Friday, 9th of October 2026

Loharka Road Firing Case: ਗੋਲੀਕਾਂਡ ਕੇਸ ’ਚ ਚੇਅਰਮੈਨ ਦਿਨੇਸ਼ ਬੱਸੀ ਦੇ ਬੇਟੇ ਦਾ ਨਾਮ ਸ਼ਾਮਲ

By: Gurjeet Singh | Edited By: Jitendra Baghel | Updated at:
Loharka Road Firing Case: ਗੋਲੀਕਾਂਡ ਕੇਸ ’ਚ ਚੇਅਰਮੈਨ ਦਿਨੇਸ਼ ਬੱਸੀ ਦੇ ਬੇਟੇ ਦਾ ਨਾਮ ਸ਼ਾਮਲ

Loharka Road Firing Case: ਗੋਲੀਕਾਂਡ ਕੇਸ ’ਚ ਚੇਅਰਮੈਨ ਦਿਨੇਸ਼ ਬੱਸੀ ਦੇ ਬੇਟੇ ਦਾ ਨਾਮ ਸ਼ਾਮਲ

ਅੰਮ੍ਰਿਤਸਰ ਦੇ ਲੁਹਾਰਕਾ ਰੋਡ ਇਲਾਕੇ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ। ਸਕੂਲੀ ਬੱਚਿਆਂ ਵਿਚਕਾਰ ਹੋਈ ਮਾਮੂਲੀ ਤਕਰਾਰ ਦੌਰਾਨ ਇੱਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ, ਇਸ ਤੋਂ ਬਾਅਦ ਸਥਿਤੀ ਹੋਰ ਵੀ ਗੰਭੀਰ ਹੋ ਗਈ। ਨੌਜਵਾਨ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਸਦਾ ਇਲਾਜ ਚੱਲ ਰਿਹਾ ਹੈ। ਘਟਨਾ ਦੀ CCTV ਵੀਡੀਓ ਵੀ ਸਾਹਮਣੇ ਆ ਚੁੱਕੀ ਹੈ, ਜਿਸ ਵਿੱਚ ਫਾਇਰਿੰਗ ਦੀ ਪੁਸ਼ਟੀ ਹੁੰਦੀ ਨਜ਼ਰ ਆ ਰਹੀ ਹੈ। 

ਇਸ ਘਟਨਾ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ FIR ਦਰਜ ਕੀਤੀ। ਪੁਲਿਸ ਸੂਤਰਾਂ ਅਨੁਸਾਰ FIR ਵਿੱਚ ਕਈ ਵਿਅਕਤੀਆਂ ਦੇ ਨਾਮ ਸ਼ਾਮਲ ਕੀਤੇ ਗਏ ਹਨ। ਸਾਬਕਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ ਦੇ ਪੁੱਤਰ ਨੂੰ ਵੀ FIR ਵਿੱਚ ਸ਼ਾਮਲ ਕੀਤਾ ਗਿਆ ਹੈ, ਜਿਸ ਨਾਲ ਮਾਮਲਾ ਹੋਰ ਵੀ ਗੰਭੀਰ ਹੋ ਗਿਆ ਹੈ।

ਇਸ ਘਟਨਾ ਨੂੰ ਲੈ ਕੇ ਪੀੜਤ ਪਰਿਵਾਰ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ। ਪੀੜਤ ਪਰਿਵਾਰ ਦੇ ਮੈਂਬਰ ਓਂਕਾਰ ਸਿੰਘ ਨੇ ਕਿਹਾ ਕਿ ਬੱਚਿਆਂ ਵਿਚਕਾਰ ਹੋਏ ਮਾਮੂਲੀ ਝਗੜੇ ਨੂੰ ਗੋਲੀ ਚਲਾਉਣ ਦੇ ਬਹਾਨੇ ਵਜੋਂ ਵਰਤਣਾ ਇੱਕ ਬਹੁਤ ਗੰਭੀਰ ਅਪਰਾਧ ਹੈ। ਉਨ੍ਹਾਂ ਆਰੋਪ ਲਾਇਆ ਕਿ ਅਜੇ ਤੱਕ ਗ੍ਰਿਫ਼ਤਾਰੀਆਂ ਨਾ ਹੋਣਾ ਚਿੰਤਾ ਦਾ ਵਿਸ਼ਾ ਹੈ।

ਓਂਕਾਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਅਤੇ FIR ਵਿੱਚ ਨਾਮਜ਼ਦ ਮੁਲਜ਼ਮਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪੁਲਿਸ ਦਾ ਕਹਿਣਾ ਹੈ ਕਿ ਘਟਨਾ ਨਾਲ ਸਬੰਧਤ CCTV ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਦੇ ਆਧਾਰ 'ਤੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਅਨੁਸਾਰ ਜਾਂਚ ਪੂਰੀ ਹੋਣ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।