ਗੈਂਗਸਟਰਾਂ ਦੀ ਹੁਣ ਖ਼ੈਰ ਨਹੀਂ: ਪੰਜਾਬ ਸਰਕਾਰ ਨੇ 28 ਮੋਸਟ ਵਾਂਟੇਡਾਂ 'ਤੇ ਰੱਖਿਆ ਕਰੋੜਾਂ ਦਾ ਇਨਾਮ, ਜਾਰੀ ਕੀਤੀ ਲਿਸਟ
ਪੰਜਾਬ ਵਿੱਚ ਗੈਂਗਸਟਰਾਂ ਵਿਰੁੱਧ ਕਾਰਵਾਈ ਕਰਨ ਲਈ ਸਰਕਾਰ ਨੇ ਇੱਕ ਵੱਡੀ ਯੋਜਨਾ ਤਿਆਰ ਕੀਤੀ ਹੈ। ਇਸ ਸੂਚੀ ਵਿੱਚ ਸੂਬੇ ਦੇ 28 ਅਜਿਹੇ ਗੈਂਗਸਟਰਾਂ ਦੇ ਨਾਮ ਸ਼ਾਮਲ ਹਨ, ਜੋ ਸਿੰਗਰ ਸਿੱਧੂ ਮੂਸੇਵਾਲਾ ਕਤਲਕਾਂਡ, ਆਰਪੀਜੀ (RPG) ਹਮਲੇ ਦੀ ਸਾਜ਼ਿਸ਼ ਅਤੇ ਮਹਾਰਾਸ਼ਟਰ ਦੇ ਆਗੂ ਬਾਬਾ ਸਿੱਦੀਕੀ ਦੇ ਕਤਲ ਵਿੱਚ ਲੋੜੀਂਦੇ ਹਨ।
ਇਨ੍ਹਾਂ ਗੈਂਗਸਟਰਾਂ ਦਾ ਨੈੱਟਵਰਕ ਪੰਜਾਬ, ਚੰਡੀਗੜ੍ਹ, ਰਾਜਸਥਾਨ ਅਤੇ ਮਹਾਰਾਸ਼ਟਰ ਤੱਕ ਫੈਲਿਆ ਹੋਇਆ ਹੈ। ਸੂਚੀ ਵਿੱਚ ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ ਵਰਗੇ ਵੱਡੇ ਨਾਮ ਸ਼ਾਮਲ ਹਨ। ਸਰਕਾਰ ਨੇ ਹੁਣ ਇਨ੍ਹਾਂ ਅਪਰਾਧੀਆਂ ਬਾਰੇ ਜਨਤਕ ਨੋਟਿਸ ਜਾਰੀ ਕਰ ਦਿੱਤਾ ਹੈ। ਸਰਕਾਰ ਦਾ ਦਾਅਵਾ ਹੈ ਕਿ ਜੋ ਵੀ ਵਿਅਕਤੀ ਇਨ੍ਹਾਂ ਗੈਂਗਸਟਰਾਂ ਬਾਰੇ ਪੁਖ਼ਤਾ ਜਾਣਕਾਰੀ ਦੇਵੇਗਾ, ਉਸ ਨੂੰ ਭਾਰੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ।
9 ਵੱਡੇ ਗੈਂਗਸਟਰਾਂ 'ਤੇ 10-10 ਲੱਖ ਰੁਪਏ ਦਾ ਇਨਾਮ
ਸਰਕਾਰ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ ਨੌਂ ਅਜਿਹੇ ਵੱਡੇ ਗੈਂਗਸਟਰਾਂ ਦੇ ਨਾਮ ਸ਼ਾਮਲ ਹਨ, ਜੋ ਪਿਛਲੇ ਚਾਰ-ਪੰਜ ਸਾਲਾਂ ਤੋਂ ਵਿਦੇਸ਼ਾਂ ਵਿੱਚ ਬੈਠ ਕੇ ISI ਜਾਂ ਹੋਰ ਏਜੰਸੀਆਂ ਦੇ ਇਸ਼ਾਰੇ 'ਤੇ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਅਪਰਾਧੀ ਨਾ ਸਿਰਫ਼ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ, ਸਗੋਂ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨੂੰ ਵੀ ਗਲਤ ਰਸਤੇ ਪਾਉਣ ਅਤੇ ਭੜਕਾਉਣ ਦਾ ਕੰਮ ਕਰ ਰਹੇ ਹਨ।
ਇਸ ਸੂਚੀ ਵਿੱਚ ਹੇਠ ਲਿਖੇ ਨਾਮ ਸ਼ਾਮਲ ਹਨ:
ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ
ਲਖਬੀਰ ਸਿੰਘ ਲਾਂਡਾ
ਹਰਵਿੰਦਰ ਸਿੰਘ ਸਿੱਧੂ
ਰੋਹਿਤ ਗੋਦਾਰਾ (ਰਾਜਸਥਾਨ)
ਗੌਰਵ ਪਟਿਆਲਾ (ਚੰਡੀਗੜ੍ਹ)
ਸਬੀਰ ਸਿੰਘ, ਬਲਵਿੰਦਰ ਸਿੰਘ ਡੋਨੀ, ਪ੍ਰਭਦੀਪ ਸਿੰਘ ਅਤੇ ਸਵਰਨ ਸਿੰਘ।
ਸਰਕਾਰ ਨੇ ਇਨ੍ਹਾਂ ਸਾਰੇ ਨੌਂ ਗੈਂਗਸਟਰਾਂ 'ਤੇ 10-10 ਲੱਖ ਰੁਪਏ ਦਾ ਨਕਦ ਇਨਾਮ ਰੱਖਿਆ ਹੈ।
19 ਗੈਂਗਸਟਰਾਂ 'ਤੇ 5-5 ਲੱਖ ਰੁਪਏ ਦਾ ਇਨਾਮ
ਮੁੱਖ ਗੈਂਗਸਟਰਾਂ ਤੋਂ ਇਲਾਵਾ, ਪੁਲਿਸ ਨੇ 19 ਹੋਰ ਅਪਰਾਧੀਆਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ 'ਤੇ ਪੰਜ-ਪੰਜ ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਇਨ੍ਹਾਂ ਵਿੱਚ ਹੇਰੀ ਬਾਕਸਰ ਹਰੀਚੰਦ (ਰਾਜਸਥਾਨ), ਗੁਰਵਿੰਦਰ ਸਿੰਘ, ਆਦਿਤਿਆ ਕਪੂਰ, ਅਮਰਜੀਤ ਸਿੰਘ, ਮਨਪ੍ਰੀਤ ਸਿੰਘ, ਜੋਬਨਜੀਤ ਸਿੰਘ, ਬਰਿੰਦਰ ਸਿੰਘ, ਸੁਪ੍ਰੀਤ ਸਿੰਘ, ਨਵੀਨ ਕੁਮਾਰ, ਗੁਰਪ੍ਰੀਤ ਸਿੰਘ, ਮੁਹੰਮਦ ਯਾਸੀਰ ਅਰਜਰ, ਨਿਸ਼ਾਨ ਸਿੰਘ ਜੌੜੀਆਂ, ਗੁਰਦੇਵ ਸਿੰਘ, ਰਾਜੇਸ਼ ਕੁਮਾਰ, ਜਸਵਿੰਦਰ ਸਿੰਘ, ਜਸਕਰਨ ਸਿੰਘ, ਰਜਿੰਦਰ ਸਿੰਘ ਅਤੇ ਸ਼ਕਤੀ ਕੁਮਾਰ ਦੇ ਨਾਮ ਸ਼ਾਮਲ ਹਨ।
ਸਰਕਾਰ ਦਾ ਮਕਸਦ ਇਨ੍ਹਾਂ ਇਨਾਮਾਂ ਰਾਹੀਂ ਆਮ ਲੋਕਾਂ ਦੇ ਸਹਿਯੋਗ ਨਾਲ ਇਨ੍ਹਾਂ ਭਗੌੜੇ ਗੈਂਗਸਟਰਾਂ ਨੂੰ ਜਲਦ ਤੋਂ ਜਲਦ ਕਾਬੂ ਕਰਨਾ ਹੈ।
ਦੋ ਵਾਰ ਚਲਾਇਆ ਗਿਆ 'ਆਪ੍ਰੇਸ਼ਨ ਪ੍ਰਹਾਰ'
ਪੰਜਾਬ ਪੁਲਿਸ ਇਸ ਸਾਲ ਦੇ ਸ਼ੁਰੂ ਤੋਂ ਹੀ ਗੈਂਗਸਟਰਾਂ ਵਿਰੁੱਧ ਪੂਰੀ ਤਰ੍ਹਾਂ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੀ ਹੈ। ਪੁਲਿਸ ਵੱਲੋਂ ਦੋ ਵਾਰ 72-72 ਘੰਟਿਆਂ ਦੇ ਵਿਸ਼ੇਸ਼ 'ਆਪ੍ਰੇਸ਼ਨ ਪ੍ਰਹਾਰ' ਚਲਾਏ ਗਏ। ਪਹਿਲਾ ਆਪ੍ਰੇਸ਼ਨ 20 ਜਨਵਰੀ 2026 ਨੂੰ ਸ਼ੁਰੂ ਹੋ ਕੇ 22 ਜਨਵਰੀ 2026 ਨੂੰ ਖ਼ਤਮ ਹੋਇਆ, ਜਿਸ ਦੌਰਾਨ 3,256 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇਨ੍ਹਾਂ ਵਿੱਚ ਗੈਂਗਸਟਰਾਂ ਦੇ ਸਾਥੀ ਅਤੇ ਉਨ੍ਹਾਂ ਦੀ ਮਦਦ ਕਰਨ ਵਾਲੇ ਲੋਕ ਸ਼ਾਮਲ ਸਨ।
ਇਸੇ ਤਰ੍ਹਾਂ 'ਆਪ੍ਰੇਸ਼ਨ ਪ੍ਰਹਾਰ-2' ਦੇ ਤਹਿਤ ਸੂਬੇ ਭਰ ਵਿੱਚ 8,000 ਥਾਵਾਂ 'ਤੇ ਛਾਪੇਮਾਰੀ ਕੀਤੀ ਗਈ, ਜਿਸ ਵਿੱਚ 3,260 ਗ੍ਰਿਫ਼ਤਾਰੀਆਂ ਹੋਈਆਂ। ਖ਼ਾਸ ਗੱਲ ਇਹ ਰਹੀ ਕਿ ਇਸ ਮੁਹਿੰਮ ਦੌਰਾਨ 135 ਇਸ਼ਤਿਹਾਰੀ ਮੁਜਰਮ (P.O.) ਵੀ ਪੁਲਿਸ ਦੇ ਹੱਥ ਲੱਗੇ। ਇਨ੍ਹਾਂ ਆਪ੍ਰੇਸ਼ਨਾਂ ਰਾਹੀਂ ਪੁਲਿਸ ਨੇ ਗੈਂਗਸਟਰਾਂ ਦੇ ਨੈੱਟਵਰਕ ਨੂੰ ਤੋੜਨ ਦੀ ਵੱਡੀ ਕੋਸ਼ਿਸ਼ ਕੀਤੀ ਹੈ।

ਓਫਟੈਕ (OFTEC) ਦਾ ਗਠਨ, NIA ਨਾਲ ਮਿਲ ਕੇ ਕਰੇਗਾ ਕੰਮ
ਪੰਜਾਬ ਪੁਲਿਸ ਵੱਲੋਂ 20 ਜਨਵਰੀ 2026 ਨੂੰ ਇੱਕ ਵਿਸ਼ੇਸ਼ ਸੈੱਲ 'ਓਫਟੈਕ' (Overseas Fugitive Tracking and Extradition Cell) ਦਾ ਗਠਨ ਕੀਤਾ ਗਿਆ ਹੈ। ਇਸ ਸੈੱਲ ਦਾ ਮੁੱਖ ਮਕਸਦ ਕੈਨੇਡਾ, ਅਮਰੀਕਾ, ਯੂਨਾਈਟਿਡ ਕਿੰਗਡਮ (UK), ਯੂਏਈ (UAE) ਅਤੇ ਪਾਕਿਸਤਾਨ ਸਮੇਤ ਵੱਖ-ਵੱਖ ਦੇਸ਼ਾਂ ਵਿੱਚ ਲੁਕੇ ਹੋਏ ਗੈਂਗਸਟਰਾਂ, ਅੱਤਵਾਦੀਆਂ ਅਤੇ ਹੋਰ ਭਗੌੜੇ ਅਪਰਾਧੀਆਂ ਦੀ ਪੈੜ ਨੱਪਣਾ ਹੈ।
ਇਹ ਸੈੱਲ ਵਿਦੇਸ਼ਾਂ ਵਿੱਚ ਬੈਠੇ ਅਪਰਾਧੀਆਂ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਉਣ ਅਤੇ ਉਨ੍ਹਾਂ ਨੂੰ ਭਾਰਤ ਵਾਪਸ ਲਿਆਉਣ (ਡਿਪੋਰਟੇਸ਼ਨ) ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਕੰਮ ਕਰੇਗਾ। ਇਸ ਦੇ ਨਾਲ ਹੀ ਇਹ ਸੈੱਲ NIA (ਰਾਸ਼ਟਰੀ ਜਾਂਚ ਏਜੰਸੀ) ਵਰਗੀਆਂ ਕੇਂਦਰੀ ਏਜੰਸੀਆਂ ਨਾਲ ਵੀ ਤਾਲਮੇਲ ਬਣਾ ਕੇ ਰੱਖੇਗਾ ਤਾਂ ਜੋ ਅੰਤਰਰਾਸ਼ਟਰੀ ਪੱਧਰ 'ਤੇ ਅਪਰਾਧੀਆਂ 'ਤੇ ਸ਼ਿਕੰਜਾ ਕੱਸਿਆ ਜਾ ਸਕੇ।
ਇਹ ਸੈੱਲ ਪੰਜਾਬ ਪੁਲਿਸ ਦੇ ਇੰਟਰਨਲ ਸਕਿਓਰਿਟੀ (ਆਤੰਰਿਕ ਸੁਰੱਖਿਆ) ਵਿੰਗ ਦੇ ਅਧੀਨ ਕੰਮ ਕਰਦਾ ਹੈ। ਇਸ ਦੀ ਕਮਾਨ ਡੀ.ਆਈ.ਜੀ. ਕਾਊਂਟਰ ਇੰਟੈਲੀਜੈਂਸ ਅਸ਼ੀਸ਼ ਚੌਧਰੀ ਦੇ ਹੱਥਾਂ ਵਿੱਚ ਹੈ, ਜੋ ਪਹਿਲਾਂ ਰਾਸ਼ਟਰੀ ਜਾਂਚ ਏਜੰਸੀ (NIA) ਵਿੱਚ ਅਧਿਕਾਰੀ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਅੰਤਰਰਾਸ਼ਟਰੀ ਪੁਲਿਸ ਸਹਿਯੋਗ ਅਤੇ ਤਾਲਮੇਲ ਲਈ ਉਨ੍ਹਾਂ ਨੂੰ ਸੂਬੇ ਦਾ ਸਟੇਟ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ।
23 ਅਪਰਾਧੀਆਂ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ
ਇਹ ਸੈੱਲ ਕੇਂਦਰੀ ਏਜੰਸੀਆਂ ਜਿਵੇਂ ਕਿ NIA, CBI, ਇੰਟਰਪੋਲ (Interpol) ਅਤੇ ਵਿਦੇਸ਼ੀ ਪੁਲਿਸ ਏਜੰਸੀਆਂ ਨਾਲ ਮਿਲ ਕੇ ਕੰਮ ਕਰਦਾ ਹੈ। ਸੈੱਲ ਦੇ ਗਠਨ ਦੇ ਸਮੇਂ ਵਿਦੇਸ਼ਾਂ ਵਿੱਚ ਲੁਕੇ ਹੋਏ ਲਗਭਗ 60 ਗੈਂਗਸਟਰਾਂ ਦੇ ਨੈੱਟਵਰਕ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਨ੍ਹਾਂ ਵਿੱਚੋਂ 23 ਗੈਂਗਸਟਰਾਂ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਸਨ ਜਾਂ ਉਨ੍ਹਾਂ ਦੀ ਪ੍ਰਕਿਰਿਆ ਜਾਰੀ ਸੀ। ਬਾਕੀ ਰਹਿੰਦੇ ਮਾਮਲਿਆਂ ਵਿੱਚ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਇਹ ਪ੍ਰਕਿਰਿਆ ਪੂਰੀ ਕਰਨ ਦਾ ਟੀਚਾ ਮਿੱਥਿਆ ਗਿਆ ਸੀ ਤਾਂ ਜੋ ਉਨ੍ਹਾਂ ਨੂੰ ਜਲਦ ਤੋਂ ਜਲਦ ਭਾਰਤ ਲਿਆਂਦਾ ਜਾ ਸਕੇ।