, ਭ੍ਰਿਸ਼ਟਾਚਾਰ ਰੋਕੂ ਐਕਟ (PC Act) ਤਹਿਤ ਰੀਡਰ ਓ.ਪੀ. ਰਾਣਾ ਅਤੇ ਰਾਘਵ ਗੋਇਲ ਦੇ ਖ਼ਿਲਾਫ਼ ਐਫ.ਆਈ.ਆਰ. (FIR) ਦਰਜ ਕਰ ਲਈ ਗਈ ਹੈ।
ਭ੍ਰਿਸ਼ਟਾਚਾਰ ਦੇ ਨੈੱਟਵਰਕ ਦੀ ਜਾਂਚ ਕਰ ਰਹੀ CBI
ਸੀ.ਬੀ.ਆਈ. (CBI) ਦੀ ਇਸ ਕਾਰਵਾਈ ਤੋਂ ਬਾਅਦ ਪੰਜਾਬ ਵਿਜੀਲੈਂਸ ਬਿਊਰੋ ਦੇ ਅੰਦਰ ਹੜਕੰਪ ਮਚ ਗਿਆ ਹੈ। ਏਜੰਸੀ ਹੁਣ ਇਸ ਗੱਲ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਕਿ ਇਸ ਕਥਿਤ ਭ੍ਰਿਸ਼ਟਾਚਾਰ ਦੇ ਨੈੱਟਵਰਕ ਵਿੱਚ ਹੋਰ ਕਿਹੜੇ-ਕਿਹੜੇ ਲੋਕ ਸ਼ਾਮਲ ਸਨ? ਇਸ ਮਾਮਲੇ ਵਿੱਚ ਕਈ ਹੋਰ ਅਧਿਕਾਰੀਆਂ ਅਤੇ ਵਿਅਕਤੀਆਂ ਤੋਂ ਪੁੱਛਗਿੱਛ ਕੀਤੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਜਿਸ ਵਿਭਾਗ ਉੱਤੇ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਖ਼ਤਮ ਕਰਨ ਦੀ ਜ਼ਿੰਮੇਵਾਰੀ ਹੈ, ਉਸੇ ਦੇ ਦਫ਼ਤਰ ਵਿੱਚ ਸੀ.ਬੀ.ਆਈ. ਦੀ ਰੇਡ ਨੇ ਸਿਸਟਮ ਉੱਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਹੋ ਸਕਦੇ ਹਨ ਵੱਡੇ ਖੁਲਾਸੇ
ਵਿਜੀਲੈਂਸ ਵਿਭਾਗ ਦੇ ਅੰਦਰ ਹੋਈ ਇਸ ਕਾਰਵਾਈ ਨੂੰ ਬੇਹੱਦ ਸੰਵੇਦਨਸ਼ੀਲ ਮੰਨਿਆ ਜਾ ਰਿਹਾ ਹੈ, ਕਿਉਂਕਿ ਪਹਿਲੀ ਵਾਰ ਬਿਊਰੋ ਦੇ ਅੰਦਰ ਇਸ ਪੱਧਰ 'ਤੇ ਸੀ.ਬੀ.ਆਈ. (CBI) ਦੀ ਐਂਟਰੀ ਹੋਈ ਹੈ। ਸੂਤਰਾਂ ਦਾ ਦਾਅਵਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕੁਝ ਹੋਰ ਅਧਿਕਾਰੀਆਂ ਜਾਂ ਵਿਚੋਲਿਆਂ ਦੇ ਨਾਂ ਵੀ ਸਾਹਮਣੇ ਆ ਸਕਦੇ ਹਨ। ਗ੍ਰਿਫ਼ਤਾਰ ਕੀਤੇ ਗਏ ਵਿਚੋਲੇ ਅਤੇ ਓ.ਪੀ. ਰਾਣਾ ਤੋਂ ਪੁੱਛਗਿੱਛ ਦੇ ਆਧਾਰ 'ਤੇ ਪੂਰੇ ਨੈੱਟਵਰਕ ਦੀਆਂ ਪਰਤਾਂ ਫਰੋਲੀਆਂ ਜਾ ਰਹੀਆਂ ਹਨ।
CBI ਨੂੰ ਸੀ ਇਸ ਡੀਲ ਦੀ ਜਾਣਕਾਰੀ
ਸੀਬੀਆਈ ਨੂੰ ਪਿਛਲੇ ਕੁਝ ਦਿਨਾਂ ਤੋਂ ਇਸ ਡੀਲ ਬਾਰੇ ਜਾਣਕਾਰੀ ਮਿਲ ਰਹੀ ਸੀ, ਜਿਸ ਤੋਂ ਬਾਅਦ ਏਜੰਸੀ ਨੇ ਜਾਲ ਵਿਛਾ ਕੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ। ਸੂਚਨਾ ਮਿਲਦੇ ਹੀ ਸੀਬੀਆਈ ਦੀ ਟੀਮ ਨੇ ਵਿਜੀਲੈਂਸ ਦਫ਼ਤਰ ਵਿੱਚ ਟਰੈਪ ਲਗਾਇਆ, ਪਰ ਰਾਣਾ ਮੌਕੇ ਤੋਂ ਫਰਾਰ ਹੋ ਗਿਆ, ਜਦਕਿ ਕਥਿਤ ਵਿਚੋਲਾ ਰਾਘਵ ਗੋਇਲ ਅਤੇ ਉਸ ਦਾ ਪਿਤਾ ਸੀਬੀਆਈ ਦੇ ਹੱਥੇ ਚੜ੍ਹ ਗਏ। ਕਾਰਵਾਈ ਦੌਰਾਨ ਏਜੰਸੀ ਨੇ ਵਿਚੋਲੇ ਰਾਘਵ ਕੋਲੋਂ ਕਥਿਤ ਤੌਰ 'ਤੇ 13 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ।