Friday, 9th of October 2026

CM ਭਗਵੰਤ ਮਾਨ ਦੀ ਵੱਡੀ ਅਪੀਲ; ਜੇ ਨਾ ਭਰਿਆ ਆਹ ਫਾਰਮ ਤਾਂ ਮਹਿਲਾਵਾਂ ਨੂੰ ਨਹੀਂ ਮਿਲਣਗੇ 1000-1500 ਰੁਪਏ

Edited By: Lajwinder Kaur | Updated at:
CM ਭਗਵੰਤ ਮਾਨ ਦੀ ਵੱਡੀ ਅਪੀਲ; ਜੇ ਨਾ ਭਰਿਆ ਆਹ ਫਾਰਮ ਤਾਂ ਮਹਿਲਾਵਾਂ ਨੂੰ ਨਹੀਂ ਮਿਲਣਗੇ 1000-1500 ਰੁਪਏ

CM ਭਗਵੰਤ ਮਾਨ ਦੀ ਵੱਡੀ ਅਪੀਲ; ਜੇ ਨਾ ਭਰਿਆ ਆਹ ਫਾਰਮ ਤਾਂ ਮਹਿਲਾਵਾਂ ਨੂੰ ਨਹੀਂ ਮਿਲਣਗੇ 1000-1500 ਰੁਪਏ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੀਆਂ ਮਹਿਲਾਵਾਂ ਲਈ ਇੱਕ ਬਹੁਤ ਹੀ ਮਹੱਤਵਪੂਰਨ ਐਲਾਨ ਕੀਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮਹੱਤਵਪੂਰਨ 'ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ' ਦਾ ਲਾਭ ਲੈਣ ਲਈ ਲਾਭਪਾਤਰੀਆਂ ਦਾ ਵੋਟਰ ਸੂਚੀ ਵਿੱਚ ਨਾਮ ਦਰਜ ਹੋਣਾ ਲਾਜ਼ਮੀ ਹੈ।

SIR (ਸਪੈਸ਼ਲ ਇੰਟੈਂਸਿਵ ਰਿਵੀਜ਼ਨ) ਪ੍ਰਕਿਰਿਆ ਵਿੱਚ ਭਾਗ ਲੈਣਾ ਜ਼ਰੂਰੀ

ਮੁੱਖ ਮੰਤਰੀ ਨੇ ਇੱਕ ਵੀਡੀਓ ਸੰਦੇਸ਼ ਰਾਹੀਂ ਦੱਸਿਆ ਕਿ ਭਾਰਤ ਦਾ ਚੋਣ ਕਮਿਸ਼ਨ ਇਸ ਸਮੇਂ ਵੋਟਰ ਸੂਚੀਆਂ ਦੀ ਸੁਧਾਈ (Special Intensive Revision - SIR) ਦਾ ਕੰਮ ਕਰ ਰਿਹਾ ਹੈ। ਉਨ੍ਹਾਂ ਮਹਿਲਾਵਾਂ ਦੇ ਨਾਲ ਹਰ ਇੱਕ ਪੰਜਾਬੀ ਨੂੰ ਅਪੀਲ ਕੀਤੀ ਹੈ ਕਿ ਉਹ SIR ਫਾਰਮ ਜ਼ਰੂਰ ਭਰਨ। ਹਰ ਕਿਸੇ ਨੂੰ ਐਸਆਈਆਰ ਦਾ ਫਾਰਮ ਜ਼ਰੂਰ ਭਰਨਾ ਪੈਣਾ ਹੈ ਤਾਂ ਜੋ ਤੁਹਾਡਾ ਨਾਂਅ ਨਵੀਂ ਵੋਟਰ ਲਿਸਟ ਦੇ ਵਿੱਚ ਨਾਮ ਦਰਜ ਹੋਏ। ਸੀਐਮ ਮਾਨ ਨੇ ਆਪਣੀ ਗੱਲਾਬਾਤ ਜਾਰੀ ਰੱਖਦੇ ਹੋਏ ਕਿਹਾ ਕਿ ਜੇਕਰ ਤੁਸੀਂ ਫਾਰਮ ਨਾ ਭਰਿਆ ਤਾਂ ਤੁਹਾਡਾ ਨਾਂ ਨਵੀਂ ਵੋਟ ਸੂਚੀ ਦੇ ਵਿੱਚ ਦਰਜ ਨਹੀਂ ਹੋਏਗਾ। ਜੇਕਰ ਵੋਟਰ ਸੂਚੀ ਦੇ ਵਿੱਚ ਨਾਮ ਨਾ ਹੋਇਆ ਤਾਂ ਤੁਸੀਂ  'ਮਾਵਾਂ-ਧੀਆਂ ਸਤਿਕਾਰ ਯੋਜਨਾ' ਤੇ ਹੋਰ ਬਾਕੀ ਸਕੀਮਾਂ ਦੇ ਲਾਭ ਲੈਣ ਤੋਂ ਵਾਂਝੇ ਰਹਿ ਜਾਵੋਗੇ। 

ਉਨ੍ਹਾਂ ਨੇ ਆਪਣਾ ਇੱਕ ਵੀਡੀਓ ਸੁਨੇਹਾ ਫੇਸਬੁੱਕ ਉੱਤੇ ਵੀ ਸ਼ੇਅਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਲਿਖਿਆ ਹੈ- ''ਸਾਡੇ ਪੰਜਾਬ ਵਾਸੀਆਂ ਲਈ ਨਵੀਂ ਵੋਟਰ ਸੂਚੀ ਵਿੱਚ ਨਾਮ ਦਰਜ ਕਰਵਾਉਣ ਲਈ SIR ਫਾਰਮ ਭਰਨਾ ਬਹੁਤ ਜ਼ਰੂਰੀ ਹੈ.. ਜੇ ਤੁਹਾਡਾ ਨਾਮ ਵੋਟਰ ਸੂਚੀ ਵਿੱਚ ਨਹੀਂ ਹੋਵੇਗਾ ਤਾਂ ਤੁਸੀਂ ਆਪਣੇ ਲੋਕਤੰਤਰੀ ਹੱਕ ਦਾ ਇਸਤੇਮਾਲ ਨਹੀਂ ਕਰ ਸਕੋਗੇ… ਆਓ, ਸਮੇਂ ਸਿਰ SIR ਫਾਰਮ ਭਰ ਕੇ ਆਪਣੇ ਵੋਟ ਦੇ ਅਧਿਕਾਰ ਨੂੰ ਯਕੀਨੀ ਬਣਾਈਏ..''

ਲਾਭਪਾਤਰੀਆਂ ਲਈ ਚੇਤਾਵਨੀ

ਸੀਐੱਮ ਮਾਨ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਵੋਟਰ ਸੂਚੀ ਵਿੱਚ ਨਾਮ ਨਹੀਂ ਹੋਵੇਗਾ, ਤਾਂ ਉਹ ਮਹਿਲਾਵਾਂ 'ਮਾਵਾਂ-ਧੀਆਂ ਸਤਿਕਾਰ ਯੋਜਨਾ' ਅਤੇ ਹੋਰ ਸਰਕਾਰੀ ਭਲਾਈ ਸਕੀਮਾਂ ਦਾ ਲਾਭ ਲੈਣ ਤੋਂ ਵਾਂਝੀਆਂ ਰਹਿ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਇਹ ਵਿੱਤੀ ਸਹਾਇਤਾ ਹਰ ਯੋਗ ਮਹਿਲਾ ਤੱਕ ਪਹੁੰਚੇ, ਪਰ ਇਸ ਲਈ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਦੀ ਪਾਲਣਾ ਕਰਨਾ ਬੇਹੱਦ ਜ਼ਰੂਰੀ ਹੈ।

ਕੀ ਹੈ ਇਹ ਯੋਜਨਾ?

ਜ਼ਿਕਰਯੋਗ ਹੈ ਕਿ 'ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ' ਤਹਿਤ ਪੰਜਾਬ ਸਰਕਾਰ ਵੱਲੋਂ ਯੋਗ ਮਹਿਲਾਵਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ:

ਆਮ ਵਰਗ ਦੀਆਂ ਮਹਿਲਾਵਾਂ: 1,000 ਰੁਪਏ ਪ੍ਰਤੀ ਮਹੀਨਾ।

ਅਨੁਸੂਚਿਤ ਜਾਤੀ (SC) ਦੀਆਂ ਮਹਿਲਾਵਾਂ: 1,500 ਰੁਪਏ ਪ੍ਰਤੀ ਮਹੀਨਾ।

ਇਹ ਰਾਸ਼ੀ ਸਿੱਧੀ ਲਾਭਪਾਤਰੀਆਂ ਦੇ ਆਧਾਰ-ਲਿੰਕਡ ਬੈਂਕ ਖਾਤਿਆਂ ਵਿੱਚ ਡਾਇਰੈਕਟ ਬੈਨੀਫਿਟ ਟਰਾਂਸਫਰ (DBT) ਰਾਹੀਂ ਭੇਜੀ ਜਾਂਦੀ ਹੈ।

ਕਿਵੇਂ ਮਿਲੇਗੀ ਮਦਦ?

ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਮਹਿਲਾਵਾਂ ਨੂੰ ਨਾਂ ਦਰਜ ਕਰਵਾਉਣ ਜਾਂ ਫਾਰਮ ਭਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਆ ਰਹੀ ਹੈ, ਉਹ ਆਪਣੇ ਨੇੜਲੇ ਆਂਗਣਵਾੜੀ ਕੇਂਦਰ, ਸੇਵਾ ਕੇਂਦਰ ਜਾਂ ਆਪਣੇ ਇਲਾਕੇ ਦੇ ਲੋਕ ਵਲੰਟੀਅਰਾਂ ਨਾਲ ਸੰਪਰਕ ਕਰ ਸਕਦੀਆਂ ਹਨ। ਸਰਕਾਰ ਦੇ ਨੁਮਾਇੰਦੇ ਉਨ੍ਹਾਂ ਦੀ ਹਰ ਸੰਭਵ ਮਦਦ ਕਰਨ ਲਈ ਤਿਆਰ ਹਨ।

ਮੁੱਖ ਮੰਤਰੀ ਨੇ ਅਖੀਰ ਵਿੱਚ ਸਮੂਹ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੰਮ ਨੂੰ ਪਹਿਲ ਦੇ ਆਧਾਰ 'ਤੇ ਕਰਨ ਤਾਂ ਜੋ ਸਰਕਾਰੀ ਸਕੀਮਾਂ ਦਾ ਲਾਭ ਨਿਰਵਿਘਨ ਮਿਲਦਾ ਰਹੇ।