Monday, 17th of August 2026

ਹੁਣ ਚੰਡੀਗੜ੍ਹ ਤੋਂ ਰਾਜਪੁਰਾ ਸਿਰਫ਼ 30 ਮਿੰਟਾਂ ‘ਚ: ਰੇਲ ਪ੍ਰੋਜੈਕਟ ਲਈ ਜ਼ਮੀਨ ਐਕਵਾਇਰ ਕਰਨ ਦਾ ਕੰਮ ਸ਼ੁਰੂ

Edited By: Lajwinder Kaur | Updated at: May 01st 2026 03:57 PM
Trending News
ਹੁਣ ਚੰਡੀਗੜ੍ਹ ਤੋਂ ਰਾਜਪੁਰਾ ਸਿਰਫ਼ 30 ਮਿੰਟਾਂ ‘ਚ: ਰੇਲ ਪ੍ਰੋਜੈਕਟ ਲਈ ਜ਼ਮੀਨ ਐਕਵਾਇਰ ਕਰਨ ਦਾ ਕੰਮ ਸ਼ੁਰੂ

ਹੁਣ ਚੰਡੀਗੜ੍ਹ ਤੋਂ ਰਾਜਪੁਰਾ ਸਿਰਫ਼ 30 ਮਿੰਟਾਂ ‘ਚ: ਰੇਲ ਪ੍ਰੋਜੈਕਟ ਲਈ ਜ਼ਮੀਨ ਐਕਵਾਇਰ ਕਰਨ ਦਾ ਕੰਮ ਸ਼ੁਰੂ

ਚੰਡੀਗੜ੍ਹ ਤੋਂ ਰਾਜਪੁਰਾ, ਪਟਿਆਲਾ, ਸੰਗਰੂਰ, ਮਾਨਸਾ ਅਤੇ ਬਠਿੰਡਾ ਜਾਣ ਵਾਲੇ ਮੁਸਾਫ਼ਰਾਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਕੇਂਦਰ ਸਰਕਾਰ ਨੇ ਚੰਡੀਗੜ੍ਹ ਤੋਂ ਰਾਜਪੁਰਾ ਤੱਕ ਬਣਨ ਵਾਲੀ ਨਵੀਂ ਰੇਲਵੇ ਲਾਈਨ ਲਈ ਜ਼ਮੀਨ ਐਕਵਾਇਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ 18.11 ਕਿਲੋਮੀਟਰ ਲੰਬੀ ਰੇਲਵੇ ਲਾਈਨ ਦੇ ਨਿਰਮਾਣ ਨਾਲ ਮਾਲਵਾ ਖੇਤਰ ਸਿੱਧਾ ਰਾਜਧਾਨੀ ਚੰਡੀਗੜ੍ਹ ਨਾਲ ਜੁੜ ਜਾਵੇਗਾ।

ਇਸ ਪ੍ਰੋਜੈਕਟ ਲਈ ਮੋਹਾਲੀ ਅਤੇ ਪਟਿਆਲਾ ਜ਼ਿਲ੍ਹੇ ਦੇ ਕਈ ਪਿੰਡਾਂ ਦੀ ਜ਼ਮੀਨ ਲਈ ਜਾ ਰਹੀ ਹੈ। ਜੇਕਰ ਕਿਸੇ ਜ਼ਮੀਨ ਮਾਲਕ ਨੂੰ ਇਸ ਸਬੰਧੀ ਕੋਈ ਇਤਰਾਜ਼ ਹੈ, ਤਾਂ ਉਹ 30 ਦਿਨਾਂ ਦੇ ਅੰਦਰ ਬਨੂੜ ਦੇ ਐੱਸ.ਡੀ.ਐੱਮ. (SDM) ਕੋਲ ਲਿਖਤੀ ਰੂਪ ਵਿੱਚ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਇਤਰਾਜ਼ਾਂ ਦੀ ਸੁਣਵਾਈ ਤੋਂ ਬਾਅਦ ਅਧਿਕਾਰੀ ਅਗਲਾ ਫੈਸਲਾ ਲੈਣਗੇ। ਇਸ ਰੇਲਵੇ ਲਾਈਨ ਦੇ ਬਣਨ ਨਾਲ ਸਫ਼ਰ ਦਾ ਸਮਾਂ ਕਾਫ਼ੀ ਘੱਟ ਜਾਵੇਗਾ।

ਮਾਲਵਾ ਖੇਤਰ ਸਿੱਧਾ ਚੰਡੀਗੜ੍ਹ ਨਾਲ ਜੁੜੇਗਾ

ਸਰਕਾਰ ਦੀ ਕੋਸ਼ਿਸ਼ ਹੈ ਕਿ ਇਸ ਰੇਲਵੇ ਪ੍ਰੋਜੈਕਟ ਨੂੰ ਪਹਿਲ ਦੇ ਅਧਾਰ 'ਤੇ ਮੁਕੰਮਲ ਕਰਕੇ ਲੋਕਾਂ ਨੂੰ ਜਲਦੀ ਤੋਂ ਜਲਦੀ ਸਹੂਲਤ ਦਿੱਤੀ ਜਾਵੇ। ਇਸ ਨਵੀਂ ਰੇਲਵੇ ਲਾਈਨ ਦੇ ਬਣਨ ਨਾਲ ਪੰਜਾਬ ਦਾ ਮਾਲਵਾ ਖੇਤਰ ਸਿੱਧਾ ਚੰਡੀਗੜ੍ਹ ਨਾਲ ਜੁੜ ਜਾਵੇਗਾ।

ਮੌਜੂਦਾ ਸਮੇਂ ਚੰਡੀਗੜ੍ਹ ਤੋਂ ਰਾਜਪੁਰਾ ਲਈ ਕੋਈ ਸਿੱਧੀ ਟ੍ਰੇਨ ਨਾ ਹੋਣ ਕਾਰਨ ਮੁਸਾਫ਼ਰਾਂ ਨੂੰ ਘੁੰਮ ਕੇ ਜਾਣਾ ਪੈਂਦਾ ਹੈ, ਜਿਸ ਵਿੱਚ ਲਗਭਗ 1 ਘੰਟਾ 50 ਮਿੰਟ ਦਾ ਸਮਾਂ ਲੱਗਦਾ ਹੈ। ਪਰ ਇਸ ਨਵੀਂ ਲਾਈਨ ਦੇ ਤਿਆਰ ਹੋਣ ਨਾਲ ਇਹ ਸਫ਼ਰ ਸਿਰਫ਼ 30 ਮਿੰਟਾਂ ਦਾ ਰਹਿ ਜਾਵੇਗਾ, ਜਿਸ ਨਾਲ ਲੋਕਾਂ ਦੇ ਸਮੇਂ ਅਤੇ ਪੈਸੇ ਦੀ ਵੱਡੀ ਬਚਤ ਹੋਵੇਗੀ।

443.29 ਕਰੋੜ ਰੁਪਏ ਦਾ ਬਜਟ ਮਨਜ਼ੂਰ

ਇਸ ਰੇਲਵੇ ਟ੍ਰੈਕ ਦੀ ਮੰਗ ਪਿਛਲੇ ਕਰੀਬ 50 ਸਾਲਾਂ ਤੋਂ ਚੱਲ ਰਹੀ ਸੀ। ਮੌਜੂਦਾ ਸਰਕਾਰ ਵਿੱਚ ਰਵਨੀਤ ਸਿੰਘ ਬਿੱਟੂ ਦੇ ਕੇਂਦਰੀ ਰਾਜ ਮੰਤਰੀ ਬਣਨ ਤੋਂ ਬਾਅਦ ਇਸ ਪ੍ਰੋਜੈਕਟ ਦੇ ਕੰਮ ਵਿੱਚ ਤੇਜ਼ੀ ਆਈ ਅਤੇ 23 ਸਤੰਬਰ 2025 ਨੂੰ ਕੇਂਦਰ ਸਰਕਾਰ ਵੱਲੋਂ ਇਸ ਨੂੰ ਹਰੀ ਝੰਡੀ ਮਿਲ ਗਈ।

ਇਸ ਪ੍ਰੋਜੈਕਟ ਨੂੰ 2025-26 ਦੇ ਰੇਲ ਬਜਟ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਇਸ ਲਈ ਕੁੱਲ 443.29 ਕਰੋੜ ਰੁਪਏ ਦਾ ਬਜਟ ਮਨਜ਼ੂਰ ਕੀਤਾ ਗਿਆ ਹੈ। ਇਹ ਨਵੀਂ ਰੇਲ ਲਾਈਨ ਰਾਜਪੁਰਾ (ਨਿਊ ਸਰਾਂ ਬੰਜਾਰਾ ਸਟੇਸ਼ਨ ਦੇ ਕੋਲ) ਤੋਂ ਮੋਹਾਲੀ ਤੱਕ ਬਣੇਗੀ। ਇਹ 18.11 ਕਿਲੋਮੀਟਰ ਲੰਬਾ ਟ੍ਰੈਕ ਹੋਵੇਗਾ, ਜੋ ਚੰਡੀਗੜ੍ਹ ਨੂੰ ਸਿੱਧਾ ਪੰਜਾਬ ਦੇ ਮਾਲਵਾ ਖੇਤਰ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਏਗਾ।

ਰੇਲਵੇ ਲਾਈਨ ਤਿਆਰ ਹੋਣ 'ਚ ਲੱਗ ਸਕਦੇ ਹਨ ਦੋ ਸਾਲ

ਜ਼ਮੀਨ ਐਕਵਾਇਰ ਕਰਨ ਦਾ ਕੰਮ ਇਸ ਵੇਲੇ ਚੱਲ ਰਿਹਾ ਹੈ ਅਤੇ ਇਸ ਪ੍ਰਕਿਰਿਆ ਨੂੰ ਪੂਰਾ ਹੋਣ ਵਿੱਚ ਲਗਭਗ 1 ਸਾਲ ਦਾ ਸਮਾਂ ਲੱਗਣ ਦੀ ਉਮੀਦ ਹੈ। ਇਸ ਤੋਂ ਬਾਅਦ ਨਿਰਮਾਣ ਕਾਰਜ ਸ਼ੁਰੂ ਹੋਵੇਗਾ, ਜਿਸ ਵਿੱਚ ਰੇਲਵੇ ਟ੍ਰੈਕ ਵਿਛਾਉਣਾ, ਪੁਲ ਬਣਾਉਣਾ ਅਤੇ ਸਿਗਨਲ ਸਿਸਟਮ ਲਗਾਉਣ ਵਰਗੇ ਅਹਿਮ ਕੰਮ ਸ਼ਾਮਲ ਹੋਣਗੇ।

ਪੂਰੇ ਪ੍ਰੋਜੈਕਟ ਨੂੰ ਮੁਕੰਮਲ ਹੋਣ ਵਿੱਚ ਲਗਭਗ 2 ਤੋਂ 3 ਸਾਲ ਦਾ ਸਮਾਂ ਲੱਗੇਗਾ। ਜੇਕਰ ਸਾਰਾ ਕੰਮ ਯੋਜਨਾ ਅਨੁਸਾਰ ਚੱਲਦਾ ਰਿਹਾ, ਤਾਂ 2028-2029 ਤੱਕ ਇਸ ਰੂਟ 'ਤੇ ਪਹਿਲੀ ਟ੍ਰੇਨ ਚੱਲ ਸਕਦੀ ਹੈ।

ਅਜੇ ਰਾਜਪੁਰਾ ਲਈ ਕੋਈ ਸਿੱਧੀ ਰੇਲ ਲਾਈਨ ਨਹੀਂ

ਮੌਜੂਦਾ ਸਮੇਂ ਵਿੱਚ ਚੰਡੀਗੜ੍ਹ ਤੋਂ ਰਾਜਪੁਰਾ ਲਈ ਕੋਈ ਸਿੱਧੀ ਟ੍ਰੇਨ ਸੇਵਾ ਉਪਲਬਧ ਨਹੀਂ ਹੈ। ਇਸ ਕਾਰਨ ਮੁਸਾਫ਼ਰਾਂ ਨੂੰ ਅੰਬਾਲਾ ਕੈਂਟ ਜੰਕਸ਼ਨ ਹੋ ਕੇ ਜਾਣਾ ਪੈਂਦਾ ਹੈ। ਟ੍ਰੇਨਾਂ ਦੇ ਬਦਲਣ ਅਤੇ ਰਸਤੇ ਦੀਆਂ ਰੁਕਾਵਟਾਂ ਕਾਰਨ ਇਸ ਸਫ਼ਰ ਵਿੱਚ ਲਗਭਗ 1 ਘੰਟਾ 20 ਮਿੰਟ ਤੋਂ 1 ਘੰਟਾ 50 ਮਿੰਟ ਤੱਕ ਦਾ ਸਮਾਂ ਲੱਗ ਜਾਂਦਾ ਹੈ ਅਤੇ ਰੇਲ ਰਾਹੀਂ ਇਹ ਦੂਰੀ ਕਰੀਬ 73 ਕਿਲੋਮੀਟਰ ਬਣਦੀ ਹੈ।

ਜੇਕਰ ਸੜਕੀ ਮਾਰਗ ਦੀ ਗੱਲ ਕਰੀਏ ਤਾਂ ਇਹ ਦੂਰੀ ਲਗਭਗ 42 ਤੋਂ 45 ਕਿਲੋਮੀਟਰ ਹੈ ਅਤੇ ਬੱਸ ਰਾਹੀਂ ਸਫ਼ਰ ਤੈਅ ਕਰਨ ਵਿੱਚ ਆਮ ਤੌਰ 'ਤੇ 50 ਮਿੰਟ ਤੋਂ 1 ਘੰਟਾ ਲੱਗਦਾ ਹੈ। ਨਵੀਂ ਰੇਲ ਲਾਈਨ ਬਣਨ ਤੋਂ ਬਾਅਦ ਇਹ ਸਫ਼ਰ ਬਹੁਤ ਸੌਖਾ ਹੋ ਜਾਵੇਗਾ ਅਤੇ ਯਾਤਰਾ ਦਾ ਸਮਾਂ ਘਟ ਕੇ ਸਿਰਫ਼ 20 ਤੋਂ 30 ਮਿੰਟ ਰਹਿ ਜਾਵੇਗਾ। ਇਸ ਨਾਲ ਚੰਡੀਗੜ੍ਹ ਅਤੇ ਰਾਜਪੁਰਾ ਵਿਚਕਾਰ ਸਿੱਧਾ ਅਤੇ ਤੇਜ਼ ਰੇਲ ਸੰਪਰਕ ਸਥਾਪਤ ਹੋ ਜਾਵੇਗਾ।

Punjabi Shorts

Latest News