ਚੰਡੀਗੜ੍ਹ ਕਾਂਗਰਸ ਨੂੰ ਵੱਡੀ ਮਜ਼ਬੂਤੀ: ‘ਆਪ’ ਤੋਂ ਬਾਹਰ ਹੋਏ ਕੌਂਸਲਰ ਰਾਮਚੰਦਰ ਯਾਦਵ ਅਤੇ ਅਦਾਕਾਰਾ ਅਦਿਤੀ ਆਰਿਆ ਨੇ ਫੜਿਆ ਕਾਂਗਰਸ ਦਾ ਹੱਥ
ਚੰਡੀਗੜ੍ਹ ਦੀ ਸਿਆਸਤ ਵਿੱਚ ਉਸ ਸਮੇਂ ਇੱਕ ਵੱਡਾ ਮੋੜ ਆਇਆ, ਜਦੋਂ ਆਮ ਆਦਮੀ ਪਾਰਟੀ (AAP) ਵੱਲੋਂ ਪਾਰਟੀ-ਵਿਰੋਧੀ ਗਤੀਵਿਧੀਆਂ ਦੇ ਚਲਦਿਆਂ ਬਰਖ਼ਾਸਤ ਕੀਤੇ ਗਏ ਵਾਰਡ ਨੰਬਰ 15 ਦੇ ਕੌਂਸਲਰ ਰਾਮਚੰਦਰ ਯਾਦਵ ਆਪਣੇ ਸੈਂਕੜੇ ਸਮਰਥਕਾਂ ਅਤੇ ਢੋਲ-ਨਗਾੜਿਆਂ ਨਾਲ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਇਸ ਦੇ ਨਾਲ ਹੀ ਪੰਜਾਬੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਅਦਿਤੀ ਆਰਿਆ ਨੇ ਵੀ ਕਾਂਗਰਸ ਦੀ ਰਸਮੀ ਮੈਂਬਰਸ਼ਿਪ ਹਾਸਲ ਕਰ ਲਈ ਹੈ।
ਰਾਜੀਵ ਗਾਂਧੀ ਭਵਨ ਵਿਖੇ ਹੋਇਆ ਸ਼ਾਮਲ
ਸੈਕਟਰ-35 ਸਥਿਤ ਰਾਜੀਵ ਗਾਂਧੀ ਭਵਨ ਵਿੱਚ ਚੰਡੀਗੜ੍ਹ ਕਾਂਗਰਸ ਪ੍ਰਧਾਨ ਐਚ.ਐਸ. ਲੱਕੀ ਦੀ ਮੋਜੂਦਗੀ ਵਿੱਚ ਇਨ੍ਹਾਂ ਦੋਵਾਂ ਆਗੂਆਂ ਨੇ ਕਾਂਗਰਸ ਦਾ ਹੱਥ ਫੜਿਆ। ਇਸ ਦੌਰਾਨ ਕੌਂਸਲਰ ਰਾਮਚੰਦਰ ਯਾਦਵ ਪੂਰੇ ਜੋਸ਼ ਅਤੇ ਢੋਲ-ਨਗਾੜਿਆਂ ਦੀ ਗੂੰਜ ਨਾਲ ਆਪਣੇ ਸਮਰਥਕਾਂ ਸਮੇਤ ਕਾਂਗਰਸ ਭਵਨ ਪਹੁੰਚੇ। ਕਾਂਗਰਸ ਪਾਰਟੀ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਰਾਮਚੰਦਰ ਯਾਦਵ ਦੀ ਪੂਰਵਾਂਚਲ ਸਮਾਜ ਵਿੱਚ ਕਾਫ਼ੀ ਮਜ਼ਬੂਤ ਪਕੜ ਹੈ, ਜਿਸ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ। ਦੱਸਣਯੋਗ ਹੈ ਕਿ ਯਾਦਵ ਪਹਿਲਾਂ ਆਮ ਆਦਮੀ ਪਾਰਟੀ ਦੇ ਯੂਥ ਸੰਗਠਨ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।
‘ਆਪ’ ਵੱਲੋਂ ਪਹਿਲਾਂ ਹੀ ਕੀਤਾ ਗਿਆ ਸੀ ਬਾਹਰ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਚੰਡੀਗੜ੍ਹ ਇਕਾਈ ਵੱਲੋਂ ਪ੍ਰਭਾਰੀ ਜਰਨੈਲ ਸਿੰਘ, ਪ੍ਰਧਾਨ ਵਿਜੇ ਪਾਲ ਸਿੰਘ ਅਤੇ ਜਨਰਲ ਸਕੱਤਰ ਓਮਕਾਰ ਸਿੰਘ ਔਲਖ ਦੇ ਦਸਤਖ਼ਤਾਂ ਹੇਠ ਪੱਤਰ ਜਾਰੀ ਕਰਕੇ ਕੌਂਸਲਰ ਰਾਮ ਚੰਦਰ ਯਾਦਵ ਨੂੰ ਪਾਰਟੀ-ਵਿਰੋਧੀ ਗਤੀਵਿਧੀਆਂ ਦੇ ਦੋਸ਼ ਹੇਠ ਤੁਰੰਤ ਪ੍ਰਭਾਵ ਨਾਲ ਬਰਖ਼ਾਸਤ ਕਰ ਦਿੱਤਾ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਕਾਂਗਰਸ ਵਿੱਚ ਜਾਣ ਦੀ ਭਿਣਕ ਲੱਗਣ ਤੋਂ ਬਾਅਦ ‘ਆਪ’ ਨੇ ਇਹ ਸਖ਼ਤ ਕਦਮ ਚੁੱਕਿਆ ਸੀ।

ਕਾਂਗਰਸ ਪ੍ਰਧਾਨ ਐਚ.ਐਸ. ਲੱਕੀ ਦਾ ਬਿਆਨ
ਇਸ ਮੌਕੇ ਚੰਡੀਗੜ੍ਹ ਕਾਂਗਰਸ ਪ੍ਰਧਾਨ ਐਚ.ਐਸ. ਲੱਕੀ ਨੇ ਕਿਹਾ ਕਿ ਦੇਸ਼ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੀ ਨਿਡਰ ਅਤੇ ਜਨਪੱਖੀ ਰਾਜਨੀਤੀ ਤੋਂ ਪ੍ਰਭਾਵਿਤ ਹੋ ਕੇ ਲਗਾਤਾਰ ਵੱਡੀ ਗਿਣਤੀ ਵਿੱਚ ਲੋਕ ਕਾਂਗਰਸ ਨਾਲ ਜੁੜ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਸ਼ਹਿਰ ਦੇ ਅਹਿਮ ਮੁੱਦਿਆਂ ਜਿਵੇਂ ਕਿ ਪਾਣੀ, ਵਧੀ ਮਹਿੰਗਾਈ, ਪ੍ਰਾਪਰਟੀ ਟੈਕਸ, ਕਲੈਕਟਰ ਰੇਟ, ਨਿਗਮ ਦੀ ਵਿੱਤੀ ਹਾਲਤ ਅਤੇ ਸ਼ਹਿਰ ਦੇ ਹੌਲੀ ਵਿਕਾਸ ਨੂੰ ਲੈ ਕੇ ਮੌਜੂਦਾ ਪ੍ਰਸ਼ਾਸਨ ਅਤੇ ਸਰਕਾਰ ਨੂੰ ਘੇਰਿਆ।
ਇਸ ਨਵੇਂ ਸਿਆਸੀ ਘਟਨਾਕ੍ਰਮ ਨਾਲ ਚੰਡੀਗੜ੍ਹ ਦੀ ਸਿਆਸਤ ਵਿੱਚ ਗਰਮਾਹਟ ਆ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸਦੇ ਹੋਰ ਵੀ ਡੂੰਘੇ ਪ੍ਰਭਾਵ ਦੇਖਣ ਨੂੰ ਮਿਲ ਸਕਦੇ ਹਨ।