ਚੰਡੀਗੜ੍ਹ ਤੋਂ ਅਹਿਮ ਖਬਰ ਸਾਹਮਣੇ ਆਈ ਹੈ, ਜਿੱਥੇ ਪੁਲਿਸ ਸਟੇਸ਼ਨ-39 ਵਿੱਚ ਤਾਇਨਾਤ ASI ਹਿਤੇਸ਼ ਕੁਮਾਰ ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਤੋਂ ਬਾਅਦ 40 ਹਜ਼ਾਰ ਰੁਪਏ ਨਕਦ ਸਮੇਤ ਕਾਬੂ ਕੀਤਾ ਗਿਆ ਹੈ। ਸੀਬੀਆਈ (CBI) ਨੇ ਛਾਪਾ ਮਾਰ ਕੇ ਉਸ ਨੂੰ ਥਾਣੇ ਵਿੱਚੋਂ ਹੀ ਗ੍ਰਿਫ਼ਤਾਰ ਕੀਤਾ ਹੈ। ਉਸ ਦੀ ਭਰਤੀ ਲਗਭਗ ਢਾਈ ਸਾਲ ਪਹਿਲਾਂ ਹੋਈ ਸੀ ਅਤੇ ਉਹ ਅਜੇ ਪ੍ਰੋਬੇਸ਼ਨ 'ਤੇ ਚੱਲ ਰਿਹਾ ਸੀ।
ਕਦੇ ਬੈਚ ਦਾ ਟੌਪਰ ਰਿਹਾ ਪੁਲਿਸ ਮੁਲਾਜ਼ਮ
ਆਰੋਪੀ ਨਾਲ ਭਰਤੀ ਹੋਏ ਉਸ ਦੇ ਦੋਸਤਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਹਿਤੇਸ਼ ਆਪਣੇ ਬੈਚ ਦਾ ਟੌਪਰ ਸੀ। ਸਾਲ 2023-24 ਵਿੱਚ ਚੰਡੀਗੜ੍ਹ ਵਿੱਚ ਏਐਸਆਈ (ASI) ਭਰਤੀ ਲਈ ਇੱਕ ਹਜ਼ਾਰ ਤੋਂ ਵੱਧ ਉਮੀਦਵਾਰਾਂ ਨੇ ਅਰਜ਼ੀ ਦਿੱਤੀ ਸੀ। ਇਨ੍ਹਾਂ ਵਿੱਚੋਂ ਪ੍ਰੀਖਿਆ ਤੋਂ ਬਾਅਦ ਸਿਰਫ਼ 5 ਉਮੀਦਵਾਰਾਂ ਦੀ ਚੋਣ ਹੋਈ ਸੀ ਅਤੇ ਹਿਤੇਸ਼ ਇਸ ਵਿੱਚ ਟੌਪਰ ਰਿਹਾ ਸੀ।
ਸੀਬੀਆਈ (CBI) ਵੱਲੋਂ ਰਿਸ਼ਵਤਖੋਰੀ ਦੇ ਇਸ ਮਾਮਲੇ ਵਿੱਚ ਹੁਣ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਮੁਲਜ਼ਮ ASI ਨੇ ਪੁਲਿਸ ਸਟੇਸ਼ਨ-39 ਵਿੱਚ ਜੁਆਇਨ ਕਰਨ ਤੋਂ ਬਾਅਦ ਕਿੰਨੇ ਕੇਸਾਂ ਨੂੰ ਹੈਂਡਲ ਕੀਤਾ ਸੀ। ਦੂਜੇ ਪਾਸੇ, ਚੰਡੀਗੜ੍ਹ ਦੇ ਡੀਜੀਪੀ ਡਾ. ਸਾਗਰ ਪ੍ਰੀਤ ਹੁੱਡਾ ਵੀ ਸਖ਼ਤ ਚੇਤਾਵਨੀ ਦੇ ਚੁੱਕੇ ਹਨ ਕਿ ਜੇਕਰ ਕੋਈ ਪੁਲਿਸ ਮੁਲਾਜ਼ਮ ਰਿਸ਼ਵਤ ਲੈਂਦਾ ਫੜਿਆ ਜਾਂਦਾ ਹੈ, ਤਾਂ ਉਸ ਨੂੰ ਬਰਖ਼ਾਸਤ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ, ਸਬੰਧਤ ਸੁਪਰਵਾਈਜ਼ਰੀ ਅਧਿਕਾਰੀ ਦੀ ਵੀ ਜਵਾਬਦੇਹੀ ਤੈਅ ਕੀਤੀ ਜਾਵੇਗੀ।
ਜਾਣੋ ਕੀ ਹੈ ਪੂਰਾ ਮਾਮਲਾ:-
ਸੀਬੀਆਈ (CBI) ਕੋਲ ਦਰਜ ਸ਼ਿਕਾਇਤ ਅਨੁਸਾਰ, ਅਮਰਜੀਤ ਸਿੰਘ 28 ਮਾਰਚ 2026 ਦੀ ਰਾਤ ਨੂੰ ਆਪਣੀ ਮਾਰੂਤੀ ਸੁਜ਼ੂਕੀ ਬਲੇਨੋ ਕਾਰ ਰਾਹੀਂ ਸੈਕਟਰ-40 ਤੋਂ ਘਰ ਪਰਤ ਰਹੇ ਸਨ। ਇਸੇ ਦੌਰਾਨ ਉਨ੍ਹਾਂ ਦੇ ਘਰ ਦੇ ਨੇੜੇ ਇੱਕ ਮੋਟਰਸਾਈਕਲ ਸਵਾਰ ਚਰਨਜੀਤ ਸਿੰਘ ਦੀ ਉਨ੍ਹਾਂ ਦੀ ਕਾਰ ਨਾਲ ਟੱਕਰ ਹੋ ਗਈ। ਸ਼ਿਕਾਇਤ ਮੁਤਾਬਕ, ਅਮਰਜੀਤ ਸਿੰਘ ਨੂੰ ਉਸ ਸਮੇਂ ਇਹ ਪਤਾ ਨਹੀਂ ਸੀ ਕਿ ਮੋਟਰਸਾਈਕਲ ਸਵਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ, ਜਿਸ ਕਾਰਨ ਉਹ ਮੌਕੇ ਤੋਂ ਚਲੇ ਗਏ।
ਜ਼ਖ਼ਮੀ ਨੂੰ ਫ੍ਰੈਕਚਰ ਹੋਇਆ, ਪੀ.ਜੀ.ਆਈ. ਰੈਫਰ: ਅਗਲੇ ਦਿਨ, 29 ਮਾਰਚ ਨੂੰ, ਉਨ੍ਹਾਂ ਨੂੰ ਸੈਕਟਰ-39 ਥਾਣੇ ਵਿੱਚ ਤਾਇਨਾਤ ਏ.ਐਸ.ਆਈ. ਹਿਤੇਸ਼ ਕੁਮਾਰ ਦਾ ਫੋਨ ਆਇਆ। ਏ.ਐਸ.ਆਈ. ਨੇ ਦੱਸਿਆ ਕਿ ਹਾਦਸੇ ਸਬੰਧੀ ਥਾਣਾ ਸੈਕਟਰ-39 ਵਿੱਚ ਡੀ.ਡੀ.ਆਰ. (ਡੇਲੀ ਡਾਇਰੀ ਰਜਿਸਟਰ) ਦਰਜ ਕੀਤੀ ਗਈ ਹੈ ਅਤੇ ਇਸ ਦੀ ਜਾਂਚ ਉਸ ਕੋਲ ਹੈ। ਉਸਨੇ ਇਹ ਵੀ ਦੱਸਿਆ ਕਿ ਜ਼ਖ਼ਮੀ ਵਿਅਕਤੀ ਨੂੰ ਫ੍ਰੈਕਚਰ ਹੋਇਆ ਹੈ ਅਤੇ ਉਸਨੂੰ ਸੈਕਟਰ-16 ਹਸਪਤਾਲ ਤੋਂ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ ਹੈ।
ਇਲਾਜ ਦਾ ਖਰਚ ਉਠਾਉਣ 'ਤੇ ਹੋਇਆ ਸਮਝੌਤਾ: ਇਸ ਤੋਂ ਬਾਅਦ ਅਮਰਜੀਤ ਸਿੰਘ ਪੀ.ਜੀ.ਆਈ. (PGI) ਪਹੁੰਚੇ ਅਤੇ ਜ਼ਖ਼ਮੀ ਚਰਨਜੀਤ ਸਿੰਘ ਤੇ ਉਸਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਜ਼ਖ਼ਮੀ ਦੇ ਇਲਾਜ ਦਾ ਸਾਰਾ ਖਰਚ ਉਠਾਉਣ ਦੀ ਪੇਸ਼ਕਸ਼ ਕੀਤੀ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚਕਾਰ ਆਪਸੀ ਸਹਿਮਤੀ ਨਾਲ ਸਮਝੌਤਾ ਹੋ ਗਿਆ।
ਸਮਝੌਤੇ ਤੋਂ ਬਾਅਦ ਵੀ ਕਾਰਵਾਈ ਦੀ ਧਮਕੀ: ਸ਼ਿਕਾਇਤਕਰਤਾ ਅਨੁਸਾਰ, ਇਸ ਸਭ ਦੇ ਬਾਵਜੂਦ ਏ.ਐਸ.ਆਈ. ਹਿਤੇਸ਼ ਕੁਮਾਰ ਲਗਾਤਾਰ ਉਨ੍ਹਾਂ ਨੂੰ ਫ਼ੋਨ ਕਰਕੇ ਥਾਣੇ ਬੁਲਾਉਂਦਾ ਰਿਹਾ ਅਤੇ ਕਾਰਵਾਈ ਕਰਨ ਦੀਆਂ ਧਮਕੀਆਂ ਦਿੰਦਾ ਰਿਹਾ। ਅੱਗੇ ਦੱਸਿਆ ਗਿਆ ਹੈ ਕਿ 3 ਜੂਨ ਨੂੰ ਏ.ਐਸ.ਆਈ. ਨੇ ਉਨ੍ਹਾਂ ਨੂੰ ਕਾਰ ਸਮੇਤ ਥਾਣਾ ਸੈਕਟਰ-39 ਵਿੱਚ ਬੁਲਾਇਆ। ਉੱਥੇ ਉਸਨੇ ਕਿਹਾ ਕਿ ਹਾਦਸੇ ਦੇ ਇਸ ਮਾਮਲੇ ਵਿੱਚ ਉਨ੍ਹਾਂ ਖਿਲਾਫ ਕੇਸ ਦਰਜ ਕੀਤਾ ਜਾ ਸਕਦਾ ਹੈ।
ਏ.ਐਸ.ਆਈ. ਨੇ ਕਿਹਾ- ਸ਼ਿਕਾਇਤ ਦਰਜ ਕਰਵਾਉਣੀ ਮੁਸ਼ਕਲ ਨਹੀਂ: ਉਸਨੇ ਅਮਰਜੀਤ ਸਿੰਘ ਨੂੰ ਡਰਾਇਆ ਕਿ ਗੱਡੀ ਨੂੰ ਪੁਲਿਸ ਕਬਜ਼ੇ ਵਿੱਚ ਲਿਆ ਜਾ ਸਕਦਾ ਹੈ। ਅਮਰਜੀਤ ਸਿੰਘ ਨੇ ਉਸਨੂੰ ਦੱਸਿਆ ਕਿ ਜ਼ਖ਼ਮੀ ਧਿਰ ਨਾਲ ਸਮਝੌਤਾ ਹੋ ਚੁੱਕਾ ਹੈ ਅਤੇ ਕਿਸੇ ਨੇ ਵੀ ਕੋਈ ਸ਼ਿਕਾਇਤ ਨਹੀਂ ਦਿੱਤੀ ਹੈ। ਇਸ ਦੇ ਬਾਵਜੂਦ, ਏ.ਐਸ.ਆਈ. ਨੇ ਇਹ ਕਹਿ ਕੇ ਡਰਾਇਆ ਕਿ ਸ਼ਿਕਾਇਤ ਬਣਵਾਉਣੀ ਉਸ ਲਈ ਕੋਈ ਔਖਾ ਕੰਮ ਨਹੀਂ ਹੈ ਅਤੇ ਉਹ ਕਿਸੇ ਵੀ ਸਮੇਂ ਉਨ੍ਹਾਂ ਖਿਲਾਫ ਕਾਰਵਾਈ ਕਰ ਸਕਦਾ ਹੈ।
ਕਾਰ ਕਬਜ਼ੇ ਵਿੱਚ ਲੈ ਕੇ ਪੈਸਿਆਂ ਦੀ ਮੰਗ: ਏ.ਐਸ.ਆਈ. ਨੇ ਸ਼ਿਕਾਇਤਕਰਤਾ ਦੀ ਕਾਰ ਆਪਣੇ ਕਬਜ਼ੇ ਵਿੱਚ ਲੈ ਲਈ, ਪਰ ਜ਼ਬਤੀ ਸਬੰਧੀ ਕੋਈ ਵੀ ਦਸਤਾਵੇਜ਼ ਨਹੀਂ ਦਿੱਤਾ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਏ.ਐਸ.ਆਈ. ਨੇ ਇਸ਼ਾਰਾ ਕੀਤਾ ਕਿ ਜੇਕਰ ਉਹ ਆਪਣੇ ਖਿਲਾਫ ਕੇਸ ਦਰਜ ਹੋਣ ਤੋਂ ਬਚਣਾ ਚਾਹੁੰਦਾ ਹੈ ਅਤੇ ਆਪਣੀ ਗੱਡੀ ਵਾਪਸ ਲੈਣਾ ਚਾਹੁੰਦਾ ਹੈ, ਤਾਂ ਉਸ ਨੂੰ ਪੈਸੇ ਦੇਣੇ ਪੈਣਗੇ।
ਇੰਝ ਕੀਤੀ ਗਈ ਰਿਸ਼ਵਤ ਦੀ ਮੰਗ
ਜਦੋਂ ਅਮਰਜੀਤ ਸਿੰਘ ਨੇ ਪੁੱਛਿਆ ਕਿ ਕਿੰਨੀ ਰਕਮ ਦੇਣੀ ਹੋਵੇਗੀ, ਤਾਂ ਏ.ਐਸ.ਆਈ. ਨੇ ਕੋਈ ਨਿਸ਼ਚਿਤ ਰਕਮ ਨਹੀਂ ਦੱਸੀ ਅਤੇ ਕਿਹਾ ਕਿ ਆਪਣੀ ਸਮਰੱਥਾ ਅਤੇ ਬਜਟ ਅਨੁਸਾਰ ਪੈਸੇ ਦੇ ਦਿਓ। ਸ਼ਿਕਾਇਤਕਰਤਾ ਅਨੁਸਾਰ ਏ.ਐਸ.ਆਈ. ਦੀ ਗੱਲਬਾਤ ਅਤੇ ਵਿਵਹਾਰ ਤੋਂ ਸਾਫ਼ ਸੀ ਕਿ ਉਹ ਨਾਜਾਇਜ਼ ਰਿਸ਼ਵਤ ਦੀ ਮੰਗ ਕਰ ਰਿਹਾ ਸੀ।
ਸਬੂਤਾਂ ਸਮੇਤ ਸੀ.ਬੀ.ਆਈ. ਨੂੰ ਸ਼ਿਕਾਇਤ: ਇਸ ਤੋਂ ਬਾਅਦ 4 ਜੂਨ ਨੂੰ ਅਮਰਜੀਤ ਸਿੰਘ ਨੇ ਸੀ.ਬੀ.ਆਈ. (CBI) ਨਾਲ ਸੰਪਰਕ ਕੀਤਾ ਅਤੇ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਨੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਰਿਸ਼ਵਤ ਨਹੀਂ ਦੇਣਾ ਚਾਹੁੰਦੇ ਅਤੇ ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਚਾਹੁੰਦੇ ਹਨ। ਸੀ.ਬੀ.ਆਈ. ਨੇ ਸ਼ਿਕਾਇਤ ਮਿਲਣ ਤੋਂ ਬਾਅਦ ਜਾਂਚ ਕੀਤੀ ਅਤੇ ਸ਼ਿਕਾਇਤਕਰਤਾ ਤੇ ਏ.ਐਸ.ਆਈ. (ASI) ਵਿਚਕਾਰ ਹੋਈ ਗੱਲਬਾਤ ਰਿਕਾਰਡ ਕੀਤੀ।
ਜਾਂਚ ਵਿੱਚ ਸਾਹਮਣੇ ਆਇਆ ਕਿ ਏ.ਐਸ.ਆਈ. ਹਿਤੇਸ਼ ਕੁਮਾਰ ਨੇ ਗੱਡੀ ਛੱਡਣ ਅਤੇ ਹਾਦਸੇ ਦੇ ਮਾਮਲੇ ਵਿੱਚ ਕੋਈ ਕਾਰਵਾਈ ਨਾ ਕਰਨ ਦੇ ਬਦਲੇ 50 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਸੀ। ਇਸ ਤੋਂ ਬਾਅਦ ਸੀ.ਬੀ.ਆਈ. ਨੇ ਜਾਲ ਵਿਛਾਇਆ ਅਤੇ ਏ.ਐਸ.ਆਈ. ਨੂੰ 40 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਸੈਕਟਰ-39 ਥਾਣੇ ਦੇ ਅੰਦਰੋਂ ਹੀ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।