Thursday, 2nd of April 2026

Chandigarh Blast: ਚੰਡੀਗੜ੍ਹ ਬਲਾਸਟ ਦਾ ਇੱਕ ਹੋਰ ਨਵਾਂ ਵੀਡੀਓ ਆਇਆ ਸਾਹਮਣੇ, ਪੰਜਾਬ BJP ਦਫ਼ਤਰ ਦੀ ਪਹਿਲਾਂ ਕੀਤੀ ਰੇਕੀ, ਫਿਰ ਗ੍ਰਨੇਡ ਸੁੱਟ ਭੱਜੇ, ਪੁਲਿਸ ਵੱਲੋਂ ਛਾਪੇਮਾਰੀ ਜਾਰੀ

By: GTC News Desk | Edited By: Lajwinder Kaur | Updated at: April 02nd 2026 10:55 AM
Chandigarh Blast: ਚੰਡੀਗੜ੍ਹ ਬਲਾਸਟ ਦਾ ਇੱਕ ਹੋਰ ਨਵਾਂ ਵੀਡੀਓ ਆਇਆ ਸਾਹਮਣੇ, ਪੰਜਾਬ BJP ਦਫ਼ਤਰ ਦੀ ਪਹਿਲਾਂ ਕੀਤੀ ਰੇਕੀ, ਫਿਰ ਗ੍ਰਨੇਡ ਸੁੱਟ ਭੱਜੇ, ਪੁਲਿਸ ਵੱਲੋਂ ਛਾਪੇਮਾਰੀ ਜਾਰੀ

Chandigarh Blast: ਚੰਡੀਗੜ੍ਹ ਬਲਾਸਟ ਦਾ ਇੱਕ ਹੋਰ ਨਵਾਂ ਵੀਡੀਓ ਆਇਆ ਸਾਹਮਣੇ, ਪੰਜਾਬ BJP ਦਫ਼ਤਰ ਦੀ ਪਹਿਲਾਂ ਕੀਤੀ ਰੇਕੀ, ਫਿਰ ਗ੍ਰਨੇਡ ਸੁੱਟ ਭੱਜੇ, ਪੁਲਿਸ ਵੱਲੋਂ ਛਾਪੇਮਾਰੀ ਜਾਰੀ

Chandigarh  News: ਚੰਡੀਗੜ੍ਹ ਦੇ ਸੈਕਟਰ-37 ਸਥਿਤ ਪੰਜਾਬ ਭਾਜਪਾ ਦੇ ਮੁੱਖ ਦਫ਼ਤਰ ਦੇ ਬਾਹਰ ਹੋਏ ਬਲਾਸਟ ਮਾਮਲੇ ਵਿੱਚ ਦੋ ਨਵੀਆਂ ਵੀਡੀਓਜ਼ ਸਾਹਮਣੇ ਆਈਆਂ ਹਨ। ਹਮਲੇ ਤੋਂ ਕੁਝ ਮਿੰਟ ਪਹਿਲਾਂ ਦੀ ਇੱਕ ਵੀਡੀਓ ਵਿੱਚ ਬੀਜੇਪੀ ਦਫ਼ਤਰ ਦੇ ਕੋਲ ਸਥਿਤ ਇੱਕ ਹੋਰ ਦਫ਼ਤਰ ਦੇ ਬਾਹਰ ਦੋ ਸ਼ੱਕੀ ਵਿਅਕਤੀ ਖੜ੍ਹੇ ਦਿਖਾਈ ਦੇ ਰਹੇ ਹਨ। ਉੱਥੇ ਹੀ, ਦੂਜੀ ਵੀਡੀਓ ਵਿੱਚ ਹਮਲੇ ਤੋਂ ਬਾਅਦ ਦੋਵੇਂ ਸ਼ੱਕੀ ਸੜਕ ਦੇ ਦੂਜੇ ਪਾਸੇ ਭੱਜਦੇ ਹੋਏ ਕੈਦ ਹੋਏ ਹਨ।

ਜ਼ਿਕਰਯੋਗ ਹੈ ਕਿ ਬੁੱਧਵਾਰ ਸ਼ਾਮ ਨੂੰ ਪੰਜਾਬ ਭਾਜਪਾ ਦੇ ਮੁੱਖ ਦਫ਼ਤਰ ਦੇ ਬਾਹਰ ਧਮਾਕਾ ਹੋਇਆ ਸੀ, ਜਿਸ ਕਾਰਨ ਮੌਕੇ 'ਤੇ ਖੜ੍ਹੀਆਂ ਕਈ ਕਾਰਾਂ ਦੇ ਸ਼ੀਸ਼ੇ ਟੁੱਟ ਗਏ ਅਤੇ ਆਸ-ਪਾਸ ਦੀਆਂ ਕੰਧਾਂ 'ਤੇ ਛਰ੍ਹਿਆਂ ਦੇ ਨਿਸ਼ਾਨ ਪੈ ਗਏ। ਇਸ ਘਟਨਾ ਦੀਆਂ ਪਹਿਲਾਂ ਵੀ ਦੋ ਵੀਡੀਓਜ਼ ਵਾਇਰਲ ਹੋਈਆਂ ਸਨ, ਜਿਨ੍ਹਾਂ ਵਿੱਚੋਂ ਇੱਕ ਵਿੱਚ ਵਿਅਕਤੀ ਗ੍ਰਨੇਡ ਸੁੱਟਦਾ ਦਿਖਾਈ ਦਿੱਤਾ ਸੀ ਅਤੇ ਦੂਜੀ ਵਿੱਚ ਮੋਟਰਸਾਈਕਲ ਸਵਾਰ ਦੋ ਵਿਅਕਤੀ ਜਾਂਦੇ ਦਿਖੇ ਸਨ, ਜਿਨ੍ਹਾਂ ਨੂੰ ਹਮਲਾਵਰ ਦੱਸਿਆ ਗਿਆ ਸੀ।

ਬੀ.ਕੇ.ਆਈ. (BKI) ਕਨੈਕਸ਼ਨ ਅਤੇ ਸਾਜ਼ਿਸ਼ ਦਾ ਖਦਸ਼ਾ

ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇਕ ਪੋਸਟ ਵੀ ਵਾਇਰਲ ਹੋਈ ਹੈ, ਜਿਸ ‘ਚ ਇਸ ਹਮਲੇ ਦੀ ਜ਼ਿੰਮੇਵਾਰੀ ਇਕ ਖ਼ਾਲਿਸਤਾਨੀ ਸੰਗਠਨ ਨੇ ਲਈ ਹੈ। ਹਾਲਾਂਕਿ, ਪੁਲਿਸ ਨੇ ਅਜੇ ਤੱਕ ਇਸ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਹੈ। ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਨੇ ਕਿਹਾ ਸੀ ਕਿ ਕੋਈ 'ਕਰੂਡ' ਵਰਗੀ ਚੀਜ਼ ਸੁੱਟੀ ਗਈ ਹੈ। ਫਿਲਹਾਲ ਚੰਡੀਗੜ੍ਹ ਪੁਲਿਸ ਅਤੇ CFSL ਦੀਆਂ ਟੀਮਾਂ ਭਾਜਪਾ ਦਫ਼ਤਰ ਦੇ ਬਾਹਰ ਬਾਰੀਕੀ ਨਾਲ ਜਾਂਚ ਕਰ ਰਹੀਆਂ ਹਨ।

30 ਫੁੱਟ ਦੀ ਦੂਰੀ ਤੋਂ ਸੁੱਟਿਆ ਗਿਆ ਗ੍ਰਨੇਡ

ਭਾਜਪਾ ਮੁੱਖ ਦਫ਼ਤਰ ਦੇ ਬਾਹਰ ਕਰੀਬ 30 ਫੁੱਟ ਦੀ ਦੂਰੀ ਤੋਂ ਗ੍ਰਨੇਡ ਸੁੱਟਿਆ ਗਿਆ ਸੀ। ਦਫ਼ਤਰ ਦੀ ਕੰਧ ਦੀ ਉਚਾਈ ਲਗਭਗ 3 ਫੁੱਟ ਹੈ, ਜਿਸ ਦੇ ਉੱਪਰ ਕਰੀਬ 2 ਫੁੱਟ ਉੱਚੀ ਐਲੂਮੀਨੀਅਮ ਦੀ ਗਰਿੱਲ ਲੱਗੀ ਹੋਈ ਹੈ। ਜਿਸ ਥਾਂ 'ਤੇ ਗ੍ਰਨੇਡ ਡਿੱਗਿਆ, ਉੱਥੋਂ ਭਾਜਪਾ ਦਫ਼ਤਰ ਦੇ ਮੁੱਖ ਗੇਟ ਦੀ ਦੂਰੀ ਕਰੀਬ 25 ਫੁੱਟ ਦੱਸੀ ਜਾ ਰਹੀ ਹੈ।

ਮੁੱਖ ਗੇਟ ਦੇ ਕੋਲ ਸੁਰੱਖਿਆ ਕਰਮੀਆਂ ਲਈ ਇਕ ਕੇਬਿਨ ਬਣਿਆ ਹੋਇਆ ਹੈ, ਜਿੱਥੇ ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਦੇ ਦੋ ਜਵਾਨ 24 ਘੰਟੇ ਤਾਇਨਾਤ ਰਹਿੰਦੇ ਹਨ। ਇਸ ਦੇ ਨਾਲ ਹੀ ਮੁੱਖ ਗੇਟ 'ਤੇ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮ ਵੀ ਮੌਜੂਦ ਹੁੰਦੇ ਹਨ। ਹਾਲਾਂਕਿ, ਜਿਸ ਜਗ੍ਹਾ 'ਤੇ ਗ੍ਰਨੇਡ ਡਿੱਗਿਆ, ਉੱਥੇ ਅਕਸਰ ਆਉਣ-ਜਾਣ ਵਾਲੇ ਲੋਕ ਆਪਣੀਆਂ ਗੱਡੀਆਂ ਪਾਰਕ ਕਰਦੇ ਹਨ ਅਤੇ ਘਟਨਾ ਦੇ ਸਮੇਂ ਵੀ ਉੱਥੇ ਵਾਹਨ ਖੜ੍ਹੇ ਸਨ।

ਧਮਾਕੇ ਨਾਲ ਸ਼ੀਸ਼ੇ ਤੱਕ ਹਿੱਲ ਗਏ

ਇਹ ਵਾਰਦਾਤ ਬੁੱਧਵਾਰ ਸ਼ਾਮ ਕਰੀਬ 5 ਵਜੇ ਵਾਪਰੀ। ਉਸ ਸਮੇਂ ਭਾਜਪਾ ਦਫ਼ਤਰ ਵਿੱਚ ਛੁੱਟੀ ਹੋਣ ਵਾਲੀ ਸੀ ਅਤੇ ਜ਼ਿਆਦਾਤਰ ਕਰਮਚਾਰੀ ਘਰ ਜਾਣ ਦੀ ਤਿਆਰੀ ਕਰ ਰਹੇ ਸਨ। ਦਫ਼ਤਰ ਵਿੱਚ ਕਰੀਬ 100 ਲੋਕ ਅਤੇ ਆਗੂ ਮੌਜੂਦ ਸਨ, ਜਦੋਂ ਅਚਾਨਕ ਇੱਕ ਜ਼ੋਰਦਾਰ ਧਮਾਕਾ ਹੋਇਆ। ਧਮਾਕਾ ਇੰਨਾ ਭਿਆਨਕ ਸੀ ਕਿ ਦਫ਼ਤਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਤੱਕ ਹਿੱਲ ਗਏ।

ਜਾਂਚ ਵਿੱਚ ਕੇਂਦਰੀ ਏਜੰਸੀਆਂ ਹੋਈਆਂ ਸ਼ਾਮਲ

ਘਟਨਾ ਦੇ ਤੁਰੰਤ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਸਭ ਤੋਂ ਪਹਿਲਾਂ ਪੀ.ਸੀ.ਆਰ (PCR) ਅਤੇ ਥਾਣਾ ਪੁਲਿਸ ਮੌਕੇ 'ਤੇ ਪਹੁੰਚੀ। ਭਾਜਪਾ ਦਫ਼ਤਰ ਦੇ ਸਾਹਮਣੇ ਵਾਲੀ ਸੜਕ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਅਤੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਐਸ.ਐਸ.ਪੀ (SSP) ਸਮੇਤ ਸਾਰੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਕਿਉਂਕਿ ਮਾਮਲਾ ਧਮਾਕੇ ਦਾ ਸੀ ਅਤੇ ਘਟਨਾ ਚੰਡੀਗੜ੍ਹ ਸਥਿਤ ਭਾਜਪਾ ਦਫ਼ਤਰ ਵਿੱਚ ਹੋਈ ਸੀ, ਇਸ ਲਈ ਐਨ.ਆਈ.ਏ (NIA) ਅਤੇ ਹੋਰ ਕੇਂਦਰੀ ਏਜੰਸੀਆਂ ਵੀ ਜਾਂਚ ਲਈ ਪਹੁੰਚ ਗਈਆਂ।

ਪੂਰੇ ਘਟਨਾ ਸਥਾਨ ਨੂੰ ਸੀਲ ਕਰਕੇ ਇੱਕ-ਇੱਕ ਚੀਜ਼ ਦੀ ਵੀਡੀਓਗ੍ਰਾਫੀ ਕੀਤੀ ਗਈ ਅਤੇ ਮੌਕੇ ਤੋਂ ਸੈਂਪਲ ਲਏ ਗਏ। ਫੋਰੈਂਸਿਕ ਅਤੇ ਡੌਗ ਸਕੁਐਡ ਦੀਆਂ ਟੀਮਾਂ ਨੇ ਦੇਰ ਰਾਤ ਤੱਕ ਤੱਥ ਇਕੱਠੇ ਕੀਤੇ। ਇਸ ਦੇ ਨਾਲ ਹੀ ਭਾਜਪਾ ਦਫ਼ਤਰ ਦੇ ਅੰਦਰ ਵੀ ਬਾਰੀਕੀ ਨਾਲ ਜਾਂਚ ਕੀਤੀ ਗਈ।