Friday, 9th of October 2026

ਦਰਬਾਰ ਸਾਹਿਬ ਦੀ ਇਤਰਾਜ਼ਯੋਗ AI ਵੀਡੀਓ ਵਾਇਰਲ; ਕੰਕਾਲ ਨੂੰ ਪੱਗ ਬੰਨ੍ਹ ਕੇ ਤੇ ਜੁੱਤਿਆਂ ਸਣੇ ਪਰਿਕਰਮਾ ਕਰਦੇ ਦਿਖਾਇਆ, SGPC ਵੱਲੋਂ ਸਖ਼ਤ ਕਾਰਵਾਈ ਦੀ ਤਿਆਰੀ

Edited By: Lajwinder Kaur | Updated at:
ਦਰਬਾਰ ਸਾਹਿਬ ਦੀ ਇਤਰਾਜ਼ਯੋਗ AI ਵੀਡੀਓ ਵਾਇਰਲ; ਕੰਕਾਲ ਨੂੰ ਪੱਗ ਬੰਨ੍ਹ ਕੇ ਤੇ ਜੁੱਤਿਆਂ ਸਣੇ ਪਰਿਕਰਮਾ ਕਰਦੇ ਦਿਖਾਇਆ,  SGPC ਵੱਲੋਂ ਸਖ਼ਤ ਕਾਰਵਾਈ ਦੀ ਤਿਆਰੀ

ਦਰਬਾਰ ਸਾਹਿਬ ਦੀ ਇਤਰਾਜ਼ਯੋਗ AI ਵੀਡੀਓ ਵਾਇਰਲ; ਕੰਕਾਲ ਨੂੰ ਪੱਗ ਬੰਨ੍ਹ ਕੇ ਤੇ ਜੁੱਤਿਆਂ ਸਣੇ ਪਰਿਕਰਮਾ ਕਰਦੇ ਦਿਖਾਇਆ, SGPC ਵੱਲੋਂ ਸਖ਼ਤ ਕਾਰਵਾਈ ਦੀ ਤਿਆਰੀ

ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਦੁਰਵਰਤੋਂ ਕਰਕੇ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਦਾ ਇੱਕ ਬੇਹੱਦ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ AI ਰਾਹੀਂ ਇੱਕ ਕੰਕਾਲ ਨੂੰ ਪੱਗ ਬੰਨ੍ਹ ਕੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਅਤੇ ਲੰਗਰ ਹਾਲ ਵਿੱਚ ਜੁੱਤੀਆਂ ਸਮੇਤ ਘੁੰਮਦੇ ਹੋਏ ਦਿਖਾਇਆ ਗਿਆ ਹੈ। ਇਸ ਸ਼ਰਾਰਤਪੂਰਨ ਹਰਕਤ ਕਾਰਨ ਸਿੱਖ ਕੌਮ ਅਤੇ ਸ਼ਰਧਾਲੂਆਂ ਵਿੱਚ ਭਾਰੀ ਰੋਸ ਫੈਲ ਗਿਆ ਹੈ। ਇਸ ਵੀਡੀਓ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਅਤੇ ਸਿੱਖ ਮਰਿਆਦਾ ਦੀ ਘੋਰ ਉਲੰਘਣਾ ਮੰਨਿਆ ਜਾ ਰਿਹਾ ਹੈ।

ਸ਼੍ਰੋਮਣੀ ਕਮੇਟੀ ਵੱਲੋਂ ਸਖ਼ਤ ਕਾਰਵਾਈ ਦੀ ਤਿਆਰੀ

ਸੋਸ਼ਲ ਮੀਡੀਆ 'ਤੇ ਇਸ ਇਤਰਾਜ਼ਯੋਗ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਇਸ ਮਾਮਲੇ ਨੂੰ ਬੇਹੱਦ ਗੰਭੀਰਤਾ ਨਾਲ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ। ਕਮੇਟੀ ਵੱਲੋਂ ਸਬੰਧਤ ਸੋਸ਼ਲ ਮੀਡੀਆ ਅਕਾਊਂਟਸ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਲਈ ਪੈਰਵੀ ਸ਼ੁਰੂ ਕਰ ਦਿੱਤੀ ਗਈ ਹੈ। ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਸਿੱਖ ਮਰਿਆਦਾ ਅਤੇ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਲਗਭਗ ਡੇਢ ਮਿੰਟ ਦੀ ਇਹ ਵੀਡੀਓ 'ਅੰਮ੍ਰਿਤਸਰ ਵਿੱਚ ਸੱਤ ਦਿਨ' (Seven Days in Amritsar) ਦੇ ਥੀਮ 'ਤੇ ਤਿਆਰ ਕੀਤੀ ਗਈ ਹੈ। ਇਸ ਵਿੱਚ ਸ਼ਹਿਰ ਦੇ ਵੱਖ-ਵੱਖ ਦ੍ਰਿਸ਼ ਦਿਖਾਏ ਗਏ ਹਨ:

ਪਹਿਲੇ ਤੋਂ ਛੇਵੇਂ ਦਿਨ ਤੱਕ: ਪਹਿਲੇ ਦਿਨ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ, ਦੂਜੇ ਦਿਨ ਲੰਗਰ ਹਾਲ, ਤੀਜੇ ਦਿਨ ਜਲ੍ਹਿਆਂਵਾਲਾ ਬਾਗ਼, ਚੌਥੇ ਦਿਨ ਅੰਮ੍ਰਿਤਸਰੀ ਕੁਲਚੇ ਅਤੇ ਲੱਸੀ ਦਾ ਅਨੰਦ ਲੈਂਦੇ ਹੋਏ, ਪੰਜਵੇਂ ਦਿਨ ਅਟਾਰੀ-ਵਾਹਗਾ ਬਾਰਡਰ ਦੀ ਪਰੇਡ ਅਤੇ ਛੇਵੇਂ ਦਿਨ ਸ਼ਹਿਰ ਦੀਆਂ ਗਲੀਆਂ ਤੇ ਦੁਰਗਿਆਣਾ ਮੰਦਰ ਦੇ ਦਰਸ਼ਨ ਕਰਦੇ ਦਿਖਾਇਆ ਗਿਆ ਹੈ।

ਸੱਤਵੇਂ ਦਿਨ ਦਾ ਵਿਵਾਦ: ਵੀਡੀਓ ਦੇ ਸੱਤਵੇਂ ਦਿਨ ਵਾਲੇ ਹਿੱਸੇ ਵਿੱਚ ਸੂਰਜ ਚੜ੍ਹਨ ਸਮੇਂ ਫਿਰ ਤੋਂ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੌਰਾਨ ਜੁੱਤੀਆਂ ਪਹਿਨ ਕੇ ਬੈਠੇ ਹੋਣ ਦਾ ਦ੍ਰਿਸ਼ ਦਿਖਾਇਆ ਗਿਆ ਹੈ। ਇਸੇ ਹਿੱਸੇ 'ਤੇ ਸਿੱਖ ਸੰਗਤ ਵੱਲੋਂ ਸਭ ਤੋਂ ਵੱਧ ਇਤਰਾਜ਼ ਜਤਾਇਆ ਜਾ ਰਿਹਾ ਹੈ ਅਤੇ ਇਸ ਨੂੰ ਮਰਿਆਦਾ ਦੀ ਘੋਰ ਉਲੰਘਣਾ ਦੱਸਿਆ ਜਾ ਰਿਹਾ ਹੈ।

ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜਿਸ ਕਿਸੇ ਵੀ ਸ਼ਰਾਰਤੀ ਅਨਸਰ ਵੱਲੋਂ ਅਜਿਹੀ ਘਿਣਾਉਣੀ ਹਰਕਤ ਕੀਤੀ ਗਈ ਹੈ, ਉਸ ਵਿਰੁੱਧ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਂਦੀ ਜਾਵੇਗੀ। ਫਿਲਹਾਲ, ਸਬੰਧਤ ਜਾਂਚ ਏਜੰਸੀਆਂ ਵੀਡੀਓ ਦੀ ਸੱਚਾਈ ਅਤੇ ਇਸ ਨੂੰ ਸੋਸ਼ਲ ਮੀਡੀਆ 'ਤੇ ਫੈਲਾਉਣ ਵਾਲੇ ਸਾਰੇ ਸਰੋਤਾਂ ਦੀ ਡੂੰਘਾਈ ਨਾਲ ਪੜਤਾਲ ਕਰਨ ਵਿੱਚ ਜੁਟੀਆਂ ਹੋਈਆਂ ਹਨ।