ਪੰਜਾਬ ‘ਚ ED ਦਾ ਵੱਡਾ ਐਕਸ਼ਨ! ਪਟਿਆਲਾ ਦੇ ਨਾਮੀ ਸ਼ੋਅਰੂਮਾਂ ‘ਤੇ ਰੇਡ, ਮੋਹਾਲੀ ਵੀ ਪਹੁੰਚੀ ਟੀਮ; ਦਸਤਾਵੇਜ਼ ਤੇ ਕੰਪਿਊਟਰ ਰਿਕਾਰਡ ਦੀ ਜਾਂਚ ਜਾਰੀ
ਪਟਿਆਲਾ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ। ED ਦੀ ਟੀਮ ਨੇ ਮੰਗਲਵਾਰ ਦੇਰ ਰਾਤ ਫੇਜ਼-2 ਦੀ ਕਮਰਸ਼ੀਅਲ ਮਾਰਕੀਟ ਵਿੱਚ ਸਥਿਤ ਸ਼ੋਰੂਮ ਨੰਬਰ 8, 9 ਅਤੇ 10 ਵਿੱਚ ਛਾਪੇਮਾਰੀ ਕੀਤੀ। ਇਨ੍ਹਾਂ ਥਾਵਾਂ ਨਾਲ ਜੁੜੀਆਂ ਫਲਾਇੰਗ ਫੈਦਰਜ਼ ਅਤੇ ਡੀਐਮ ਵੈੱਬ ਬੇਸਡ ਸੋਲਿਊਸ਼ਨਜ਼ ਨਾਮ ਦੀਆਂ ਕੰਪਨੀਆਂ ਦੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਛਾਪੇਮਾਰੀ ਬੁੱਧਵਾਰ ਸਵੇਰ ਤੱਕ ਜਾਰੀ ਰਹੀ।
ਪਟਿਆਲੇ 'ਚ ਇਨ੍ਹਾਂ ਥਾਵਾਂ 'ਤੇ ਛਾਪੇਮਾਰੀ
ਇਸ ਛਾਪੇਮਾਰੀ ਦੌਰਾਨ ਇਨ੍ਹਾਂ ਇਮਾਰਤਾਂ ਵਿੱਚ ਚੱਲ ਰਹੀਆਂ 'ਫਲਾਇੰਗ ਫੇਦਰਜ਼' (Flying Feathers) ਅਤੇ 'ਡੀਐਮ ਵੈੱਬ ਬੇਸਡ ਸੋਲਿਊਸ਼ਨਜ਼' (DM Web Based Solutions) ਨਾਮਕ ਕੰਪਨੀਆਂ ਦੇ ਰਿਕਾਰਡ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਵੱਲੋਂ ਉੱਥੇ ਮੌਜੂਦ ਦਸਤਾਵੇਜ਼ਾਂ ਅਤੇ ਕੰਪਿਊਟਰ ਰਿਕਾਰਡ ਨੂੰ ਖੰਘਾਲਿਆ ਜਾ ਰਿਹਾ ਹੈ। ਈਡੀ ਦੀ ਇਸ ਕਾਰਵਾਈ ਬਾਰੇ ਜਾਣਕਾਰੀ ਮਿਲੀ ਹੈ ਕਿ ਇਹ ਛਾਪੇਮਾਰੀ ਪਹਿਲਾਂ ਤੋਂ ਮਿਲੀ ਸੂਚਨਾ ਅਤੇ ਜਾਂਚ ਦੇ ਆਧਾਰ 'ਤੇ ਕੀਤੀ ਗਈ ਹੈ।
ਟੀਮ ਵੱਲੋਂ ਮੌਕੇ 'ਤੇ ਮੌਜੂਦ ਦਸਤਾਵੇਜ਼ਾਂ, ਕੰਪਿਊਟਰ ਰਿਕਾਰਡ ਅਤੇ ਹੋਰ ਸਬੰਧਤ ਰਿਕਾਰਡ ਨੂੰ ਗੰਭੀਰਤਾ ਨਾਲ ਖੰਘਾਲਿਆ ਜਾ ਰਿਹਾ ਹੈ। ਇਸ ਕਾਰਵਾਈ ਦੌਰਾਨ ਪੂਰੀ ਇਮਾਰਤ ਨੂੰ ਸੀਲ ਕੀਤੇ ਜਾਣ ਦੀ ਸੂਚਨਾ ਵੀ ਸਾਹਮਣੇ ਆਈ ਹੈ। ਫਿਲਹਾਲ ਵਿਭਾਗ ਦੇ ਅਧਿਕਾਰੀ ਇਸ ਮਾਮਲੇ 'ਤੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਨ ਤੋਂ ਬਚ ਰਹੇ ਹਨ।
ਮੋਹਾਲੀ ਵਿੱਚ ਵੀ ਪਹੁੰਚੀ ਟੀਮ, ਰਿਕਾਰਡ ਖੰਗਾਲੇ ਜਾ ਰਹੇ
ਉੱਥੇ ਹੀ, ਈਡੀ (ED) ਨੇ ਮੋਹਾਲੀ ਦੇ ਆਈਟੀ ਸਿਟੀ, ਸੈਕਟਰ-82ਏ ਸਥਿਤ ਪਲਾਟ ਨੰਬਰ 2010 'ਤੇ ਵੀ ਛਾਪੇਮਾਰੀ ਕੀਤੀ ਹੈ। ਦੋਵਾਂ ਥਾਵਾਂ 'ਤੇ ਚੱਲ ਰਹੀ ਇਸ ਕਾਰਵਾਈ ਦੌਰਾਨ ਜਾਂਚ ਏਜੰਸੀ ਕਿਹੜੇ-ਕਿਹੜੇ ਦਸਤਾਵੇਜ਼ਾਂ ਅਤੇ ਰਿਕਾਰਡ ਦੀ ਜਾਂਚ ਕਰ ਰਹੀ ਹੈ, ਇਸ ਦਾ ਪੂਰਾ ਵੇਰਵਾ ਈਡੀ ਦੀ ਅਧਿਕਾਰਤ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ।
ਮਜੀਠੀਆ ਬੋਲੇ- ਕਾਲ ਸੈਂਟਰ ਨਾਲ ਜੁੜੀਆਂ ਗਤੀਵਿਧੀਆਂ ਚੱਲ ਰਹੀਆਂ ਸਨ
ਇਸ ਮਾਮਲੇ ਨੂੰ ਲੈ ਕੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਵੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਨ੍ਹਾਂ ਨੇ ਦਾਵਾ ਕੀਤਾ ਹੈ ਕਿ ਇੱਥੇ ਆਈਲੈਟਸ (IELTS) ਦੀ ਆੜ ਵਿੱਚ ਕਥਿਤ ਤੌਰ 'ਤੇ ਕਾਲ ਸੈਂਟਰ ਨਾਲ ਜੁੜੀਆਂ ਗਤੀਵਿਧੀਆਂ ਚੱਲ ਰਹੀਆਂ ਸਨ ਅਤੇ ਵਿਦੇਸ਼ੀਆਂ ਨਾਲ ਠੱਗੀ ਮਾਰੀ ਜਾ ਰਹੀ ਸੀ। ਹਾਲਾਂਕਿ, ਇਨ੍ਹਾਂ ਦੋਸ਼ਾਂ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ। ਮਜੀਠੀਆ ਨੇ ਇਸ ਕਾਰਵਾਈ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਕੁਝ ਅਧਿਕਾਰੀਆਂ 'ਤੇ ਵੀ ਗੰਭੀਰ ਦੋਸ਼ ਲਗਾਏ ਹਨ।
