Sunday, 6th of September 2026

ਕਾਂਗਰਸ 'ਚ ਵੱਡਾ ਫੇਰਬਦਲ: ਭੂਪੇਸ਼ ਬਘੇਲ ਦੀ ਪੰਜਾਬ ਇੰਚਾਰਜ ਤੋਂ ਛੁੱਟੀ, ਸਚਿਨ ਪਾਇਲਟ ਨੂੰ ਮਿਲੀ ਵੱਡੀ ਜ਼ਿੰਮੇਵਾਰੀ

ਹਾਈਕਮਾਂਡ ਵੱਲੋਂ ਪੰਜਾਬ ਕਾਂਗਰਸ 'ਚ ਵੱਡਾ ਫੇਰਬਦਲ ਕੀਤਾ ਗਿਆ ਹੈ। ਭੂਪੇਸ਼ ਬਘੇਲ ਦੀ ਪੰਜਾਬ ਇੰਚਾਰਜ ਤੋਂ ਛੁੱਟੀ ਕਰ ਦਿੱਤੀ ਗਈ ਹੈ।

Edited By: Lajwinder Kaur | Updated at: September 06th 2026 12:11 PM
Trending News
ਕਾਂਗਰਸ 'ਚ ਵੱਡਾ ਫੇਰਬਦਲ: ਭੂਪੇਸ਼ ਬਘੇਲ ਦੀ ਪੰਜਾਬ ਇੰਚਾਰਜ ਤੋਂ ਛੁੱਟੀ, ਸਚਿਨ ਪਾਇਲਟ ਨੂੰ ਮਿਲੀ ਵੱਡੀ ਜ਼ਿੰਮੇਵਾਰੀ

ਕਾਂਗਰਸ 'ਚ ਵੱਡਾ ਫੇਰਬਦਲ: ਭੂਪੇਸ਼ ਬਘੇਲ ਦੀ ਪੰਜਾਬ ਇੰਚਾਰਜ ਤੋਂ ਛੁੱਟੀ, ਸਚਿਨ ਪਾਇਲਟ ਨੂੰ ਮਿਲੀ ਵੱਡੀ ਜ਼ਿੰਮੇਵਾਰੀ

2027 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਜਥੇਬੰਦਕ ਜ਼ਿੰਮੇਵਾਰੀਆਂ ਵਿੱਚ ਵੱਡਾ ਫੇਰਬਦਲ ਕੀਤਾ ਹੈ। ਕਾਂਗਰਸ ਹਾਈਕਮਾਨ ਨੇ ਭੂਪੇਸ਼ ਬਘੇਲ ਨੂੰ ਪੰਜਾਬ ਇੰਚਾਰਜ ਦੇ ਅਹੁਦੇ ਤੋਂ ਹਟਾ ਕੇ ਉਨ੍ਹਾਂ ਦੀ ਜਗ੍ਹਾ ਨੌਜਵਾਨ ਆਗੂ ਸਚਿਨ ਪਾਇਲਟ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ। ਭੂਪੇਸ਼ ਬਘੇਲ ਨੂੰ ਦਸੰਬਰ 2023 ਵਿੱਚ ਦੇਵੇਂਦਰ ਆਨੰਦ ਦੀ ਥਾਂ ਪੰਜਾਬ ਕਾਂਗਰਸ ਦਾ ਇੰਚਾਰਜ ਬਣਾਇਆ ਗਿਆ ਸੀ, ਪਰ ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਚਾਲੇ ਚੱਲ ਰਹੀ ਧੜੇਬੰਦੀ ਨੂੰ ਖ਼ਤਮ ਕਰਨ ਵਿੱਚ ਨਾਕਾਮ ਰਹੇ। ਇਸ ਨਵੇਂ ਫੇਰਬਦਲ ਦੇ ਤਹਿਤ ਕਾਂਗਰਸ ਨੇ ਹੋਰਨਾਂ ਸੂਬਿਆਂ ਵਿੱਚ ਵੀ ਨਵੇਂ ਇੰਚਾਰਜ ਲਗਾਏ ਹਨ:

ਗੁਜਰਾਤ: ਰਣਦੀਪ ਸਿੰਘ ਸੁਰਜੇਵਾਲਾ

ਛੱਤੀਸਗੜ੍ਹ: ਸੁਖਦੇਵ ਭਗਤ

ਮਹਾਰਾਸ਼ਟਰ: ਸਿਰੀਵੇਲਾ ਪ੍ਰਸਾਦ

ਆਂਧਰਾ ਪ੍ਰਦੇਸ਼: ਪੀ.ਵੀ. ਮੋਹਨ

ਧੜੇਬੰਦੀ ਨੂੰ ਰੋਕਣ 'ਚ ਨਾਕਾਮ ਰਹੇ ਸਨ ਭੂਪੇਸ਼ ਬਘੇਲ

ਸ਼ਨੀਵਾਰ ਦੇਰ ਸ਼ਾਮ ਕਾਂਗਰਸ ਹਾਈਕਮਾਨ ਨੇ ਸਚਿਨ ਪਾਇਲਟ ਨੂੰ ਪੰਜਾਬ ਲਈ ਕਾਂਗਰਸ ਦਾ ਜਨਰਲ ਸਕੱਤਰ ਇੰਚਾਰਜ ਨਿਯੁਕਤ ਕੀਤਾ। ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਪੰਜਾਬ, ਗੁਜਰਾਤ, ਮਹਾਰਾਸ਼ਟਰ, ਛੱਤੀਸਗੜ੍ਹ ਅਤੇ ਆਂਧਰਾ ਪ੍ਰਦੇਸ਼ ਲਈ ਨਵੇਂ ਇੰਚਾਰਜਾਂ ਦਾ ਐਲਾਨ ਕੀਤਾ। ਸੂਤਰਾਂ ਅਨੁਸਾਰ, ਪੰਜਾਬ ਵਿੱਚ ਚਰਨਜੀਤ ਸਿੰਘ ਚੰਨੀ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਚਾਲੇ ਚੱਲ ਰਹੀ ਧੜੇਬੰਦੀ ਨੂੰ ਖ਼ਤਮ ਨਾ ਕਰਵਾ ਸਕਣ ਕਰਕੇ ਬਘੇਲ ਤੋਂ ਪੰਜਾਬ ਇੰਚਾਰਜ ਦੀ ਜ਼ਿੰਮੇਵਾਰੀ ਖੋਹ ਲਈ ਗਈ। ਇਸ ਧੜੇਬੰਦੀ ਨਾਲ ਨਾ ਸਿਰਫ਼ ਪਾਰਟੀ ਦਾ ਅਕਸ ਖ਼ਰਾਬ ਹੋਇਆ, ਸਗੋਂ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਸੂਬੇ ਵਿੱਚ ਆਪਣਾ ਪ੍ਰਸਤਾਵਿਤ ਦੌਰਾ ਵੀ ਮੁਲਤਵੀ ਕਰਨਾ ਪਿਆ।

ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਦੀ ਗਾਜ਼ ਡਿੱਗੀ ਬਘੇਲ ‘ਤੇ

ਭੂਪੇਸ਼ ਬਘੇਲ ਦੇ ਹਾਲੀਆ ਪੰਜਾਬ ਦੌਰਿਆਂ ਦੇ ਬਾਵਜੂਦ ਦੋਵਾਂ ਵਿਰੋਧੀ ਧੜਿਆਂ ਵਿਚਾਲੇ ਕੋਈ ਸਮਝੌਤਾ ਨਹੀਂ ਹੋ ਸਕਿਆ। ਪਾਰਟੀ ਦੇ ਪ੍ਰੋਗਰਾਮਾਂ ਵਿੱਚ ਇਹ ਧੜੇਬੰਦੀ ਲਗਾਤਾਰ ਵਧਦੀ ਗਈ ਅਤੇ ਕਈ ਵਾਰ ਮੰਚ 'ਤੇ ਦੋਵਾਂ ਧਿਰਾਂ ਦੇ ਸਮਰਥਕਾਂ ਵਿਚਾਲੇ ਜ਼ੁਬਾਨੀ ਤਕਰਾਰ ਵੀ ਹੋਈ। 31 ਜੁਲਾਈ ਤੋਂ 8 ਅਗਸਤ ਤੱਕ ਚੱਲੇ ਕਾਂਗਰਸ ਦੇ ‘ਹਰ ਬੂਥ, ਕਾਂਗਰਸ ਮਜ਼ਬੂਤ’ ਅਭਿਆਨ ਦੌਰਾਨ ਇਹ ਕਲੇਸ਼ ਖੁੱਲ੍ਹ ਕੇ ਸਾਹਮਣੇ ਆ ਗਿਆ, ਜਿੱਥੇ ਚੰਨੀ ਸਮਰਥਕਾਂ ਨੇ ‘ਚੰਨੀ ਲਿਆਓ, ਪੰਜਾਬ ਬਚਾਓ’ ਦੇ ਨਾਅਰੇ ਲਗਾਏ।

ਕਈ ਬੈਠਕਾਂ ਵਿੱਚ ਚੰਨੀ ਅਤੇ ਵੜਿੰਗ ਸਮਰਥਕਾਂ ਵਿਚਾਲੇ ਤਿੱਖੀ ਬਹਿਸ ਹੋਈ, ਇੱਥੋਂ ਤੱਕ ਕਿ ਭੂਪੇਸ਼ ਬਘੇਲ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਮੁਕਤਸਰ ਵਿੱਚ 'ਗੋ ਬੈਕ ਬਘੇਲ' ਦੇ ਪੋਸਟਰ ਲਗਾਏ ਗਏ ਅਤੇ ਲੁਧਿਆਣਾ ਵਿੱਚ ਕੁਝ ਲੋਕ 'ਬਘੇਲ ਗੋ ਬੈਕ' ਲਿਖੀਆਂ ਟੀ-ਸ਼ਰਟਾਂ ਪਾਏ ਨਜ਼ਰ ਆਏ। ਸਥਿਤੀ ਉਦੋਂ ਹੋਰ ਵਿਗੜ ਗਈ ਜਦੋਂ ਵੜਿੰਗ ਨੇ ਪ੍ਰਦਰਸ਼ਨਕਾਰੀਆਂ ਨੂੰ 'RSS ਏਜੰਟ' ਆਖ ਦਿੱਤਾ। ਦੂਜੇ ਪਾਸੇ, ਅੰਦਰੂਨੀ ਮਤਭੇਦਾਂ ਦੇ ਚਲਦਿਆਂ ਪਿਛਲੇ ਮਹੀਨੇ ਕਾਂਗਰਸ ਦੇ 15 ਵਿਧਾਇਕਾਂ ਨੇ ਰਾਹੁਲ ਗਾਂਧੀ ਨੂੰ ਪੱਤਰ ਲਿਖ ਕੇ ਮਿਲਣ ਦਾ ਸਮਾਂ ਮੰਗਿਆ ਸੀ। ਅਜਿਹੇ ਵਿੱਚ ਸੰਗਠਨ ਦਾ ਚੰਗਾ ਤਜਰਬਾ ਰੱਖਣ ਵਾਲੇ ਸਚਿਨ ਪਾਇਲਟ ਸਾਹਮਣੇ ਪੰਜਾਬ ਵਿੱਚ ਦੋਵਾਂ ਧੜਿਆਂ ਨੂੰ ਇਕਜੁੱਟ ਕਰਨ ਅਤੇ ਚੋਣ ਮੁਹਿੰਮ ਨੂੰ ਮਜ਼ਬੂਤ ਕਰਨ ਦੀ ਵੱਡੀ ਜ਼ਿੰਮੇਵਾਰੀ ਹੈ।

Punjabi Shorts

Latest News