ਪੰਜਾਬ ਯੂਥ ਕਾਂਗਰਸ ‘ਚ ਵੱਡੀ ਹਲਚਲ! ਇਨ੍ਹਾਂ ਆਗੂਆਂ ਨੂੰ ਮਿਲੀ ਪ੍ਰਧਾਨ ਅਤੇ ਸੀਨੀਅਰ ਉਪ ਪ੍ਰਧਾਨ ਦੀ ਅਹਿਮ ਜ਼ਿੰਮੇਵਾਰੀ, ਨੋਟੀਫਿਕੇਸ਼ਨ ਜਾਰੀ…
ਇੰਡੀਅਨ ਯੂਥ ਕਾਂਗਰਸ ਨੇ ਪੰਜਾਬ ਵਿੱਚ ਆਪਣੀ ਨਵੀਂ ਸੰਗਠਨਾਤਮਕ ਟੀਮ ਦਾ ਐਲਾਨ ਕਰ ਦਿੱਤਾ ਹੈ। ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਉਦੈ ਭਾਨੂ ਚਿੱਬ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਸ਼ੁਭਮ ਦੇਵਗਨ ਨੂੰ ਪੰਜਾਬ ਪ੍ਰਦੇਸ਼ ਯੂਥ ਕਾਂਗਰਸ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਹ ਮੋਹਿਤ ਮਹਿੰਦਰਾ ਦੀ ਜਗ੍ਹਾ ਲੈਣਗੇ।
ਇਸ ਨਿਯੁਕਤੀ ਨਾਲ ਹੋਰ ਮਹੱਤਵਪੂਰਨ ਅਹੁਦਿਆਂ 'ਤੇ ਵੀ ਨਵੇਂ ਚਿਹਰੇ ਸਾਹਮਣੇ ਆਏ ਹਨ। ਗਗਨਦੀਪ ਸਿੰਘ ਨੂੰ ਸੀਨੀਅਰ ਉੱਪ ਪ੍ਰਧਾਨ ਅਤੇ ਕਰਨਵੀਰ ਸਿੰਘ ਢਿੱਲੋਂ ਨੂੰ ਉੱਪ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਚੋਣਾਂ ਵਿੱਚ ਮਿਲਿਆ ਭਰਵਾਂ ਹੁੰਗਾਰਾ
ਜ਼ਿਕਰਯੋਗ ਹੈ ਕਿ ਇਹ ਨਿਯੁਕਤੀਆਂ ਹਾਲ ਹੀ ਵਿੱਚ ਹੋਈਆਂ ਸੰਗਠਨਾਤਮਕ ਚੋਣਾਂ ਦੇ ਨਤੀਜਿਆਂ ਦੇ ਆਧਾਰ 'ਤੇ ਕੀਤੀਆਂ ਗਈਆਂ ਹਨ। ਚੋਣਾਂ ਵਿੱਚ ਸ਼ੁਭਮ ਦੇਵਗਨ ਨੇ 1,60,154 ਵੋਟਾਂ ਪ੍ਰਾਪਤ ਕਰਕੇ ਜਿੱਤ ਦਰਜ ਕੀਤੀ ਸੀ। ਉਨ੍ਹਾਂ ਦੇ ਨੇੜਲੇ ਵਿਰੋਧੀ ਗਗਨਦੀਪ ਸਿੰਘ ਨੂੰ 1,56,271 ਵੋਟਾਂ ਅਤੇ ਕਰਨਵੀਰ ਸਿੰਘ ਢਿੱਲੋਂ ਨੂੰ 94,181 ਵੋਟਾਂ ਮਿਲੀਆਂ ਸਨ। ਚੋਣਾਂ ਤੋਂ ਬਾਅਦ ਪਾਰਟੀ ਹਾਈਕਮਾਂਡ ਦੀ ਰਸਮੀ ਪ੍ਰਵਾਨਗੀ ਤੋਂ ਬਾਅਦ ਸ਼ੁਭਮ ਦੇਵਗਨ ਨੂੰ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਉਹ ਅਗਸਤ 2023 ਵਿੱਚ ਪ੍ਰਧਾਨ ਬਣੇ ਮੋਹਿਤ ਮਹਿੰਦਰਾ ਦੀ ਜਗ੍ਹਾ ਲੈਣਗੇ।
ਵੱਖ-ਵੱਖ ਸ਼੍ਰੇਣੀਆਂ ਵਿੱਚ ਜੇਤੂ ਉਮੀਦਵਾਰ:
ਪਾਰਟੀ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ ਵੱਖ-ਵੱਖ ਸ਼੍ਰੇਣੀਆਂ ਦੇ ਜੇਤੂਆਂ ਨੂੰ ਵੀ ਅਹੁਦੇ ਦਿੱਤੇ ਗਏ ਹਨ:
ਸੂਬਾ ਜਨਰਲ ਸਕੱਤਰ (EC): ਗੁਰਜੋਤ ਸਿੰਘ
ਸੂਬਾ ਸਕੱਤਰ (EC): ਰਵਿੰਦਰ ਸਿੰਘ
ਉਪ-ਪ੍ਰਧਾਨ (OBC): ਪਰਮਵੀਰ ਸਿੰਘ ਢੱਡੇਕਟਵਾਲ
ਉਪ-ਪ੍ਰਧਾਨ (SC/ST): ਨਵਤੇਜ ਸਿੰਘ ਅਮਰਕੋਟ
ਉਪ-ਪ੍ਰਧਾਨ (ਘੱਟ ਗਿਣਤੀ): ਅਰਸ਼ਦ ਖਾਨ ਰਾਣਾ
ਉਪ-ਪ੍ਰਧਾਨ (ਓਪਨ ਮਹਿਲਾ): ਸ਼ਿਵਾਨੀ ਸ਼ਰਮਾ
ਉਪ-ਪ੍ਰਧਾਨ (ਦਿਵਯਾਂਗ): ਰੁਪਿੰਦਰ ਸਿੰਘ ਭੁੱਲਰ
ਉਪ-ਪ੍ਰਧਾਨ (ਓਬੀਸੀ ਮਹਿਲਾ): ਮਨਪ੍ਰੀਤ ਕੌਰ
ਨਵੀਂ ਟੀਮ ਦੇ ਗਠਨ ਨਾਲ ਪੰਜਾਬ ਯੂਥ ਕਾਂਗਰਸ ਵਿੱਚ ਨਵੀਂ ਰੂਹ ਫੂਕਣ ਦੀ ਉਮੀਦ ਜਤਾਈ ਜਾ ਰਹੀ ਹੈ। ਪਾਰਟੀ ਵਰਕਰਾਂ ਵੱਲੋਂ ਨਵੇਂ ਅਹੁਦੇਦਾਰਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।