ਪੰਜਾਬ ਦੀ ਸਿਆਸਤ ਵਿੱਚ ਖੇਡ ਜਗਤ ਦੀਆਂ ਨਾਮੀ ਹਸਤੀਆਂ ਦਾ ਆਮ ਆਦਮੀ ਪਾਰਟੀ (AAP) ਨਾਲ ਜੁੜਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਕੜੀ ਤਹਿਤ ਅੱਜ ਖੇਡ ਜਗਤ ਦਾ ਇੱਕ ਹੋਰ ਚਮਕਦਾ ਸਿਤਾਰਾ, ਰੁਸਤਮ-ਏ-ਹਿੰਦ ਅਤੇ ਹਿੰਦ ਕੇਸਰੀ ਦੇ ਖ਼ਿਤਾਬ ਜੇਤੂ ਪਹਿਲਵਾਨ ਪ੍ਰਿਤਪਾਲ ਸਿੰਘ ਫਗਵਾੜਾ, ਮੁੱਖ ਮੰਤਰੀ ਭਗਵੰਤ ਮਾਨ ਦੀ ਕੰਮ ਦੀ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ 'ਆਪ' ਵਿੱਚ ਸ਼ਾਮਲ ਹੋ ਗਏ ਹਨ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।
ਮੁੱਖ ਮੰਤਰੀ ਨੇ ਕੀਤਾ ਸਵਾਗਤ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਹਿਲਵਾਨ ਪ੍ਰਿਤਪਾਲ ਸਿੰਘ ਦਾ ਪਾਰਟੀ ਵਿੱਚ ਰਸਮੀ ਤੌਰ 'ਤੇ ਸਵਾਗਤ ਕੀਤਾ। ਉਨ੍ਹਾਂ ਨੇ ਪ੍ਰਿਤਪਾਲ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਸਿਆਸੀ ਸਫ਼ਰ ਦੀ ਸ਼ੁਰੂਆਤ ਲਈ ਸ਼ੁਭਕਾਮਨਾਵਾਂ ਦਿੱਤੀਆਂ। ਮੁੱਖ ਮੰਤਰੀ ਨੇ ਕਿਹਾ ਕਿ ਖੇਡ ਜਗਤ ਦੀਆਂ ਅਜਿਹੀਆਂ ਮਾਣਮੱਤੀਆਂ ਸ਼ਖ਼ਸੀਅਤਾਂ ਦੇ ਪਾਰਟੀ ਵਿੱਚ ਆਉਣ ਨਾਲ ਪੰਜਾਬ ਨੂੰ ਮੁੜ 'ਰੰਗਲਾ ਪੰਜਾਬ' ਬਣਾਉਣ ਦੀ ਮੁਹਿੰਮ ਨੂੰ ਹੋਰ ਬਲ ਮਿਲੇਗਾ।
ਕਿਉਂ ਚੁਣੀ ਆਮ ਆਦਮੀ ਪਾਰਟੀ?
ਪਹਿਲਵਾਨ ਪ੍ਰਿਤਪਾਲ ਸਿੰਘ ਫਗਵਾੜਾ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਖਿਡਾਰੀਆਂ ਦੇ ਹਿੱਤ ਵਿੱਚ ਕੀਤੇ ਜਾ ਰਹੇ ਕੰਮਾਂ ਅਤੇ ਸੂਬੇ ਦੇ ਵਿਕਾਸ ਮਾਡਲ ਤੋਂ ਬਹੁਤ ਪ੍ਰਭਾਵਿਤ ਹਨ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਤਨਦੇਹੀ ਨਾਲ ਕੰਮ ਕਰਨਗੇ।
ਪ੍ਰਿਤਪਾਲ ਸਿੰਘ ਦਾ ਖੇਡ ਸਫ਼ਰ
ਪ੍ਰਿਤਪਾਲ ਸਿੰਘ ਫਗਵਾੜਾ ਕੁਸ਼ਤੀ ਦੇ ਮੈਦਾਨ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਹਨ। ਉਨ੍ਹਾਂ ਨੇ ਆਪਣੀ ਮਿਹਨਤ ਦੇ ਦਮ 'ਤੇ 'ਰੁਸਤਮ-ਏ-ਹਿੰਦ' ਅਤੇ 'ਹਿੰਦ ਕੇਸਰੀ' ਵਰਗੇ ਦੇਸ਼ ਦੇ ਸਭ ਤੋਂ ਵੱਕਾਰੀ ਸਨਮਾਨ ਹਾਸਲ ਕਰਕੇ ਪੰਜਾਬ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਕੀਤਾ ਹੈ। ਹੁਣ ਉਨ੍ਹਾਂ ਦੇ ਸਿਆਸਤ ਵਿੱਚ ਆਉਣ ਨਾਲ ਖੇਡ ਪ੍ਰੇਮੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਦੱਸ ਦਈਏ ਹਾਲ ਦੇ ਵਿੱਚ ਹੀ ਕੁਸ਼ਤੀ ਜਗਤ ਦੇ ਚਮਕਦੇ ਸਿਤਾਰੇ ਅਤੇ 'ਜੱਸਾ ਪੱਟੀ' ਦੇ ਨਾਮ ਨਾਲ ਮਸ਼ਹੂਰ ਰੁਸਤਮ-ਏ-ਹਿੰਦ ਜਸਕਵਰ ਸਿੰਘ ਪੱਟੀ ਆਪਣੇ ਸਾਥੀਆਂ ਦੇ ਨਾਲ ਆਪ ਦੇ ਵਿੱਚ ਸ਼ਾਮਿਲ ਹੋਏ। ਉਸ ਤੋਂ ਇਲਾਵਾ ਮਸ਼ਹੂਰ ਸਟਾਪਰ ਪਾਲਾ ਜਲਾਲਪੁਰੀਆ ਵੀ ਕੁੱਝ ਸਮੇਂ ਪਹਿਲਾਂ ਹੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਹਨ।