Friday, 9th of October 2026

Amritsar: ਅੰਮ੍ਰਿਤਸਰ ਪੁਲਿਸ ਦੀ ਵੱਡੀ ਸਫਲਤਾ, ਚੋਰੀ ਹੋਏ 300 ਮੋਬਾਈਲ ਕੀਤੇ ਬਰਾਮਦ, ਅਸਲੀ ਮਾਲਕਾਂ ਨੂੰ ਵਾਪਸ ਮੋੜੇ, ਲੋਕਾਂ ਦੇ ਚਿਹਰਿਆਂ 'ਤੇ ਆਈ ਖੁਸ਼ੀ

Edited By: Lajwinder Kaur | Updated at:
Amritsar: ਅੰਮ੍ਰਿਤਸਰ ਪੁਲਿਸ ਦੀ ਵੱਡੀ ਸਫਲਤਾ, ਚੋਰੀ ਹੋਏ 300 ਮੋਬਾਈਲ ਕੀਤੇ ਬਰਾਮਦ, ਅਸਲੀ ਮਾਲਕਾਂ ਨੂੰ ਵਾਪਸ ਮੋੜੇ, ਲੋਕਾਂ ਦੇ ਚਿਹਰਿਆਂ 'ਤੇ ਆਈ ਖੁਸ਼ੀ

Amritsar: ਅੰਮ੍ਰਿਤਸਰ ਪੁਲਿਸ ਦੀ ਵੱਡੀ ਸਫਲਤਾ, ਚੋਰੀ ਹੋਏ 300 ਮੋਬਾਈਲ ਕੀਤੇ ਬਰਾਮਦ, ਅਸਲੀ ਮਾਲਕਾਂ ਨੂੰ ਵਾਪਸ ਮੋੜੇ, ਲੋਕਾਂ ਦੇ ਚਿਹਰਿਆਂ 'ਤੇ ਆਈ ਖੁਸ਼ੀ

Amritsar News: ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਚੋਰੀ ਹੋਏ ਅਤੇ ਗੁੰਮ ਹੋਏ ਕਰੀਬ 300 ਮੋਬਾਈਲ ਫ਼ੋਨ ਉਨ੍ਹਾਂ ਦੇ ਅਸਲੀ ਮਾਲਕਾਂ ਨੂੰ ਵਾਪਸ ਸੌਂਪੇ ਹਨ। ਇਸ ਮੌਕੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿੱਥੇ ਮੋਬਾਈਲ ਪ੍ਰਾਪਤ ਕਰਨ ਵਾਲੇ ਲੋਕਾਂ ਦੇ ਚਿਹਰਿਆਂ 'ਤੇ ਖ਼ੁਸ਼ੀ ਸਾਫ਼ ਦਿਖਾਈ ਦਿੱਤੀ ਅਤੇ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ।

ਇਸ ਪ੍ਰੋਗਰਾਮ ਦੀ ਅਗਵਾਈ ਅੰਮ੍ਰਿਤਸਰ ਦਿਹਾਤੀ ਦੇ ਐਸ.ਐਸ.ਪੀ. (SSP) ਸੁਹੇਲ ਮੀਰ ਖ਼ਾਨ ਨੇ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਦੂਜੀ ਵਾਰ ਹੈ ਜਦੋਂ ਇਸ ਤਰ੍ਹਾਂ ਦਾ ਮੋਬਾਈਲ ਵੰਡ ਸਮਾਗਮ ਉਲੀਕਿਆ ਗਿਆ ਹੈ।

ਜਨਵਰੀ ਤੋਂ ਬਾਅਦ ਮਾਰਚ 'ਚ ਫਿਰ ਕਰੀਬ 300 ਫ਼ੋਨ ਮੋੜੇ ਗਏ

ਇਸ ਤੋਂ ਪਹਿਲਾਂ ਜਨਵਰੀ ਮਹੀਨੇ ਵਿੱਚ ਵੀ ਕਰੀਬ 300 ਮੋਬਾਈਲ ਫ਼ੋਨ ਉਨ੍ਹਾਂ ਦੇ ਮਾਲਕਾਂ ਨੂੰ ਵਾਪਸ ਕੀਤੇ ਗਏ ਸਨ। ਹੁਣ ਮਾਰਚ ਮਹੀਨੇ ਵਿੱਚ ਫਿਰ ਤੋਂ ਲਗਭਗ 300 ਮੋਬਾਈਲ ਫ਼ੋਨ ਬਰਾਮਦ ਕਰਕੇ ਲੋਕਾਂ ਨੂੰ ਸੌਂਪੇ ਗਏ ਹਨ। ਇਹਨਾਂ ਸਾਰੇ ਮੋਬਾਈਲ ਫ਼ੋਨਾਂ ਦੀ ਕੁੱਲ ਬਾਜ਼ਾਰੀ ਕੀਮਤ ਲਗਭਗ ਡੇਢ ਕਰੋੜ ਰੁਪਏ ਦੱਸੀ ਜਾ ਰਹੀ ਹੈ।

ਪੁਲਿਸ ਦੀ ਸਖ਼ਤ ਮਿਹਨਤ ਸਦਕਾ ਮਾਲਕਾਂ ਨੂੰ ਮਿਲੇ ਫ਼ੋਨ

ਐਸ.ਐਸ.ਪੀ. ਸੁਹੇਲ ਮੀਰ ਖ਼ਾਨ ਨੇ ਦੱਸਿਆ ਕਿ ਇਹਨਾਂ ਮੋਬਾਈਲ ਫ਼ੋਨਾਂ ਨੂੰ ਪੁਲਿਸ ਦੀ ਸਾਈਬਰ ਸੈੱਲ, ਸੀ.ਆਰ. ਹੈਲਪ ਡੈਸਕ ਅਤੇ ਵੱਖ-ਵੱਖ ਥਾਣਾ ਟੀਮਾਂ ਦੀ ਮਦਦ ਨਾਲ ਤਕਨੀਕੀ ਤਰੀਕਿਆਂ ਰਾਹੀਂ ਟ੍ਰੇਸ ਕਰਕੇ ਬਰਾਮਦ ਕੀਤਾ ਗਿਆ ਹੈ। ਕਈ ਵਾਰ ਗੁੰਮ ਹੋਏ ਮੋਬਾਈਲ ਦੂਜੇ ਜ਼ਿਲ੍ਹਿਆਂ ਜਾਂ ਰਾਜਾਂ ਤੱਕ ਪਹੁੰਚ ਜਾਂਦੇ ਹਨ, ਜਿਸ ਕਾਰਨ ਉਹਨਾਂ ਨੂੰ ਲੱਭਣਾ ਕਾਫ਼ੀ ਮੁਸ਼ਕਲ ਹੋ ਜਾਂਦਾ ਹੈ, ਪਰ ਪੁਲਿਸ ਦੀ ਮਿਹਨਤੀ ਅਤੇ ਸਮਰਪਿਤ ਟੀਮ ਨੇ ਲਗਾਤਾਰ ਕੋਸ਼ਿਸ਼ਾਂ ਕਰਕੇ ਇਹ ਸੰਭਵ ਕਰ ਦਿਖਾਇਆ।

ਉਨ੍ਹਾਂ ਕਿਹਾ ਕਿ ਅਕਸਰ ਲੋਕਾਂ ਨੂੰ ਲੱਗਦਾ ਹੈ ਕਿ ਮੋਬਾਈਲ ਗੁੰਮ ਹੋਣ ਤੋਂ ਬਾਅਦ ਉਸ ਨੂੰ ਵਾਪਸ ਪਾਉਣਾ ਔਖਾ ਹੈ, ਪਰ ਅੱਜ ਦਾ ਇਹ ਸਮਾਗਮ ਇਸ ਗੱਲ ਦਾ ਸਬੂਤ ਹੈ ਕਿ ਜੇਕਰ ਸਹੀ ਤਰੀਕੇ ਨਾਲ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਾਵੇ ਤਾਂ ਮੋਬਾਈਲ ਫ਼ੋਨ ਵਾਪਸ ਮਿਲ ਸਕਦਾ ਹੈ।

ਲੋਕਾਂ ਨੂੰ ਪੁਲਿਸ ਦੀ ਅਪੀਲ

ਅੰਤ ਵਿੱਚ ਐਸ.ਐਸ.ਪੀ. ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਦਾ ਮੋਬਾਈਲ ਗੁੰਮ ਜਾਂ ਚੋਰੀ ਹੋ ਜਾਵੇ, ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕਰਨ, ਤਾਂ ਜੋ ਪੁਲਿਸ ਸਮਾਂ ਰਹਿੰਦੇ ਕਾਰਵਾਈ ਕਰ ਸਕੇ ਅਤੇ ਮੋਬਾਈਲ ਨੂੰ ਵਾਪਸ ਦਿਵਾਇਆ ਜਾ ਸਕੇ।