Wednesday, 23rd of September 2026

ਵਿਰੋਧੀਆਂ ‘ਤੇ ਵਰ੍ਹੇ CM ਮਾਨ; ਬੋਲੇ- ‘ਵਿਰੋਧੀ ਪਾਰਟੀਆਂ ਫਰਜ਼ੀ ਵੀਡੀਓਜ਼ ਰਾਹੀਂ ਮੈਨੂੰ ਬਦਨਾਮ ਕਰ ਰਹੀਆਂ’

Edited By: Lajwinder Kaur | Updated at:
ਵਿਰੋਧੀਆਂ ‘ਤੇ ਵਰ੍ਹੇ CM ਮਾਨ; ਬੋਲੇ- ‘ਵਿਰੋਧੀ ਪਾਰਟੀਆਂ ਫਰਜ਼ੀ ਵੀਡੀਓਜ਼ ਰਾਹੀਂ ਮੈਨੂੰ ਬਦਨਾਮ ਕਰ ਰਹੀਆਂ’

ਵਿਰੋਧੀਆਂ ‘ਤੇ ਵਰ੍ਹੇ CM ਮਾਨ; ਬੋਲੇ- ‘ਵਿਰੋਧੀ ਪਾਰਟੀਆਂ ਫਰਜ਼ੀ ਵੀਡੀਓਜ਼ ਰਾਹੀਂ ਮੈਨੂੰ ਬਦਨਾਮ ਕਰ ਰਹੀਆਂ’

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਵਾਦਿਤ ਵਾਇਰਲ ਵੀਡੀਓ ਦੇ ਮਾਮਲੇ ਨੂੰ ਲੈ ਕੇ ਭਾਜਪਾ, ਅਕਾਲੀ ਦਲ, ਕਾਂਗਰਸ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। CM ਮਾਨ ਨੇ ਲਾਈਵ ਆ ਕੇ ਆਪਣਾ ਪੱਖ ਜਨਤਾ ਅੱਗੇ ਰੱਖਿਆ। ਉਨ੍ਹਾਂ ਦੋਸ਼ ਲਗਾਇਆ ਕਿ ਜਿਸ ਲੈਬ ਵਿੱਚ ਇਸ ਵੀਡੀਓ ਦੇ ਟੈਸਟ ਕੀਤੇ ਗਏ ਸਨ, ਉਨ੍ਹਾਂ ਲੈਬ ਮਾਲਿਕਾਂ ਨੂੰ ਐਫ.ਆਈ.ਆਰ. (FIR) ਦੀ ਧਮਕੀ ਦੇ ਕੇ ਡਰਾਇਆ-ਧਮਕਾਇਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਖੁਦ ਇਸ ਮਾਮਲੇ ਵਿੱਚ ਫਸ ਗਈ ਹੈ।

ਹੇਠਲੇ ਪੱਧਰ ਦੀ ਰਾਜਨੀਤੀ ਕਰ ਰਹੇ ਵਿਰੋਧੀ

ਸੀਐਮ ਮਾਨ ਨੇ ਅੱਗੇ ਕਿਹਾ ਕਿ ਜਿਨ੍ਹਾਂ ਫੋਰੈਂਸਿਕ ਲੈਬਾਂ ਵਿੱਚ ਵਾਇਰਲ ਵੀਡੀਓ ਦੀ ਜਾਂਚ ਹੋਈ, ਉਨ੍ਹਾਂ ਦੇ ਮਾਲਿਕਾਂ ਨੂੰ ਭਾਜਪਾ ਵੱਲੋਂ ਇਹ ਕਹਿਣ ਲਈ ਮਜਬੂਰ ਕੀਤਾ ਗਿਆ ਕਿ ਉਨ੍ਹਾਂ ਨੂੰ ਰਿਪੋਰਟ ਬਦਲਣ ਲਈ ਪੈਸਿਆਂ ਦੀ ਪੇਸ਼ਕਸ਼ ਹੋਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਲੈਬ ਮਾਲਿਕਾਂ ਨੂੰ ਕੇਸ ਦਰਜ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਅਜਿਹੀ ਨੀਵੀਂ ਪੱਧਰ ਦੀ ਸਿਆਸਤ ਕਦੇ ਵੀ ਸਫਲ ਨਹੀਂ ਹੁੰਦੀ ਅਤੇ ਇਸ ਮਾਮਲੇ ਵਿੱਚ ਅੰਤਿਮ ਫੈਸਲਾ ਤਾਂ ਜਨਤਾ ਹੀ ਕਰੇਗੀ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਪਾਰਟੀਆਂ 'ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਉਹ ਸਿਆਸੀ ਤੌਰ 'ਤੇ ਮੁਕਾਬਲਾ ਨਾ ਕਰ ਸਕਣ ਕਾਰਨ ਉਨ੍ਹਾਂ ਨੂੰ ਬਦਨਾਮ ਕਰਨ ਦੇ ਹੇਠਲੇ ਪੱਧਰ ਦੀ ਸਿਆਸਤ ਕਰ ਰਹੇ ਹਨ। ਅਕਾਲੀ, ਭਾਜਪਾ ਤੇ ਕਾਂਗਰਸ ਮਿਲਕੇ ਭਗਵੰਤ ਮਾਨ ਨੂੰ ਧਾਰਮਿਕ ਤੌਰ ‘ਤੇ ਬਦਨਾਮ ਕਰਨ ਉੱਤੇ ਲੱਗੇ ਹੋਏ ਹਨ। 

ਵੀਡੀਓ ਨਕਲੀ ਹੈ: ਸੀਐਮ ਮਾਨ

ਕਥਿਤ ਰਿਪੋਰਟ ਅਤੇ ਵਾਇਰਲ ਹੋ ਰਹੀ ਇੱਕ ਵੀਡੀਓ ਦੇ ਮਾਮਲੇ 'ਤੇ ਪ੍ਰਤੀਕਿਰਿਆ ਦਿੰਦਿਆਂ ਸੀਐਮ ਮਾਨ ਨੇ ਸਪੱਸ਼ਟ ਕੀਤਾ ਕਿ ਇਹ ਵੀਡੀਓ ਪੂਰੀ ਤਰ੍ਹਾਂ ਨਕਲੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਸਾਡੀ ਸਰਕਾਰ ਦੇ ਵੱਡੇ ਇਕੱਠਾਂ ਤੋਂ ਘਬਰਾਈਆਂ ਹੋਈਆਂ ਹਨ, ਇਸ ਲਈ ਉਹ ਮੇਰੀਆਂ ਫਰਜ਼ੀ ਵੀਡੀਓਜ਼ ਰਿਲੀਜ਼ ਕਰ ਰਹੀਆਂ ਹਨ। ਉਨ੍ਹਾਂ ਵਿਰੋਧੀਆਂ ਨੂੰ ਅਜਿਹੇ ਗਲਤ ਹੱਥਕੰਡੇ ਨਾ ਵਰਤਣ ਦੀ ਸਲਾਹ ਦਿੱਤੀ। ਉਨ੍ਹਾਂ ਤੰਜ਼ ਕੱਸਦਿਆਂ ਸਵਾਲ ਕੀਤਾ ਕਿ ਕੀ ਹੁਣ ਵਿਰੋਧ ਕਰਨ ਵਾਲੇ ਗੁਰਦੁਆਰਿਆਂ ਦੇ ਸਾਹਮਣੇ ਸੁਖਬੀਰ ਬਾਦਲ ਦੇ ਵੀ ਪੋਸਟਰ ਲਗਾਉਣਗੇ?

ਲੈਬ ਮਾਲਿਕਾਂ ਨੂੰ ਦਿੱਤਾ ਜਾ ਰਿਹਾ ਡਰਾਵਾ

ਮੁੱਖ ਮੰਤਰੀ ਨੇ ਇਲਜ਼ਾਮ ਲਗਾਇਆ ਕਿ ਵਿਰੋਧੀ ਲੈਬ ਮਾਲਿਕਾਂ ਨੂੰ ਡਰਾਵਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਤਿੰਨੋਂ ਪਾਰਟੀਆਂ ਮੈਨੂੰ ਬਦਨਾਮ ਕਰਨ ਵਿੱਚ ਲੱਗੀਆਂ ਹੋਈਆਂ ਹਨ, ਪਰ ਮੈਂ ਆਪਣਾ ਸਾਰਾ ਫੈਸਲਾ ਜਨਤਾ (ਸੰਗਤ) 'ਤੇ ਛੱਡਦਾ ਹਾਂ। ਅੰਤ ਵਿੱਚ ਉਨ੍ਹਾਂ ਕਿਹਾ ਕਿ ਸੰਗਤ ਹੀ ਇਸ ਗੱਲ ਦਾ ਫੈਸਲਾ ਕਰੇਗੀ।