ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ 9 ਟਿਕਾਣਿਆਂ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਛਾਪੇਮਾਰੀ ਕੀਤੀ ਹੈ। ਅੱਜ ਸਵੇਰੇ ਸਾਢੇ 7 ਵਜੇ ED ਦੀਆਂ ਟੀਮਾਂ ਜਲੰਧਰ ਸਥਿਤ ਉਨ੍ਹਾਂ ਦੇ ਘਰ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਅਤੇ ਹੋਰ ਕਈ ਟਿਕਾਣਿਆਂ 'ਤੇ ਪਹੁੰਚ ਗਈਆਂ। ਇਸ ਵੇਲੇ ਜਾਂਚ ਜਾਰੀ ਹੈ ਅਤੇ ਸੁਰੱਖਿਆ ਲਈ ਘਰ ਦੇ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਅਸ਼ੋਕ ਮਿੱਤਲ ਇਸ ਸਮੇਂ ਆਪਣੇ ਜਲੰਧਰ ਵਾਲੇ ਘਰ ਵਿੱਚ ਹੀ ਮੌਜੂਦ ਹਨ।
ED ਸੂਤਰਾਂ ਅਨੁਸਾਰ, ਇਹ ਕਾਰਵਾਈ ਮਨੀ ਲਾਂਡਰਿੰਗ ਨਾਲ ਜੁੜੇ ਇੱਕ ਮਾਮਲੇ ਵਿੱਚ ਕੀਤੀ ਜਾ ਰਹੀ ਹੈ, ਜਿਸ ਦੀਆਂ ਤਾਰਾਂ ਅਸ਼ੋਕ ਮਿੱਤਲ ਅਤੇ ਉਨ੍ਹਾਂ ਦੇ ਬੇਟੇ ਨਾਲ ਜੋੜੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਕਰੀਬ 12 ਦਿਨ ਪਹਿਲਾਂ ਹੀ 'ਆਪ' ਨੇ ਰਾਘਵ ਚੱਢਾ ਦੀ ਥਾਂ ਅਸ਼ੋਕ ਮਿੱਤਲ ਨੂੰ ਰਾਜ ਸਭਾ ਵਿੱਚ ਪਾਰਟੀ ਦਾ ਡਿਪਟੀ ਲੀਡਰ ਨਿਯੁਕਤ ਕੀਤਾ ਸੀ। ਮਿੱਤਲ LPU ਦੇ ਸੰਸਥਾਪਕ ਅਤੇ ਚਾਂਸਲਰ ਹਨ ਅਤੇ ਸਾਲ 2022 ਵਿੱਚ ਰਾਜ ਸਭਾ ਮੈਂਬਰ ਚੁਣੇ ਗਏ ਸਨ।
ਦਿੱਲੀ ਦੀ ਟੀਮ ਵੱਲੋਂ ਜਲੰਧਰ ਵਿੱਚ ਛਾਪੇਮਾਰੀ
ਜਾਣਕਾਰੀ ਅਨੁਸਾਰ, ED ਦੀ ਦਿੱਲੀ ਟੀਮ ਨੇ ਜਲੰਧਰ ਅਤੇ ਫਗਵਾੜਾ ਵਿੱਚ 'ਲਵਲੀ ਗਰੁੱਪ' ਦੇ ਕਈ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ। ਇਹ ਕਾਰਵਾਈ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU), ਲਵਲੀ ਆਟੋਜ਼, ਲਵਲੀ ਸਵੀਟਸ ਅਤੇ ਲਵਲੀ ਡਿਸਟੈਂਸ ਐਜੂਕੇਸ਼ਨ ਸੈਂਟਰ ਸਮੇਤ ਕਈ ਅਹਿਮ ਸੰਸਥਾਵਾਂ 'ਤੇ ਚੱਲ ਰਹੀ ਹੈ।
ਇਸ ਤੋਂ ਇਲਾਵਾ, ਅਸ਼ੋਕ ਮਿੱਤਲ ਦੇ ਪਰਿਵਾਰ ਨਾਲ ਜੁੜੇ ਰਿਹਾਇਸ਼ੀ ਅਤੇ ਵਪਾਰਕ ਕੰਪਲੈਕਸਾਂ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਜਾਂਚ ਦੇ ਘੇਰੇ ਵਿੱਚ ਉਨ੍ਹਾਂ ਦੇ ਭਰਾਵਾਂ, ਰਮੇਸ਼ ਮਿੱਤਲ ਅਤੇ ਨਰੇਸ਼ ਮਿੱਤਲ ਦੇ ਟਿਕਾਣੇ ਵੀ ਸ਼ਾਮਲ ਹਨ, ਜਿੱਥੇ ED ਦੀਆਂ ਟੀਮਾਂ ਦਸਤਾਵੇਜ਼ਾਂ ਦੀ ਪੜਤਾਲ ਕਰ ਰਹੀਆਂ ਹਨ।
ਇਸ ਰੇਡ ਨੂੰ ਲੈ ਕੇ ਆਪ ਵੱਲੋਂ ਰੋਸ ਪ੍ਰਗਟ ਕੀਤਾ ਗਿਆ ਹੈ। ਪੰਜਾਬ ਸੀਐਮ ਮਾਨ ਅਤੇ ਆਮ ਆਦਮੀ ਪਾਰਟੀ (AAP) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਜਪਾ ਸਰਕਾਰ ਨੂੰ ਲੰਬੇ ਹੱਥੀਂ ਲਿਆ ਹੈ।
ਮੁੱਖ ਮੰਤਰੀ ਨੇ ਲਿਖਿਆ- 'ਟਿਪੀਕਲ ਮੋਦੀ ਸਟਾਈਲ'
ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ (X) 'ਤੇ ਲਿਖਿਆ— "ਭਾਜਪਾ ਵੱਲੋਂ ਪੰਜਾਬ ਚੋਣਾਂ ਦੀ ਤਿਆਰੀ ਸ਼ੁਰੂ... ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਘਰ ਅਤੇ ਯੂਨੀਵਰਸਿਟੀ ਵਿੱਚ ED ਦੀ ਰੇਡ.. Typical ਮੋਦੀ ਸਟਾਈਲ..। ਅਸੀਂ ਉਹ ਪੱਤੇ ਨਹੀਂ, ਜੋ ਟਾਹਣੀ ਨਾਲੋਂ ਟੁੱਟ ਕੇ ਡਿੱਗ ਜਾਣਗੇ। ਹਨੇਰੀਆਂ ਨੂੰ ਕਹਿ ਦਿਓ ਆਪਣੀ ਔਕਾਤ ਵਿੱਚ ਰਹਿਣ।"
भाजपा द्वारा पंजाब चुनाव की तैयारी शुरू… आम आदमी पार्टी के राज्य सभा सांसद अशोक मित्तल के घर और यूनिवर्सिटी में ED की रेड..typical मोदी स्टाइल..हम भो पत्ते नहीं जो शाख से टूट कर गिर जाएँगे आंधियो को कह दो अपनी औक़ात में रहें
— Bhagwant Mann (@BhagwantMann) April 15, 2026
ਕੇਜਰੀਵਾਲ ਨੇ ਕਿਹਾ- ਭਾਜਪਾ ਨੂੰ ਇਸ ਦਾ ਕਰਾਰਾ ਜਵਾਬ ਦਿਆਂਗੇ
ਅਰਵਿੰਦ ਕੇਜਰੀਵਾਲ ਨੇ ਸੀਐਮ ਮਾਨ ਦੀ ਪੋਸਟ ਨੂੰ ਰੀਪੋਸਟ ਕਰਦੇ ਹੋਏ ਕਿਹਾ- "ਮੋਦੀ ਜੀ ਨੇ ਪੰਜਾਬ ਵਿੱਚ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਪਰ ਪੰਜਾਬ ਦੇ ਲੋਕ ਇਹ ਬਰਦਾਸ਼ਤ ਨਹੀਂ ਕਰਨਗੇ। ਭਾਜਪਾ ਨੂੰ ਇਸ ਦਾ ਕਰਾਰਾ ਜਵਾਬ ਦਿਆਂਗੇ।"
मोदी जी ने पंजाब में चुनावों की तैयारी शुरू कर दी। लेकिन पंजाब के लोग ये बर्दाश्त नहीं करेंगे। बीजेपी को इसका करारा जवाब देंगे। https://t.co/0yorKVftpM
— Arvind Kejriwal (@ArvindKejriwal) April 15, 2026